ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਦਾ ਸਭ ਤੋਂ ਪੁਰਾਣਾ ਦਲਬਦਲੂ, ਧੋਖੇਬਾਜ, ਮੌਕਾਪ੍ਰਸਤ ਅਤੇ ਪਰਿਵਾਰਪ੍ਰਸਤ ਕਰਾਰ ਦਿੱਤਾ ਹੈ। ਬੁੱਧਵਾਰ ਨੂੰ ‘ਆਪ’ ਵੱਲੋਂ ਜਾਰੀ ਪ੍ਰੈਸ ਬਿਆਨ ‘ਚ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਬਾਦਲ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਦੂਜਿਆਂ ਦੇ ਕਿਰਦਾਰ ਉਪਰ ਟਿੱਪਣੀਆਂ ਕਰਨ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੀ ਪੀੜ੍ਹੀ ਥੱਲ੍ਹੇ ਸੋਟਾ ਫੇਰ ਲੈਣਾ ਚਾਹੀਦਾ ਹੈ, ਕਿਉਂਕਿ ਅਤੀਤ ਅਖੀਰ ਤੱਕ ਪਿੱਛਾ ਨਹੀਂ ਛੱਡਦਾ।

ਖਹਿਰਾ ਨੇ ਪ੍ਰਕਾਸ਼ ਸਿੰਘ ਬਾਦਲ ਦੇ 60 ਸਾਲ ਦੇ ਸਿਆਸੀ ਸਫਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਾਦਲ ਭੁੱਲ ਗਏ ਹਨ ਕਿ ਉਹ ਕਾਂਗਰਸ ਦੇ ਚੋਣ ਨਿਸ਼ਾਨ ਉਤੇ 1957 ਵਿਚ ਬਤੌਰ ਕਾਂਗਰਸੀ ਵਿਧਾਇਕ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿਚ ਦਾਖਲ ਹੋਏ ਸਨ। ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਮਾਸਟਰ ਤਾਰਾ ਸਿੰਘ ਦਾ ਕਾਂਗਰਸ ਦੇ ਨਾਲ ਸਮਝੌਤਾ ਹੋਇਆ ਸੀ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਂਗਰਸ ਦੇ ਚੋਣ ਨਿਸ਼ਾਨ ‘ਗਾਂ-ਬੱਛੇ’ ਉਤੇ ਚੋਣ ਲੜੀ ਸੀ। ਕੁਝ ਸਮੇਂ ਬਾਅਦ ਕਾਂਗਰਸ ਦੇ ਨਾਲ ਅਕਾਲੀ ਦਲ ਦਾ ਸਮਝੌਤਾ ਟੁੱਟ ਗਿਆ। ਪਰ ਕੁਰਸੀ ਦੇ ਲਾਲਚ ਵਿਚ ਫਸੇ ਬਾਦਲ ਨੇ ਬਤੌਰ ਕਾਂਗਰਸੀ ਵਿਧਾਇਕ ਹੀ ਪਹਿਲੀ ਪਾਰੀ ਖੇਡੀ। ਖਹਿਰਾ ਨੇ ਪੁੱਛਿਆ ਕੀ ਇਹ ਦਲਬਦਲੀ ਅਤੇ ਮੌਕਾਪ੍ਰਸਤੀ ਨਹੀਂ ਸੀ?
ਖਹਿਰਾ ਨੇ ਇਹ ਵੀ ਪੁੱਛਿਆ ਕਿ ਜਦ ਬਾਦਲ ਨੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗ ਕੇ 1970 ਵਿਚ ਪਹਿਲੀ ਵਾਰ ਮੁਖ ਮੰਤਰੀ ਦੀ ਕੁਰਸੀ ਉਤੇ ਕਬਜ਼ਾ ਕੀਤਾ ਸੀ ਤਾਂ ਕੀ ਉਹ ਮੌਕਾਪ੍ਰਸਤੀ ਨਹੀਂ ਸੀ? ਖਹਿਰਾ ਨੇ ਅੱਗੇ ਸਵਾਲ ਕੀਤਾ ਕਿ ਬਤੌਰ ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਹਿੱਤਾਂ ਨੂੰ ਦਾਅ ਉਤੇ ਲਗਾ ਕੇ ਆਪਣੇ ਜਿਗਰੀ ਦੋਸਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਤੋਂ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਉਸਾਰੀ ਦੇ ਲਈ 1978 ਵਿਚ ਇਕ ਕਰੋੜ ਰੁਪਇਆ ਲਿਆ ਸੀ ਤੇ ਕੀ ਇਹ ਸੱਤਾ ਦੇ ਲਈ ਮੌਕਾਪ੍ਰਸਤੀ ਅਤੇ ਪੰਜਾਬ ਨਾਲ ਧੋਖਾ ਨਹੀਂ ਸੀ?
ਖਹਿਰਾ ਨੇ ਕਿਹਾ ਕਿ ਅੱਜ ਕਲ ਸਿਧਾਂਤ ਦੀ ਸਿਆਸਤ ਦਾ ਢੰਡੋਰਾ ਪਿੱਟ ਰਹੇ ਪ੍ਰਕਾਸ਼ ਸਿੰਘ ਬਾਦਲ ਭੁੱਲ ਗਏ ਨੇ ਕਿ ਜਿਸ ਰਾਜੀਵ-ਲੌਂਗੋਵਾਲ ਸਮਝੌਤੇ ਦਾ ਪਹਿਲਾਂ ਉਹ ਵਿਰੋਧ ਕਰਦੇ ਰਹੇ ਸਨ, ਜਦ 1985 ਵਿਚ ਸੁਰਜੀਤ ਸਿੰਘ ਬਰਨਾਲਾ ਤੋਂ ਅਕਾਲੀ ਦਲ ਦੀ ਟਿਕਟ ਲੈਣੀ ਸੀ ਤਾਂ ਬਾਦਲ ਨੇ ਉਸੇ ਰਾਜੀਵ-ਲੌਂਗੋਵਾਲ ਨੂੰ ਲਾਗੂ ਕਰਨ ਦੀ ਸਹੁੰ ਲਈ ਸੀ। ਫਿਰ ਆਪਣੀ ਆਦਤ ਦੇ ਮੁਤਾਬਕ 1986 ਵਿਚ ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਕੇ ਆਪਣਾ ਅਕਾਲੀ ਦਲ ਬਾਦਲ ਬਣਾ ਲਿਆ। ਇਸਦੇ ਪ੍ਰਧਾਨ ਅਹੁਦੇ ਲਈ ਬਾਦਲ ਦੇ ਨਾਮ ਦਾ ਪ੍ਰਸਤਾਵ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਸੀ। ਮੌਕਾਪ੍ਰਸਤੀ ਦੀ ਹੱਦ ਉਦੋਂ ਹੋਈ ਜਦ ਪਹਿਲਾਂ ਅਕਾਲੀ ਦਲ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚ ਰਲੇਵਾ ਕਰ ਦਿੱਤਾ ਅਤੇ ਬਾਅਦ ਵਿਚ ਸਿੱਖ ਕੌਮ ਦੀ ਭਾਵਨਾਵਾਂ ਨਾਲ ਖੇਡਦੇ ਹੋਏ ਦੁਬਾਰਾ ਫਿਰ ਆਪਣਾ ਅਕਾਲੀ ਦਲ (ਬਾਦਲ) ਬਣਾ ਲਿਆ। ਇੱਥੋਂ ਤੱਕ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਤੱਤਕਾਲੀ ਜੱਥੇਦਾਰ ਸਾਹਿਬਾਨ ਦੇ ਹੁਕਮਾਂ ਨੂੰ ਵੀ ਨਹੀਂ ਮੰਨਿਆ ਸੀ, ਜਿਸ ਰਾਹੀਂ ਸਿੱਖ ਕੌਮ ਦਾ ਵਾਸਤਾ ਦਿੰਦੇ ਹੋਏ ਸਾਰੇ ਪੰਥਕ ਆਗੂਆ ਨੂੰ ਇਕ ਮੰਚ ਉਤੇ ਇਕਜੁੱਟ ਹੋਣ ਲਈ ਕਿਹਾ ਗਿਆ ਸੀ।
ਖਹਿਰਾ ਨੇ ਬਾਦਲ ਨੂੰ ਆਰ.ਐਸ.ਐਸ. ਦਾ ਏਜੰਟ ਦੱਸਦੇ ਹੋਏ ਕਿਹਾ ਕਿ ਜੂਨ 84 ਦੇ ਘੱਲੂਘਾਰੇ ਵਿਚ ਬਾਦਲ ਦੀ ਭੂਮਿਕ ਬੇਹੱਦ ਨਕਰਾਤਮਕ ਸੀ। ਖਹਿਰਾ ਨੇ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਉਤੇ ਹਮਲੇ ਲਈ ਉਕਸਾਉਣ ਵਾਲਿਆਂ ਦੇ ਵਿਚ ਬਾਦਲ ਵੀ ਸ਼ੁਮਾਰ ਸੀ। ਇਸ ਸੰਦਰਭ ਵਿਚ ਬਾਦਲ ਦੀ ਇੰਦਰਾ ਗਾਂਧੀ ਦੇ ਕਰੀਬੀ ਪੀਸੀ ਐਲੇਕਜੈਂਡਰ ਦੇ ਨਾਲ ਗੁਪਤ ਬੈਠਕਾਂ ਦੇ ਹਵਾਲੇ ਮਿਲਦੇ ਹਨ। ਇਸੇ ਤਰਾਂ ਜੂਨ 84 ਦੇ ਘੱਲੂਘਾਰੇ ਖਿਲਾਫ ਪਹਿਲਾਂ ਸਿੱਖ ਫੌਜੀਆਂ ਨੂੰ ਬਗਾਵਤ ਦੇ ਲਈ ਉਕਸਾਇਆ ਅਤੇ ਬਾਅਦ ਵਿਚ ਤਿੰਨ ਵਾਰ ਮੁੱਖ ਮੰਤਰੀ ਬਣਨ ਦੇ ਬਾਵਜੂਦ ਕਿਸੇ ‘ਧਰਮੀ ਸਿੱਖ ਫੌਜੀ’ਦੀ ਸੁਧ ਨਹੀਂ ਲਈ। ਕੀ ਇਸ ਨੂੰ ਕੌਮ ਨਾਲ ਧੋਖੇਬਾਜੀ ਨਹੀਂ ਕਹਾਂਗੇ?
ਖਹਿਰਾ ਨੇ ਕਿਹਾ ਕਿ ਬਾਦਲ ਨੇ ਆਪਣੇ 60 ਸਾਲ ਦੇ ਸਿਆਸੀ ਸਫਰ ਵਿਚ ਰੱਜ ਕੇ ਭ੍ਰਿਸ਼ਟਾਚਾਰ ਕੀਤਾ। ਮੌਕਾਪ੍ਰਸਤੀ, ਧੋਖੇਬਾਜ਼ੀ ਅਤੇ ਪਰਿਵਾਰਵਾਦ ਨੂੰ ਪਹਿਲ ਦਿਤੀ, ਜਿਸਦੀ ਬਦੌਲਤ ਮੁੰਡਾ ਉਪ ਮੁਖ ਮੰਤਰੀ, ਨੂੰਹ ਕੇਂਦਰੀ ਮੰਤਰੀ, ਜਵਾਈ ਮੰਤਰੀ ਅਤੇ ਮੁੰਡੇ ਦਾ ਸਾਲਾ ਕੈਬਨਟ ਮੰਤਰੀ ਹੈ। ਜਦਕਿ ਪਰਿਵਾਰ ਦੇ ਮੈਂਬਰਾਂ ਅਤੇ ਕਰੀਬੀਆਂ ਨੂੰ ਸਰਕਾਰ ਵਿਚ ਮਲਾਈਦਾਰ ਅਹੁਦੇ ਵੰਡਣ ਦੀ ਲਿਸਟ ਹੋਰ ਵੀ ਲੰਬੀ ਚੌੜੀ ਹੈ।