ਲੁਧਿਆਣਾ (7 ਅਪ੍ਰੈਲ, 2015): ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨੂੰ ਅੰਗਰੇਜ਼ਾਂ ਦੇ ਪਿੱਠ ਭ੍ਰਿਸ਼ਟ ਨਰੈਣੂ ਮਹੰਤ ਤੋਂ ਅਜ਼ਾਦ ਕਰਵਾਉਣ ਲਈ ਸੰਨ 1921 ਨੂੰ ਵਾਪਰੇ ਖੂਨੀ ਸਾਕੇ ਨੂੰ ਫਿਲਮੀ ਪਰਦੇ ‘ਤੇ ਲਿਆਉਣ ਲਈ ਧਾਰਮਿਕ ਫਿਲਮ ‘ਸਾਕਾ’ ਦੀ ਸ਼ੂਟਿੰਗ ਅੱਜਕੱਲ੍ਹ ਲੁਧਿਆਣਾ ਵਿਚ ਚੱਲ ਰਹੀ ਹੈ।

ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਜਸਮੀਤ ਸਿੰਘ ਸਮੁੰਦਰੀ ਨੇ ਅੱਜ ਇਥੇ ਦੱਸਿਆ ਕਿ ਫਿਲਮ ਵਿਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂੰ ਕਰਵਾਇਆ ਜਾ ਸਕੇ । ਫਿਲਮ ਨਿਰਮਾਣ ਦਾ ਤਿੰਨ ਚੌਥਾਈ ਕੰਮ ਮੁਕੰਮਲ ਹੋ ਗਿਆ ਹੈ ਜਦਕਿ ਬਾਕੀ ਰਹਿੰਦਾ ਕੰਮ ਜੂਨ ਤੱਕ ਮੁਕੰਮਲ ਹੋ ਜਾਵੇਗਾ ਅਤੇ ਸਤੰਬਰ ਮਹੀਨੇ ਇਹ ਫਿਲਮ ਪਰਦੇ ਦਾ ਸ਼ਿੰਗਾਰ ਬਣੇਗੀ । ਉਨ੍ਹਾਂ ਦੱਸਿਆ ਕਿ ਫਿਲਮ ਦੇ ਨਿਰਮਾਤਾ ਸੁਖਬੀਰ ਸੰਧੇਰ ਹਨ ਜਦਕਿ ਇਸ ਦਾ ਸੰਗੀਤ ਜਿਊਜ ਅਤੇ ਮੁਖਤਾਰ ਸਹੋਤਾ ਨੇ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਫਿਲਮ ਦੇ ਨਿਰਮਾਣ ਸਮੇਂ ਸਿੱਖ ਧਰਮ ਦੀਆਂ ਰਿਵਾਇਤਾਂ ਅਤੇ ਗੁਰਮਤਿ ਸਿਧਾਂਤਾਂ ਦਾ ਪੂਰਾ ਖਿਆਲ ਰੱਖਿਆ ਗਿਆ ਹੈ । ਸ੍ਰੀ ਸਮੁੰਦਰੀ ਨੇ ਦੱਸਿਆ ਕਿ 1921 ਸੰਨ ਦੇ ਨਨਕਾਣਾ ਸਾਹਿਬ ਗੁਰਦੁਆਰੇ ਦਾ ਵਿਸ਼ੇਸ਼ ਸੈੱਟ ਤਿਆਰ ਕੀਤਾ ਗਿਆ ਹੈ । ਪਹਿਲਾਂ ਫਗਵਾੜਾ ਵਿਖੇ ਇਸ ਸੈੱਟ ਤੇ ਕੁਝ ਦਿ੍ਸ਼ ਫਿਲਮਾਏ ਗਏ ਸਨ ਪਰ ਅਚਾਨਕ ਹੋਈ ਬਾਰਿਸ਼ ਕਾਰਨ ਸੈੱਟ ਨੂੰ ਕੁਝ ਨੁਕਸਾਨ ਪੁੱਜਾ ਸੀ ਪਰ ਹੁਣ ਲੁਧਿਆਣਾ ਨੇੜਲੇ ਪਿੰਡ ਗੁੱਜਰਵਾਲ ਵਿਖੇ ਇਸ ਸੈੱਟ ਨੂੰ ਮੁੜ ਸਥਾਪਿਤ ਕਰਕੇ ਫਿਲਮ ਦੀ ਸ਼ੂਟਿੰਗ ਚੱਲ ਰਹੀ ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ, ਫਗਵਾੜਾ, ਫਿਰੋਜ਼ਪੁਰ ਅਤੇ ਗੁੱਜਰਵਾਲ ਵਿਖੇ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਲਛਮਣ ਸਿੰਘ ਦੀ ਸ਼ਹੀਦੀ ਦੇ ਦਿ੍ਸ਼ ਨੂੰ ਬੜੀ ਸਫਲਤਾ ਪੂਰਵਕ ਫਿਲਮਾਇਆ ਗਿਆ ਹੈ ।