ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਸ੍ਰ: ਬਹਾਦਰ ਸਿੰਘ ਰਾਹੋਂ, ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰੇ ਸ੍ਰ: ਗੁਰਨਾਮ ਸਿੰਘ ਸਿੱਧੂ, ਜਰਨਲ ਸਕੱਤਰ ਸ੍ਰ: ਜਤਿੰਦਰ ਸਿੰਘ ਈਸੜੂ ਤੇ ਬੁਲਾਰੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਇਕ ਸਾਂਝੇ ਬਿਆਨ ਵਿਚ ਦੱਸਿਆ ਕਿ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਜਿਸ ਨੂੰ ਹਾਈ ਕੋਰਟ ਨੇ ਜਮਾਨਤ ਤੇ ਰਿਹਾਅ ਕਰ ਦਿਤਾ ਸੀ, ਪਰ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਮੁੜ ਭਾਈ ਮੋਹਕਮ ਸਿੰਘ ਤੇ ਝੂਠਾ ਕੇਸ ਪਾ ਕੇ ਜੇਲ੍ਹ ਵਿਚ ਦੁਬਾਰਾ ਨਜ਼ਰਬੰਦ ਕਰ ਦਿਤਾ ਹੈ।

ਉਹਨਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲਾਇਆ ਹੈ ਕਿ ਉਹ ਪੰਜਾਬ ਦਾ ਸੂਬਾ ਸਰਹੰਦ (ਵਜ਼ੀਰ ਖਾਂ) ਬਣ ਕੇ ਪੰਥ ਦੀਆਂ ਧਾਰਮਿਕ ਤੇ ਰਾਜਨੀਤਕ ਸਸਖਸ਼ੀਅਤਾਂ ਉਤੇ ਜਬਰ ਜੁਲਮ ਢਾਅ ਰਿਹਾ ਹੈ। ਜਿਸ ਨੂੰ ਇਤਿਹਾਸ ਤੇ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ।
ਉਹਨਾਂ ਕਿਹਾ ਭਾਈ ਮੋਹਕਮ ਸਿੰਘ ਅੱਜ ਸਿੱਖ ਕੌਮ ਦੇ ਦਿਲਾਂ ਦੀ ਧੜਕਣ, ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਤੇ ਪੰਜਾਬ ਦੀ ਅਮਨ ਸ਼ਾਂਤੀ ਦਾ ਮਸੀਹਾ ਬਣ ਚੁੱਕਾ ਹੈ ਉਸ ਨੂੰ ਹੁਣ ਦੁਨੀਆਂ ਦੀ ਕੋਈ ਤਾਕਤ ਲੰਮਾ ਸਮਾਂ ਜੇਲ੍ਹ ਦੀ ਚਾਰ ਦਿਵਾਰੀ ਅੰਦਰ ਨਜ਼ਰਬੰਦ ਕਰਕੇ ਨਹੀਂ ਰੱਖ ਸਕਦੀ। ਉਹਨਾਂ ਕਿਹਾ ਜੇਕਰ ਸੁਖਬੀਰ ਸਿੰਘ ਬਾਦਲ ਇਹ ਸੋਚਦਾ ਹੈ ਕਿ ਭਾਈ ਮੋਹਕਮ ਸਿੰਘ ਤੇ ਉਸ ਦੇ ਸਾਥੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਸਰਬੱਤ ਖਾਲਸੇ ਦੀ ਬਗਾਵਤ ਨੂੰ ਦਬਾਅ ਲਵੇਗਾ ਤਾਂ ਉਹ ਸੂਬਾ ਸਰਹੰਦ ਵਾਂਗ ਬਹੁਤ ਵੱਡੇ ਭੁਲੇਖੇ ਵਿਚ ਹੈ।
ਉਹਨਾਂ ਕਿਹਾ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਸੂਬਾ ਸਰਹੰਦ ਦਾ ਹੰਕਾਰ ਤੋੜਿਆ ਸੀ ਤੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਦੀਆਂ ਸ਼ਹਾਦਤਾਂ ਦਾ ਬਦਲਾ ਲਿਆ ਸੀ ਇਸੇ ਤਰ੍ਹਾਂ ਹੀ 2017 ਦੀਆਂ ਵਿਧਾਨ ਸਭਾ ਚੌਣਾ ਵਿਚ ਪੰਜਾਬ ਦੇ ਅਣਖੀਲੇ ਲੋਕ ਸ੍ਰ: ਸੁਖਬੀਰ ਸਿੰਘ ਵਿਰੁੱਧ ਲੋਕ ਫਤਵਾ ਦੇ ਕੇ ਉਸਦਾ ਹੰਕਾਰ ਵੀ ਮਿੱਟੀ ਵਿਚ ਮਿਲਾ ਦੇਣਗੇ ਤੇ ਉਸ ਦੇ ਕੀਤੇ ਜਬਰ ਜ਼ੁਲਮ ਦਾ ਪਾਈ ਪਾਈ ਦਾ ਹਿਸਾਬ ਲੈਣਗੇ।
ਉਹਨਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ੍ਅਦਬੀ ਕਰਨ ਵਾਲੇ, ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰ, ਨਸਿ਼ਆਂ ਦੇ ਵੱਡੇ ਵੱਡੇ ਸੌਦਾਗਰ, ਰੇਤ ਬਜਰੀ ਮਾਫੀਆ, ਪੰਜਾਬ ਦੇ ਰਹੱਸਮਈ ਕਤਲਾਂ ਦੇ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਦੀ ਬੁਕੱਲ ਵਿਚ ਲੁਕੇ ਹੋਏ ਹਨ, ਜਿੰਨੀ ਦੇਰ ਪੰਥ ਤੇ ਪੰਜਾਬ ਵਾਸੀ ਇਹਨਾਂ ਲੋਕਾਂ ਨੂੰ ਕਾਨੂੰਨ ਦੇ ਹਵਾਲੇ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਨਹੀਂ ਦਵਾ ਦਿੰਦੇ ਉਨ੍ਹੀ ਦੇਰ ਪੰਜਾਬੀਆਂ ਤੇ ਪੰਥ ਦੇ ਹਿਰਦੇ ਸ਼ਾਂਤ ਨਹੀਂ ਹੋਣਗੇ। ਉਹਨਾਂ ਕਿਹਾ ਅੱਜ ਪੰਜਾਬ ਵਿਚ ਅਣ੍ਐਲਾਨੀ ਐਮਰਜੰਸੀ ਲੱਗੀ ਹੋਈ ਹੈ।