ਰੂਪਨਗਰ (10 ਜੁਲਾਈ, 2015): ਬੀਤੇ ਕੱਲ੍ਹ ਬਾਦਲ ਪਰਿਵਾਰ ਦੀ ਮਾਲਕੀ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨਾਲ ਕਥਿਤ ਤੌਰ ‘ਤੇ ਟਕਰਾਉਣ ਮਗਰੋਂ ਪਿੰਡ ਬਹਿਰਾਮਪੁਰ ਜਿੰਮੀਦਾਰੀ ਦੇ ਵਾਸੀ ਸਵਰਨ ਸਿੰਘ ਪੁੱਤਰ ਸਵ: ਗੁਰਬਚਨ ਸਿੰਘ ਦੀ ਮੌਤ ਉਪਰੰਤ ਪੀੜਤ ਪਰਿਵਾਰ ਵੱਲੋਂ ਇਨਸਾਫ ਨੂੰ ਲੈ ਕੇ ਕੇ ਆਰੰਭ ਹੋਇਆ ਧਰਨਾ ਅੱਜ ਸ਼ਾਮੀ ਸਮਾਪਤ ਹੋ ਗਿਆ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਰੂਪ ਨਗਰ ਤੋਂ ਨਸ਼ਰ ਖ਼ਬਰ ਅਨੁਸਾਰ ਪੀੜ੍ਹਤ ਪਰਿਵਾਰ ਲਾਸ਼ ਕੌਮੀ ਰਾਜ ਮਾਰਗ ‘ਤੇ ਰੱਖ ਕੇ ਇਨਸਾਫ ਦੀ ਗੁਹਾਰ ਲਾ ਰਿਹਾ ਸੀ ਅਤੇ ਇਸ ਮਾਮਲੇ ਤੇ ਗਠਿਤ ਹੋਈ 11 ਮੈਂਬਰੀ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਨੰਬਰ ਪੀ. ਬੀ.03-ਵੀ-1900 ਕਾਬੂ ਨਹੀਂ ਕੀਤੀ ਜਾਂਦੀ ਅਤੇ ਡਰਾਈਵਰ ਸਮੇਤ ਬੱਸ ਮਾਲਕਾਂ ‘ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ।
ਅੱਜ ਸ਼ਾਮੀਂ 6 ਵਜੇ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰਪਾਲ ਸਿੰਘ ਨੇ ਧਰਨੇ ਦੌਰਾਨ ਖੁਦ ਪਹੁੰਚ ਕੇ ਐਲਾਨ ਕੀਤਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ ਜਿਸ ਵਿਚ ਏ. ਡੀ. ਜੀ. ਪੀ. (ਕਰਾਈਮ) ਇੰਦਰਪ੍ਰੀਤ ਸਿੰਘ ਸਹੋਤਾ, ਆਈ. ਜੀ. (ਕਰਾਈਮ) ਨਗੇਸ਼ਵਰ ਰਾਓ ਅਤੇ ਡੀ. ਆਈ. ਜੀ. ਰੂਪਨਗਰ ਰੇਂਜ ਆਰ. ਕੇ. ਜੈਸਵਾਲ ਇਸ ਦੀ ਜਾਂਚ ਕਰਕੇ ਤੁਰੰਤ ਲੋੜੀਂਦੀ ਕਾਰਵਾਈ ਕਰਨਗੇ।ਉਨ੍ਹਾਂ ਦੱਸਿਆ ਕਿ ਉਕਤ ਬੱਸ ਅੱਜ ਕਾਬੂ ਕਰਕੇ ਮੋਰਿੰਡਾ ਥਾਣੇ ਵਿਚ ਖੜੀ ਕਰ ਦਿੱਤੀ ਹੈ ਅਤੇ ਡਰਾਈਵਰ ਪਰਦੀਪ ਸਿੰਘ ਗੁੱਡੂ ਨੂੰ ਗਿ੍ਫਤਾਰ ਕਰ ਲਿਆ ਹੈ।
ਇਸ ਭਰੋਸੇ ਮਗਰੋਂ ਧਰਨਾ ਸਮਾਪਤ ਹੋ ਗਿਆ ਅਤੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿਚ ਰੱਖ ਦਿੱਤੀ ਗਈ।ਇਸ ਤੋਂ ਪਹਿਲਾਂ ਅੱਜ ਸਵੇਰੇ ਤੋਂ ਹੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਲੋਕ ਵੱਡੀ ਗਿਣਤੀ ਵਿਚ ਧਰਨਾ ਸਥਾਨ ‘ਤੇ ਵਰਦੇ ਮੀਂਹ ਵਿਚ ਡਟੇ ਰਹੇ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਡੱਬਵਾਲੀ ਬੱਸ ਦੇ ਮਾਲਕਾਂ ਤੇ ਚਾਲਕਾਂ ‘ਤੇ ਧਾਰਾ 304 ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਇਸ ਮੌਕੇ ਕਾਂਗਰਸ ਨੇਤਾ ਸੁਖਪਾਲ ਸਿੰਘ ਖਹਿਰਾ, ਕਾਂਗਰਸ ਆਗੂ ਇੰਦਰਜੀਤ ਸਿੰਘ ਜੀਰਾ, ਸੀ ਪੀ. ਆਈ ਦੇ ਜੋਗਿੰਦਰ ਦਿਆਲ, ਵਿਧਾਇਕ ਚਰਨਜੀਤ ਸਿੰਘ ਚੰਨੀ, ਵਿਧਾਇਕ ਬਲਵੀਰ ਸਿੰਘ ਸਿੱਧੂ, ‘ਆਪ’ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ, ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰਭਾਗ ਸਿੰਘ ਸੈਣੀ, ਨੌਜਵਾਨ ਕਾਂਗਰਸ ਆਗੂ ਅਮਨਦੀਪ ਸਿੰਘ ਮਾਂਗਟ, ਸੀ. ਪੀ. ਐਮ. ਦੇ ਮਹਾਂ ਸਿੰਘ ਰੋੜੀ, ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਦਿਨੇਸ਼ ਚੱਡਾ, ਪਰਮਜੀਤ ਸਿੰਘ ਪੰਮਾ, ਅਜੀਤ ਸਿੰਘ ਭੈਣੀ, ਗੁਰਿੰਦਰ ਸਿੰਘ ਗੋਗੀ, ਗੁਰਦੇਵ ਸਿੰਘ ਬਾਗੀ, ਅੰਜੂ ਬਾਲਾ, ਗੁਰਿੰਦਰਪਾਲ ਸਿੰਘ ਬਿੱਲਾ ਸਮੇਤ ਵੱਖ ਵੱਖ ਬੁਲਾਰਿਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦੀ ਮੰਗ ਕੀਤੀ।