ਅੰਮ੍ਰਿਤਸਰ: ਭਾਰਤ ਦੇ ਗਣਤੰਤਰ ਦਿਵਸ ਦੀ ਪੂਰਵ-ਸੰਧਿਆ ਮੌਕੇ ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਸੰਵਿਧਾਨ ਦੁਆਰਾ ਹੋਈਆਂ ਜਿਆਦਤੀਆਂ ਅਤੇ ਬੇਇਨਸਾਫੀਆਂ ਖਿਲਾਫ ਰੋਹ ਭਰਿਆ ਮੁਜ਼ਾਹਰਾ ਕੀਤਾ ਅਤੇ ਦੇਸ਼ ਦੀ ਮੌਜੂਦਾ ਲੀਡਰਸ਼ਿਪ ਨੂੰ ਕਿਹਾ ਕਿ ਉਹ ਸਰਹੱਦੀ ਖੇਤਰ ਅੰਦਰ ਸੰਘਰਸ਼ੀਲ ਕੌਮਾਂ ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਲੋਂ 3 ਜੂਨ 1947 ਨੂੰ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ “ਸਵੈ-ਨਿਰਣੇ ਦਾ ਹੱਕ ਅਤੇ ਅਲੱਗ ਹੋਣ ਦਾ ਹੱਕ” ਦੇਕੇ ਵੱਡਾ ਦਿਲ ਦਿਖਾਉਣ।
ਦਲ ਖਾਲਸਾ, ਅਕਾਲੀ ਦਲ ਪੰਚ ਪ੍ਰਧਾਨੀ ਅਤੇ ਸਿੱਖ ਯੂਥ ਆਫ ਪੰਜਾਬ ਦੇ ਸੈਂਕੜੇ ਕਾਰਜਕਰਤਾਵਾਂ ਨੇ ਭਾਰਤੀ ਗਣਤੰਤਰ ਦਿਵਸ ਵਿਰੁੱਧ ਮੁਜ਼ਾਹਰਾ ਕੀਤਾ ਅਤੇ ਆਜ਼ਾਦੀ ਦੇ ਹੱਕ ਵਿੱਚ ਨਾਹਰੇ ਲਾਏ। ਉਹਨਾਂ ਆਪਣਾ ਸੁਨੇਹਾ ਦੇਣ ਲਈ ਤਖਤੀਆਂ ਅਤੇ ਬੈਨਰ ਫੜੇ ਹੋਏ ਸਨ। ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਯੁ.ਐਨ.ਓ ਸੁਰਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਸਥਾਈ ਮੈਂਬਰਸ਼ਿਪ ਦੇ ਦਾਅਵੇ ਦੇ ਛਲਾਵੇ ਵਿੱਚ ਨਾ-ਆਉਣ ਕਿਉਕਿ ਭਾਰਤ ਦਾ ਮਨੁੱਖੀ ਅਧਿਕਾਰਾਂ ਅਤੇ ਘੱਟ-ਗਿਣਤੀਆਂ ਦੇ ਹੱਕ ਕੁਚਲਣ ਦਾ ਰਿਕਾਰਡ ਬਹੁਤ ਖਰਾਬ ਹੈ। ਪ੍ਰਬੰਧਕਾਂ ਨੇ ਮੌਕੇ ਦੀ ਨਜ਼ਾਕਤ ਨੂੰ ਵਰਤਦਿਆਂ ਭਾਰਤ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਅਤੇ ਸਵੈ-ਨਿਰਣੇ ਦੇ ਹੱਕ ਸਮੇਤ ਰਾਜਸੀ ਹੱਕਾਂ ਦੇ ਮਸਲੇ ਨੂੰ ਭਾਰਤ ਦੀ ਲੀਡਰਸ਼ਿਪ ਅੱਗੇ ਚੁੱਕਣ। ਫਰਾਂਸ ਸਰਕਾਰ ਨੂੰ ਅਪੀਲ ਕਰਦੀਆਂ ਤਖਤੀਆਂ ਅਤੇ ਬੈਨਰ ਪ੍ਰਦਰਸ਼ਨਕਾਰੀਆਂ ਨੇ ਫੜੇ ਹੋਏ ਸਨ। ਭਾਰਤੀ ਗਣਤੰਤਰ ਦਿਵਸ ਨੂੰ ਸਿੱਖਾਂ ਲਈ ਵਿਸਾਹਘਾਤ ਦਿਹਾੜਾ ਦਸਦਿਆਂ, ਜਥੇਬੰਦੀਆਂ ਨੇ ਲੋਕਾਂ ਨੂੰ ੨੬ ਜਨਵਰੀ ਦੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ।
ਕਾਲੇ ਝੰਡੇ ਫੜੀ ਕਾਰਜਕਰਤਾਵਾਂ ਨੇ ਸ਼ਹਿਰ ਦੇ ਕੁਝ ਹਿਸਿੱਆਂ ਵਿੱਚ ਮਾਰਚ ਕੀਤਾ ਅਤੇ ਸਰਕਟ ਹਾਊਸ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਮੁਜ਼ਾਹਰਾ ਕੀਤਾ। ਉਹਨਾਂ ਮੁਜ਼ਾਹਰੇ ਦੌਰਾਨ ਆਪਣੇ ਰੋਹ ਅਤੇ ਗੁਸੇ ਦਾ ਇਜ਼ਹਾਰ ਕੀਤਾ ਕਿ ਦੇਸ਼ ਦੇ ਸ਼ਾਸਕਾਂ ਨੇ ਸਿੱਖ ਰਾਜਸੀ ਇਛਾਵਾਂ ਦੀ ਕਦਰ ਨਹੀਂ ਕੀਤੀ ਸਗੋ ਸਿੱਖ ਜਖਮਾਂ ਨੂੰ ਰਿਸਣ ਲਈ ਖੁਲ੍ਹੇ ਛੱਡ ਦਿਤਾ।
ਜਥੇਬੰਦੀਆਂ ਨੇ ਹੁਰੀਅਤ ਨੇਤਾ ਐਸ ਆਰ ਗਿਲਾਨੀ ਅਤੇ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਦਾ ਸਮਰਥਨ ਕਰਦਿਆਂ ਜਥੇਬੰਦੀਆਂ ਨੇ ਕਿਹਾ ਕਿ ਸਰਕਾਰ ਇਨਹਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਮਾੜਾ ਹਰਬਾ ਵਰਤ ਰਹੀ ਹੈ, ਜੋ ਕਦਾਚਿਤ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹ ਦੋਨੋਂ ਜਿੰਦਾ-ਜ਼ਮੀਰ ਵਾਲੇ ਵਿਅਕਤੀ ਹਨ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਨੇ ਆਪਣੇ ਗਣਤੰਤਰ ਦਿਵਸ ਦੇ ਜਸ਼ਨਾਂ ਵਿੱਚ ਪਿਛਲ਼ੇ ਵਰ੍ਹੇ ਅਮਰੀਕਾ ਦੇ ਰਾਸ਼ਟਰਪਤੀ ਅਤੇ ਇਸ ਵਰੇ ਫਰਾਂਸ ਦੇ ਰਾਸ਼ਟਰਪਤੀ ਨੂੰ ਬੁਲਾ ਕੇ ਦੁਨੀਆਂ ਨੂੰ ਇਹ ਭਰਮ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਬਹੁਤ ਸ਼ਕਤੀਸ਼ਾਲੀ ਹੈ, ਤਰੱਕੀ ਦੇ ਰਾਹ ਉਤੇ ਹੈ ਅਤੇ ਏਸ਼ੀਆ ਦਾ ਸੁਪਰ ਪਾਵਰ ਬਨਣ ਦੇ ਸਮਰਥ ਹੈ। ਉਹਨਾਂ ਫਰਾਂਸ, ਅਮਰੀਕਾ ਅਤੇ ਇੰਗਲੈਂਡ ਨੂੰ ਕਿਹਾ ਕਿ ਉਹ ਭਾਰਤ ਦਾ ਦੂਸਰਾ ਰੂਪ ਵੀ ਦੇਖਣ ਨਾ ਕਿ ਕੇਵਲ ਆਰਥਿਕ ਅਤੇ ਵਪਾਰਿਕ ਹਿੱਤ ਨੂੰ ਹੀ ਤਰਜੀਹ ਦੇਣ। ਉਹਨਾਂ ਕਿਹਾ ਕਿ ਭਾਰਤ ਅਸਹਣਸ਼ੀਲਤਾ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਦੌੜ ਵਿੱਚ ਵੀ ਸਾਰਿਆਂ ਨੂੰ ਮਾਤ ਪਾ ਚੁੱਕਾ ਹੈ।
ਮਨੁੱਖੀ ਅਧਿਕਾਰਾਂ ਲਈ ਸਰਗਰਮ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਲੱਗ ਹੋਣ ਦਾ ਹੱਕ ਗੈਰ-ਸੰਵਿਧਾਨਕ ਨਹੀਂ ਹੈ ਅਤੇ ਜਨੇਵਾ ਕਨਵੈਨਸ਼ਨ ਤਹਿਤ ਇਹ ਹੱਕ ਸੰਘਰਸ਼ੀਲ ਕੌਮਾਂ ਨੂੰ ਮਿਲਿਆ ਹੋਇਆ ਹੈ। ਉਹਨਾਂ ਕਿਹਾ ਕਿ ਰਾਏਸ਼ੁਮਾਰੀ ਰਾਂਹੀ ਬਹੁਤ ਸਾਰੇ ਮੁਲਕ ਹੋਂਦ ਵਿੱਚ ਆਏ ਹਨ।
ਪੰਚ ਪ੍ਰਧਾਨੀ ਆਗੂ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਪਿਛਲ਼ੇ ੪ ਦਹਾਕਿਆਂ ਤੋਂ ਸਿੱਖਾਂ ਨੇ ਹਰ ਹਰਬਾ ਵਰਤਕੇ ਇਸ ਦੇਸ਼ ਦੇ ਸ਼ਾਸਕਾਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਕਿ ਕਿਸੇ ਵੀ ਸਰਕਾਰ ਨੇ ਸੰਵਿਧਾਨਕ ਗਲਤੀਆਂ ਅਤੇ ਬੇਇਸਨਾਫੀਆਂ ਨੂੰ ਦਰੁਸਤ ਕਰਨ ਦਾ ਕੋਈ ਝੂਠਾ-ਸੱਚਾ ਉਪਰਾਲਾ ਵੀ ਨਹੀਂ ਕੀਤਾ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖ ਆਜ਼ਾਦੀ ਦੇ ਰਾਹ ਪੈ ਚੁੱਕੇ ਹਨ, ਬਹੁਤ ਖੂਨ ਡੁੱਲ੍ਹ ਚੁਕਾ ਹੈ, ਸ਼ਹੀਦੀਆਂ ਹੋ ਚੁੱਕੀਆਂ ਹਨ ਅਤੇ ਹੁਣ ਸ਼ਾਸਕਾਂ ਨੂੰ ਅਮਨ-ਸ਼ਾਂਤੀ ਨਾਲ ਸਿੱਖ ਸਮਸਿਆ ਦਾ ਸਨਮਾਨਯੋਗ ਹੱਲ ਕੱਢਣਾ ਚਾਹੀਦਾ ਹੈ।
ਦਲ ਖਾਲਸਾ ਦੇ ਸੀਨੀਅਰ ਆਗੂ ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਕਿਹਾ ਕਿ ਮੌਕਾਪ੍ਰਸਤ ਸਿਆਸਤ ਦੀ ਮੂਰਤ ਬਾਦਲਾਂ ਦੇ ਦੋ-ਚੇਹਰੇ ਹਨ ਅਤੇ ਕਿਹੜਾ ਅਸਲੀ ਤੇ ਕਿਹੜਾ ਨਕਲੀ ਹੈ, ਇਹ ਕਹਿਣਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਉਤੇ ਭਰੋਸਾ ਨਹੀਂ ਕਰਦੇ ਅਤੇ ਉਹਨਾਂ ਤੋਂ ਨਿਜਾਤ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ ਕਿਉਕਿ ਇਹਨਾਂ ਦੇ ਰਾਜ ਵਿੱਚ ਗੁਰ੍ਰੁ ਗ੍ਰੰਥ ਸਾਹਿਬ ਅਤੇ ਸਿੱਖਾਂ ਦਾ ਇਸ਼ਟ ਅਤੇ ਸਿਧਾਂਤ ਵੀ ਸੁਰਖਿਅਤ ਨਹੀਂ ਹੈ।
ਇਸ ਮੌਕੇ ਅਮਰੀਕ ਸਿੰਘ ਈਸੜੂ, ਮਨਧੀਰ ਸਿੰਘ, ਜਸਵੀਰ ਸਿੰਘ ਖੰਡੂਰ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਕਾਲਕੱਟ, ਜਥੇ ਰੇਸ਼ਮ ਸਿੰਘ ਖੁਖਰਾਣਾ, ਸੁਰਜੀਤ ਸਿੰਘ ਖਾਲਿਸਤਾਨੀ, ਕੁਲਦੀਪ ਸਿੰਘ, ਅਵਤਾਰ ਸਿੰਘ ਨਰੋਤਪੁਰ, ਕੁਲਵੰਤ ਸਿੰਘ ਫੇਰੂਮਾਨ, ਸੁਖਵੰਤ ਸਿੰਘ ਕਲਾਲਾਬਾਦ, ਅਮਰੀਕ ਸਿੰਘ ਅਜਨਾਲਾ, ਮਹਿਤਾਬ ਸਿੰਘ ਸਿਰਸਾ, ਸਿੱਖ ਯੂਥ ਆਗੂ ਪਰਮਜੀਤ ਸਿੰਘ ਮੰਡ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਗਨਦੀਪ ਸਿੰਘ, ਗੁਰਮੀਤ ਸਿੰਘ ਤੇ ਮਨਜੀਤ ਸਿੰਘ ਕਰਤਾਰਪੁਰ ਆਦਿ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ।



