
ਨਵੀਂ ਦਿੱਲੀ (7 ਦਸੰਬਰ, 2014): ਬਾਦਲ ਦਲ ਦੇ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੇਸ਼ ਭਰ ‘ਚ ਕਿਸਾਨਾਂ ਦੀ ਨਿੱਘਰ ਰਹੀ ਹਾਲਤ ‘ਚ ਸੁਧਾਰ ਲਿਆਉਣ ਲਈ ਫੌਰੀ ਤੌਰ ‘ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ।
ਉਨ੍ਹਾਂ ਸੰਸਦ ‘ਚ ਵੀ ਇਸ ਮੁੱਦੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ ਕਿਹਾ ਕਿ ਪੂਰੇ ਮੁਲਕ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਖੁਦਕੁਸ਼ੀ ਦੀ ਰਾਹ ‘ਤੇ ਚੱਲ ਪਿਆ ਹੈ। ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਖੇਤੀ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਦੇ ਦੇਸ਼ ਦੀ ਪੈਦਾਵਾਰ ‘ਚ 56 ਫੀਸਦੀ ਹਿੱਸਾ ਪਾਉਣ ਵਾਲਾ ਕਿੱਤਾ ਹੁਣ ਮਹਿਜ 11 ਫੀਸਦੀ ਦੇ ਅੰਕੜੇ ‘ਤੇ ਸਿਮਟ ਗਿਆ ਹੈ।
ਖੇਤੀ ‘ਚ ਘਾਟੇ ਲਈ ਪਿਛਲੀਆਂ ਸਰਕਾਰਾਂ ਨੂੰ ਦੋਸ਼ ਦਿੰਦਿਆਂ ਪ੍ਰੋ: ਚੰਦੂਮਾਜਰਾ ਨੇ ਕਿਹਾ ਕਿ ਪੈਦਾਵਾਰ ਦੇ ਭਾਅ ਨਿਸ਼ਚਿਤ ਕਰਨ ਸਮੇਂ ਨਾ ਤਾਂ ਕਿਸਾਨਾਂ ਦੀ ਰਾਇ ਲਈ ਗਈ ਅਤੇ ਨਾ ਹੀ ਖੇਤੀ ‘ਚ ਵਧ ਰਹੀਆਂ ਲਾਗਤਾਂ ਨੂੰ ਧਿਆਨ ‘ਚ ਰੱਖਿਆ ਗਿਆ।
ਝੋਨੇ ਅਤੇ ਕਣਕ ‘ਚ ਹੋਏ ਵਾਧੇ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ‘ਚ ਝੋਨਾ 56 ਰੁਪਏ ਪ੍ਰਤੀ ਕੁਇੰਟਲ ਤੋਂ 1080 ਹੋਇਆ ਹੈ, ਜਦਕਿ ਕਣਕ 640 ਤੋਂ ਵਧ ਕੇ 1285 ਰੁਪਏ ਪ੍ਰਤੀ ਕੁਇੰਟਲ, ਜਦਕਿ ਲਾਗਤਾਂ ‘ਚ 150 ਗੁਣਾ, ਬਿਜਲੀ ‘ਚ 95 ਫੀਸਦੀ ਅਤੇ ਖਾਦਾਂ ‘ਚ 120 ਫੀਸਦੀ ਵਾਧਾ ਹੋਇਆ ਹੈ। ਪ੍ਰੋ: ਚੰਦੂਮਾਜਰਾ ਨੇ ਫੀ ਏਕੜ ਉਪਜ ਵਧਾਉਣ ਅਤੇ ਖੇਤੀ ਦੇ ਸਹਾਇਕ ਧੰਦਿਆਂ ਨੂੰ ਉਦਯੋਗ ਐਲਾਨਣ ਦੀ ਵੀ ਮੰਗ ਕੀਤੀੇ।