ਦਿੱਲੀ: ਦਿੱਲੀ ਹਾਈ ਕੋਰਟ ਨੇ ਸੀਬੀਐਸਈ ਵੱਲੋਂ ਲਏ ਗਏ 10ਵੀਂ ਤੇ 12ਵੀਂ ਦੇ ਦੋ ਪਰਚਿਆਂ ਦੇ ਲੀਕ ਹੋਣ ਦੇ ਮਾਮਲੇ ਦੀ ਅਦਾਲਤੀ ਨਿਗਰਾਨੀ ਹੇਠ ਜਾਂਚ ਕਰਵਾਏ ਜਾਣ ਬਾਰੇ ਕੇਂਦਰ ਸਰਕਾਰ ਤੇ ਸੀਬੀਐਸਈ ਦੇ ਸਟੈਂਡ ਬਾਰੇ ਪੁੱਛਿਆ ਹੈ। ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਤੇ ਜਸਟਿਸ ਸੀ ਹਰੀਸ਼ੰਕਰ ਨੇ ਸੀਬੀਐਸਈ ਤੋਂ 10ਵੀਂ ਦੇ ਗਣਿਤ ਦਾ ਇਮਤਿਹਾਨ ਛੇਤੀ ਲੈਣ ਬਾਰੇ ਵੀ ਜਵਾਬ ਮੰਗਿਆ ਹੈ। ਅਦਾਲਤ ਵਿੱਚ ਇੱਕ ਸਵੈ-ਸੇਵੀ ਸੰਸਥਾ ‘ਸੋਸ਼ਲ ਜਸਟਿਸ’ ਵੱਲੋਂ ਪਟੀਸ਼ਨ ਪਾ ਕੇ ਮੰਗ ਕੀਤੀ ਗਈ ਹੈ ਕਿ ਉਕਤ ਗਣਿਤ ਦਾ ਪਰਚਾ ਜੁਲਾਈ ਦੀ ਬਜਾਏ ਅਪਰੈਲ ਵਿੱਚ ਲਿਆ ਜਾਵੇ ਜਿਵੇਂ ਕਿ ਸੀਬੀਐਸਈ ਨੇ ਪਹਿਲਾਂ ਐਲਾਨਿਆ ਹੈ। ਸੀਬੀਐਸਈ ਦੇ ਵਕੀਲਾਂ ਨੇ ਦੱਸਿਆ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕੀ ਇਹ ਪਰਚਾ ਦਿੱਲੀ-ਹਰਿਆਣਾ ਵਿੱਚ ਹੀ ਲੀਕ ਹੋਇਆ ਸੀ ਜਾਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ। ਅਦਾਲਤ ਨੇ ਇਸ ਮੁੱਦੇ ’ਤੇ ਸੀਬੀਐਸਈ ਨੂੰ ਮੁੜ ਫ਼ੈਸਲਾ ਲੈਣ ਸਬੰਧੀ 16 ਅਪਰੈਲ ਤੱਕ ਅਦਾਲਤ ਨੂੰ ਦੱਸਣ ਦੀ ਹਦਾਇਤ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਅਹਿਮ ਹੈ ਕਿ ਉਨ੍ਹਾਂ ਦੇ ਨਤੀਜਿਆਂ ਦੇ ਆਧਾਰ ’ਤੇ ਹੀ 11ਵੀਂ 12ਵੀਂ ਦੇ ਵਿਸ਼ੇ ਚੁਣਨੇ ਹੁੰਦੇ ਹਨ।

ਉਧਰ, ਮਨੁੱਖੀ ਅਧਿਕਾਰ ਕਮਿਸ਼ਨ ਨੇ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਦੇ ਸਕੱਤਰ, ਸੀਬੀਐਸਈ ਦੇ ਮੁਖੀ ਤੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਨੋਟਿਸ ਜਾਰੀ ਕਰਕੇ ਪਰਚੇ ਲੀਕ ਮਾਮਲੇ ਦੀ 4 ਹਫ਼ਤੇ ਵਿੱਚ ਰਿਪੋਰਟ ਮੰਗੀ ਹੈ। ਸੀਬੀਐਸਈ ਨੇ ਕਿਹਾ ਕਿ ਇਮਤਿਹਾਨ ਅਧਿਕਾਰੀ ਕੇ.ਐਸ. ਰਾਣਾ ਨੂੰ ਮੁਅੱਤਲ ਕਰਨ ਦਾ ਗ੍ਰਿਫ਼ਤਾਰ ਤਿੰਨਾਂ ਕਥਿਤ ਦੋਸ਼ੀਆਂ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ, ਉਸ ਖ਼ਿਲਾਫ਼ ਕਾਰਵਾਈ ਅਣਗਹਿਲੀ ਕਾਰਨ ਕੀਤੀ ਗਈ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੋਰ ਪਰਚਿਆਂ ਦੇ ਲੀਕ ਹੋਣ ਦੀਆਂ ਸੋਸ਼ਲ ਮੀਡੀਆ ’ਤੇ ਆ ਰਹੀਆਂ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਕਿਉਂਕਿ ਇਹ ਝੂਠੀਆਂ ਤੇ ਗੁੰਮਰਾਹਕੁਨ ਹਨ।
ਭਲਕੇ ਸੁਪਰੀਮ ਕੋਰਟ ’ਚ ਹੋਵੇਗੀ ਮਾਮਲੇ ਦੀ ਸੁਣਵਾਈ
ਸੀਬੀਐਸਈ ਦੇ 10ਵੀਂ ਦੇ ਗਣਿਤ ਤੇ 12ਵੀਂ ਦੇ ਅਰਥ ਸ਼ਾਸਤਰ ਦੇ ਲੀਕ ਹੋਏ ਪਰਚਿਆਂ ਦੇ ਮੁੜ ਇਮਤਿਹਾਨ ਲੈਣ ਬਾਰੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਵੀ ਤਿਆਰ ਹੋ ਗਿਆ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖ਼ਾਨਵਿਲਕਰ ਤੇ ਡੀ.ਵੀ. ਚੰਦਰਚੁੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਈ ਪਟੀਸ਼ਨਾਂ ਪਾਈਆਂ ਗਈਆਂ ਹਨ ਜਿਨ੍ਹਾਂ ਬਾਰੇ ਇਕੱਠੀ ਸੁਣਵਾਈ 4 ਅਪਰੈਲ ਨੂੰ ਕੀਤੀ ਜਾਵੇਗੀ।
ਹੁਣ ਸਕੂਲਾਂ ’ਚ ਹੀ ਛਪਣਗੇ ‘ਐਨਕ੍ਰਿਪਟਿਡ’ ਪਰਚੇ
ਨਵੀਂ ਦਿੱਲੀ: ਪੇਪਰ ਲੀਕ ਦੀਆਂ ਘਟਨਾਵਾਂ ਨਾਲ ਜੂਝ ਰਹੇ ਸੀਬੀਐਸਈ ਨੇ ਅੱਜ ਲੀਕ ਪਰੂਫ ਸਿਸਟਮ ਲਿਆਂਦਾ ਹੈ। ਇਸ ਤਹਿਤ ਸਕੂਲਾਂ ਵਿੱਚ ਹੀ ਪਰਚਾ ਸ਼ੁਰੂ ਹੋਣ ਤੋਂ ਪਹਿਲਾਂ ‘ਐਨਕਿ੍ਪਟਿਡ’ ਪੇਪਰਾਂ ਦੀ ਛਪਾਈ ਹੋਵੇਗੀ। ਇਸ ਸਭ ਕੁਝ ਲਈ ਯੂਜ਼ਰ ਆਈਡੀ, ਪਾਸਵਰਡ ਅਲਾਟ ਕੀਤਾ ਜਾਵੇਗਾ। ਸਕੂਲਾਂ ਵਿੱਚ ਕੰਪਿਊਟਰਾਂ ਤੇ ਪ੍ਰਿੰਟਰਾਂ ਦੀ ਲੋਡ਼ੀਂਦੀ ਵਿਵਸਥਾ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਦਿੱਲੀ ਵਿੱਚ ਕਈ ਥਾਈਂ ਅੱਜ ਲਏ ਗਏ ਪਰਚੇ ਦੇਰੀ ਨਾਲ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ।