ਬਠਿੰਡਾ (18 ਦਸੰਬਰ, 2014): ਯੂਨਾਈਟਿਡ ਅਕਾਲੀ ਦਲ ਨੇ ਅੱਜ ਦਾਦੂਵਾਲ ਸਮੇਤ ਹੋਰਨਾਂ ਕਈ ਮਸਲਿਆਂ ਸਬੰਧੀ ਪਿੰਡ ਬਾਦਲ ਵਿੱਚ ਪ੍ਰਦਰਸ਼ਨ ਕਰਨਾ ਸੀ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਯੂਨਾਈਟਿਡ ਅਕਾਲੀ ਦਲ ਨੂੰ ਮੀਟਿੰਗ ਲਈ ਸੱਦਾ ਭੇਜ ਦਿੱਤਾ।

ਉਪ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਵਿੱਚ ਵਫ਼ਦ ਨਾਲ ਮੀਟਿੰਗ ਕਰਕੇ ਦਾਦੂਵਾਲ ਖ਼ਿਲਾਫ਼ ਦਰਜ ਕੇਸਾਂ ਦੀ ਪੜਤਾਲ ਲਈ ਆਈ.ਜੀ. ਬਠਿੰਡਾ ਨੂੰ ਹੁਕਮ ਜਾਰੀ ਕਰ ਦਿੱਤੇ। ਨਾਲ ਹੀ ਭਰੋਸਾ ਦਿਵਾਇਆ ਕਿ ਪਿੰਡ ਕੋਟਸ਼ਮੀਰ ਵਿਚਲੇ ਗੁਰਦੁਆਰਾ ਜੰਡਾਲੀਸਰ ਵਿੱਚੋਂ ਪੁਲੀਸ ਹਟਾ ਕੇ ਮੁੜ ਸੰਤ ਦਾਦੂਵਾਲ ਹਵਾਲੇ ਕੀਤਾ ਜਾਵੇਗਾ। ਵਫ਼ਦ ਵੱਲੋਂ ਉਪ ਮੁੱਖ ਮੰਤਰੀ ਕੋਲ ਪੰਜ ਮਸਲੇ ਰੱਖੇ ਗਏ, ਜਿਨ੍ਹਾਂ ਦੇ ਹੱਲ ਲਈ ਬਾਦਲ ਨੇ ਮੌਕੇ ‘ਤੇ ਹੀ ਹਦਾਇਤਾਂ ਦੇ ਦਿੱਤੀਆਂ।
ਯੂਨਾਈਟਿਡ ਅਕਾਲੀ ਦਲ ਦੇ 17 ਮੈਂਬਰੀ ਵਫ਼ਦ ਨੇ ਕਨਵੀਨਰ ਭਾਈ ਮੋਹਕਮ ਸਿੰਘ ਦੀ ਅਗਵਾਈ ਵਿਚ ਅੱਜ ਸਵੇਰੇ ਪਿੰਡ ਬਾਦਲ ਵਿਖੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀਆਂ ਮੰਗਾਂ ਦੇ ਆਧਾਰਿਤ ਯਾਦ ਪੱਤਰ ਦਿੱਤਾ, ਜਿਸ ਵਿਚ ਦਰਜ ਕੁਝ ਅਹਿਮ ਮੰਗਾਂ ‘ਤੇ ਸਹਿਮਤੀ ਹੋਣ ਦੇ ਬਾਅਦ ਯੂਨਾਈਟਿਡ ਅਕਾਲੀ ਦਲ ਨੇ ਬਠਿੰਡਾ ਤੋਂ ਗੁਰਦੁਆਰਾ ਜੰਡਾਲੀਸਰ ਕੋਟਸ਼ਮੀਰ ਤੱਕ ਅੱਜ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ।
ਮੰਗ ਪੱਤਰ ਵਿਚ ਸਿੱਖ ਸੰਘਰਸ਼ ਨਾਲ ਸਬੰਧਿਤ 104 ਸਿੱਖ ਕੈਦੀਆਂ ਨੂੰ ਜੇਲ੍ਹਾਂ ‘ਚੋਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਸ਼ਿਕਾਇਤ ‘ਤੇ ਕਿਸੇ ਵਿਰੁੱਧ ਵੀ ਧਾਰਾ 295-ਏ ਅਧੀਨ ਕੇਸ ਦਰਜ ਨਾ ਕਰਨ ਤੀ ਮੰਗ ਕੀਤੀ ਗਈ । ਮੀਟਿੰਗ ‘ਚ ਲੋਕ ਸਭਾ ਚੋਣਾਂ ਦੇ ਦੌਰਾਨ ਰਾਮਪੁਰਾ ਫੂਲ ਵਿਖੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਆਪਣੀ ਵਿਰੋਧੀ ਰਾਜਸੀ ਧਿਰ ਦੇ ਵਰਕਰਾਂ ‘ਤੇ ਕੀਤੇ ਹਮਲੇ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਉਪਰੰਤ ਪਾਰਟੀ ਦੇ ਸਕੱਤਰ ਜਰਨਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਉੱਪ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਭਾਈ ਵੱਸਣ ਸਿੰਘ ਜੱਫ਼ਰਵਾਲ, ਬਹਾਦਰ ਸਿੰਘ ਗਹੋ, ਬਾਬਾ ਜਸਵਿੰਦਰ ਸਿੰਘ ਤਿਉਣਾ, ਬਾਬਾ ਚਮਕੌਰ ਸਿੰਘ ਭਾਈ ਰੂਪਾ, ਬਾਬਾ ਅਵਤਾਰ ਸਿੰਘ ਸਾਧ ਵਾਲਾ, ਭਾਈ ਸਤਨਾਮ ਸਿੰਘ ਮੁਨਾਵਾਂ, ਬੂਟਾ ਸਿੰਘ ਰਣਸ਼ੀਹ ਕਲਾਂ, ਪ੍ਰਸ਼ੋਤਮ ਸਿੰਘ ਫੱਗੂਵਾਲਾ, ਸਤਪਾਲ ਸਿੰਘ ਦਾਨ ਸਿੰਘ ਵਾਲਾ, ਮੇਜਰ ਸਿੰਘ ਮਲੂਕਾ ਆਦਿ ਹਾਜ਼ਰ ਸਨ ।
ਉੱਪ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਸਿੱਖ ਸੰਘਰਸ਼ ਨਾਲ ਸਬੰਧਿਤ ਪੰਜਾਬ ਤੇ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਅਕਾਲੀ ਦਲ ਅਤੇ ਰਾਜ ਸਰਕਾਰ ਯਤਨਸ਼ੀਲ ਹੈ । ਉਨ੍ਹਾਂ ਨੇ 19 ਦਸੰਬਰ ਨੂੰ ਚੰਡੀਗੜ੍ਹ ਵਿਚ ਪੰਜਾਬ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਦੀ ਇਕ ਮੀਟਿੰਗ ਸੱਦੀ ਹੈ ਜਿਸ ਵਿਚ ਅਜਿਹੇ ਸਿੱਖ ਕੈਦੀਆਂ ਦੀ ਸੂਚੀ ਮੰਗੀ ਗਈ ਹੈ। ਇਸ ਮੀਟਿੰਗ ਦੇ ਬਾਅਦ ਇਨ੍ਹਾਂ ਦੀ ਰਿਹਾਈ ਦਾ ਮਾਮਲਾ ਕੇਂਦਰ ਸਰਕਾਰ ਪਾਸ ਪੂਰੇ ਜ਼ੋਰ ਨਾਲ ਉਠਾਇਆ ਜਾਵੇਗਾ ।