ਕੈਲੀਫੋਰਨੀਆ (10 ਜੁਲਾਈ, 2015): ਮੀਰੀ ਪੀਰੀ ਦੇ ਮਾਲਕ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਰਜਕ ਛੇਂਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਤਿਹਾੜ ਜੇਲ ਵਿੱਚ ਬੰਦ ਜਝਾਰੂ ਯੋਧੇ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਨਰਿੰਦਰ ਕੌਰ ਅਤੇ ਸਿੱਖ ਵਿਦਵਾਨ ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੂੰ ਸਨਮਾਨਿਤ ਕੀਤਾ ਗਿਆ।

ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲੱਸ਼ਿੰਗ ਵਿਖੇ ਹੋਏ ਇਸ ਸਮਾਗਮ ਦੌਰਾਨ ਮੌਜੂਦਾ ਸਿੱਖ ਸੰਘਰਸ਼ ਦੇ ਯੋਧਿਆਂ ਨੂੰ ਯਾਦ ਕੀਤਾ ਗਿਆ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਮੁੱਖ ਬੁਲਾਰੇ ਦੇ ਤੌਰ ‘ਤੇ ਪਹੁੰਚੇ ਡਾ: ਅਮਰਜੀਤ ਸਿੰਘ ਸੰਚਾਲਕ ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਨੇ ਸੰਗਤ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਅੱਜ ਕੌਮ ਸਿੱਖ ਫਲਸਫੇ ਤੋਂ ਦੂਰ ਹੋ ਰਹੀ ਹੈ।
ਡਾ: ਅਮਰਜੀਤ ਸਿੰਘ ਨੇ ਛੇਵੀਂ ਪਾਤਸ਼ਾਹੀ ਵੱਲੋਂ ਦਿੱਤੇ ਗਏ ਮੀਰੀ-ਪੀਰੀ ਦੇ ਸਿਧਾਂਤ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ-ਸਿੰਘਣੀਆਂ ਦੇ ਸੁਪਨੇ ਖਾਲਸਾ ਰਾਜ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਦਮਦਮੀ ਟਕਸਾਲ ਤੋਂ ਕਥਾਵਾਚਕ ਭਾਈ ਭਗਵੰਤ ਸਿੰਘ ਨੇ ਸੰਗਤਾਂ ਨੂੰ ਸਿੱਖੀ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਿਆ।
ਅੰਤ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਿੰਮਤ ਸਿੰਘ ਨੇ ਸੰਬੋਧਿਤ ਹੁੰਦਿਆਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਮੂਹ ਸਾਧ ਸੰਗਤ ਵੱਲੋਂ ਭਾਈ ਹਵਾਰਾ ਦੀ ਮਾਤਾ ਦਾ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਹਰਦੇਵ ਸਿੰਘ ਪੱਡਾ ਨੇ ਵੀ ਸੰਗਤ ਨੂੰ ਸੰਬੋਧਨ ਕੀਤਾ ਸਟੇਜ ਦੀ ਸੇਵਾ ਸਟੇਜ ਸਕੱਤਰ ਭਾਈ ਪਰਮਜੀਤ ਸਿੰਘ ਨੇ ਬਾਖੂਬੀ ਨਿਭਾਈ।
ਸਿੱਖਸ ਫਾਰ ਜਸਟਿਸ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਸਮੇਤ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸਮਾਗਮ ‘ਚ ਸ਼ਿਰਕਤ ਕੀਤੀ।