ਚੰਡੀਗੜ੍ਹ (28 ਮਾਰਚ, 2016): ਸਿੱਖ ਸਿਧਾਂਤਾਂ ‘ਤੇ ਮਾਰੂ ਵਾਰ ਕਰਦੀ ਵਿਵਾਦਤ ਫਿਲਮ ਨਾਨਕਸ਼ਾਹ ਫਕੀਰ ਨੂੰ ਅੱਜ ਇਥੇ 63ਵੇਂ ਕੌਮੀ ਫ਼ਿਲਮ ਪੁਰਸਕਾਰ ਸਮਾਰੋਹ ਦੌਰਾਨ ਕੌਮੀ ਏਕਤਾ ਲਈ ਸਰਬੋਤਮ ਫੀਚਰ ਫ਼ਿਲਮ ਲਈ ‘ਨਰਗਿਸ ਦੱਤ’ ਐਵਾਰਡ ਦਿੱਤਾ ਗਿਆ।

ਹਰਿੰਦਰ ਸਿੱਕਾ ਵੱਲੋਂ ਬਣਾਈ ਇਸ ਫਿਲਮ ਵਿੱਚ ਸਿੱਖ ਧਰਮ ਅਤੇ ਸਿੱਖੀ ਅਸੂਲਾਂ ਤੋਂ ਉਲਟ ਜਾ ਕੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਸਾਹਿਬ ਨੂੰ ਫਿਲਮੀ ਪਰਦੇ ‘ਤੇ ਰੂਪਮਾਨ ਕੀਤਾ ਗਿਆ ਸੀ।
ਫਿਲਮ ਦੇ ਨਿਰਮਾਤਾ ਨੇ ਅਪ੍ਰੈਲ 2015 ਵਿੱਚ ਸਿੱਖ ਕੌਮ ਦੇ ਕਰੜੇ ਵਿਰੋਧ ਦੇ ਚਲਦਿਆਂ ਫਿਲਮ ਨੂੰ ਜਾਰੀ ਕਰ ਦਿੱਤਾ ਸੀ, ਪਰ ਇਸ ਨਾਲ ਸੰਸਾਰ ਪੱਧਰ ‘ਤੇ ਸਿੱਖ ਕੌਮ ਵਿੱਚ ਰੋਸ ਦੀ ਲਹਿਰ ਫੈਲ ਗਈ ਸੀ ਅਤੇ ਫਿਲਮ ਨਿਰਮਾਤਾ ਨੂੰ ਸੰਸਾਰ ਪੱਧਰ ‘ਤੇ ਹੋਏ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਫਿਲ਼ਮ ਵਾਪਸ ਲੈਣੀ ਪਈ ਸੀ।
ਸਿੱਖ ਸਿਧਾਂਤ ਦੀ ਜੜ ‘ਤੇ ਮਾਰੂ ਵਾਰ ਕਰਦੀ ਇਸ ਫਿਲਮ ਨੂੰ ਭਾਰਤ ਦੇ ਫਿਲਮ ਸਮਾਰੋਹ ਵਿੱਚ ਕੌਮੀ ਏਕਤਾ ਲਈ ਸਨਮਾਨ ਦੇਣਾ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ।
ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਸਰਕਾਰ ਨੂੰ ਸਿੱਖੀ ਸਿਧਾਂਤਾਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੁੱਟ ਮਾਰਨ ਵਾਲੀ ਫਿਲਮ ਕੌਮੀ ਏਕਤਾ ਦਾ ਪ੍ਰਤੀਕ ਨਜ਼ਰ ਆਉਦੀ ਹੈ।