ਸਟਾਕਟਨ, ਕੈਲੀਫੋਰਨੀਆ: ਗਦਰੀ ਬਾਬਿਆਂ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਸਾਹਿਬ ਪੈਸਿਫਿਕ ਕੋਸਟ ਖਾਲਸਾ ਦੀਵਾਨ ਸੋਸਾਇਟੀ ਵਿਖੇ 318ਵੇਂ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਾਮਾਗਮ ਤਿੰਨ ਦਿਨ ਚੱਲੇ ਜਿਸ ਵਿੱਚ ਅਖੀਰਲੇ ਦਿਨ ਸਜਾਏ ਗਏ ਨਗਰ ਕੀਰਤਨ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀ ਲਗਵਾਈ। ਇਸ ਸਮਾਗਮ ਵਿਚ ਪੰਥ ਪ੍ਰਸਿੱਧ ਕਥਾ ਵਾਚਕ ਅਤੇ ਕੀਰਤਨੀ ਜਥਿਆਂ ਜਿਨਾਂ ਵਿੱਚ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਅਤੇ ਭਾਈ ਬਲਦੇਵ ਸਿੰਘ ਵਡਾਲਾ ਸ਼ਾਮਲ ਹਨ, ਨੇ ਆਈਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਦਿਆਂ ਗੁਰੂ ਸਾਹਿਬ ਵੱਲੋਂ ਦਰਸਾਏ ਰਾਹ ਤੇ ਚੱਲਣ ਲਈ ਪ੍ਰੇਰਆ। ਸ਼ਨੀਵਾਰ ਦੀ ਸਵੇਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਦੀਵਾਨ ਅਤੇ ਨਗਰ ਕੀਰਤਨ ਵਿੱਚ ਸਿੱਖ ਪੰਥ ਨੂੰ ਦਰਪੇਸ਼ ਮੁਸ਼ਕਲਾਂ ਅਤੇ ਕੌਮ ਦੀ ਅਜ਼ਾਦੀ (ਖਾਲਿਸਤਾਨ) ਤੇ ਪੰਥਕ ਆਗੂਆਂ ਅਤੇ ਸੰਗਤਾਂ ਵੱਲੋਂ ਖੁੱਲ ਕੇ ਵਿਚਾਰਾਂ ਕੀਤੀਆਂ ਗਈ। ਪੰਥਕ ਮੁੱਦਿਆਂ ਨੂੰ ਤਰਜੀਹ ਦੇਣ ਵਾਲੇ ਟੀ.ਵੀ ਚੈਨਲ ਟੀਵੀ84 ਵੱਲੋਂ ਗੁਰਦੁਆਰਾ ਸਾਹਿਬ ਸਥਿਤ ਗਦਰੀ ਬਾਬਿਆਂ ਨਾਲ ਸਬੰਧਤ ਇਤਿਹਾਸ ਤੇ ਚਾਨਣਾ ਪਾਉਂਦੀ ਲਾਇਬ੍ਰੇਰੀ ਵਿਖੇ ਸ਼ਨੀਵਾਰ ਨੂੰ ਇੱਕ ਟਾਉਨ ਹਾਲ ਮੀਟੰਗ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੋਠੀ, ਕੋਆਰਡੀਨੇਟਰ ਡਾ.ਪ੍ਰਿਤਪਾਲ ਸਿੰਘ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਅਤੇ ਫ੍ਰੈਂਡਸ ਆਫ ਅਮੈਰਿਕਨ ਸਿੱਖ ਕਾਕਸ ਤੋਂ ਹਰਪ੍ਰੀਤ ਸਿੰਘ ਸੰਧੂ ਨੇ ਪੈਨਲਿਸਟਸ ਵਜੋਂ ਹਿੱਸਾ ਲਿਆ। ਪੈਨਲਿਸਟਸ ਨੇ ਸਿੱਖ ਕੌਮ ਦੀ ਅਜ਼ਾਦੀ, ਅਮਰੀਕਾ ਵਿੱਚ ਸਿੱਖਾਂ ਦੀ ਪਹਿਚਾਣ, ਅਮਰੀਕਾ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਅਤੇ ਪਾਕਿਸਾਨ ਦੇ ਇਤਿਹਾਸਕ ਗੁਰੂਘਰਾਂ ਦੀ ਸੇਵਾਂ ਸੰਭਾਲ ਸਬੰਧੀ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਟੀਵੀ84 ਵੱਲੋਂ ਕੀਤੇ ਗਏ ਇਸ ਉਪਰਾਲੇ ਨੂੰ ਸਥਨਕ ਸੰਗਤਾਂ ਵੱਲੋਂ ਸਰਾਹਿਆ ਗਿਆ ਅਤੇ ਕੌਮ ਨੂੰ ਇਕੱਠਿਆਂ ਕਰਨ ਲਈ ਕੀਤੇ ਜਾ ਰਹੇ ਅਜਿਹੇ ਉੱਦਮਾਂ ਵਿੱਚ ਵਧ ਚੜ੍ਹ ਕੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ। ਸ਼ਾਮ ਦੇ ਦੀਵਾਨ ਵਿੱਚ ਬੋਲਦਿਆਂ ਡਾ.ਹਰਸ਼ਿੰਦਰ ਕੌਰ ਨੇ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਮਸਲਿਆਂ ਤੇ ਭਾਵਪੂਰਨ ਤਕਰੀਰ ਕੀਤੀ। ਉਹਨਾਂ ਕਿਹਾ ਕਿ ਅੱਜ ਸਿੱਖ ਕੌਮ ਗਫਲਤ ਦੀ ਨੀਂਦ ਸੌਂ ਚੁੱਕੀ ਹੈ, ਸਿੱਖ ਅੱਜ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਰਾਹ ਨੂੰ ਛੱਡ ਕੇ ਸਮਾਜਕ ਕੁਰੀਤੀਆਂ ਨੂੰ ਅੰਜਾਮ ਦੇ ਰਹੇ ਹਨ।
ਉਹਨਾਂ ਸੰਗਤ ਨੂੰ ਸਵਾਲ ਕੀਤਾ ਕਿ ਅੱਜ ਸਿੱਖਾਂ ਦੀ ਅਣਖ ਅਤੇ ਗੈਰਤ ਕਿੱਥੇ ਗੁਆਚ ਚੁੱਕੀ ਹੈ? ਉਹਨਾਂ ਤੋਂ ਬਾਅਦ ਸੰਗਤ ਨੂੰ ਸੰਬੋਧਨ ਹੁੰਦਿਆਂ ਡਾ.ਅਮਰਜੀਤ ਸਿੰਘ ਨੇ ਡਾ.ਹਰਸ਼ਿੰਦਰ ਕੌਰ ਦੀਆਂ ਗੱਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸਮਾਜਿਕ ਕੁਰੀਤੀਆਂ ਉਸ ਬਿਮਾਰੀ ਦੀਆਂ ਨਿਸ਼ਾਨੀਆਂ ਹਨ ਜਿਸ ਦੀਆਂ ਜੜ੍ਹਾਂ ਭ੍ਰਾਹਮਣਵਾਦ ਦੇ ਉਸ ਭ੍ਰਿਸ਼ਟ ਸਿਸਟਮ ਵਿੱਚ ਲੁਕੀਆਂ ਹੋਈਆਂ ਹਨ ਜਿਨਾਂ ਵੱਲੋਂ ਅੱਜ ਸਿੱਖ ਕੌਮ ਨੂੰ ਨਿਗਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਸਮੱਸਿਆਂਵਾਂ ਦੇ ਹੱਲ ਲਈ ਸਾਨੂੰ ਕੌਮ ਦੇ ਦੁਸ਼ਮਨਾਂ ਨੂੰ ਪਹਿਚਾਨ ਕੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਵੱਲ ਕਦਮ ਵਧਾਉਣ ਦੀ ਲੋੜ ਹੈ।

ਐਤਵਾਰ ਦੀ ਸਵੇਰ ਨੂੰ ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰੂਘਰ ਦੇ ਦੀਵਾਨ ਹਾਲ ਵਿਖੇ ਸੰਗਤ ਨੂੰ ਸੰਬੋਧਨ ਹੁੰਦਿਆਂ ਅਕਾਲੀ ਦਲ (ਅ) ਦੇ ਭਾਈ ਰੇਸ਼ਮ ਸਿੰਘ ਨੇ ਕਿਹਾ ਕੌਮ ਨੇ ਲੱਖਾਂ ਦੀ ਗਿਣਤੀ ਵਿੱਚ ਸਰਬੱਤ ਖਾਲਸਾ ਵਿੱਚ ਸ਼ਾਮਲ ਹੋ ਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਅਸੀਂ ਅੱਜ ਵੀ ਕੌਮੀ ਅਜ਼ਾਦੀ ਲਈ ਜੂਝਣ ਲਈ ਤਿਆਰ ਹਾਂ। ਟੀਵੀ84 ਵੱਲੋਂ ਕੌਮੀ ਹੱਕਾਂ ਦੀ ਕੀਤੀ ਜਾ ਰਹੀ ਗੱਲ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਟੀਵੀ84 ਵਰਗੇ ਪੰਥਕ ਮੀਡੀਆ ਦੀ ਸਖਤ ਲੋੜ ਹੈ।
ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਵੱਧ ਹੱਕਾਂ ਦੀ ਗੱਲ ਕਰਨ ਵਾਲੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਕੌਮ ਨੇ 1984 ਤੱਕ ਸੰਘਰਸ਼ ਕੀਤਾ ਪਰ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਕੌਮ ਦਾ ਨਿਸ਼ਾਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨਾਂ ਅਨੁਸਾਰ ਖਾਲਿਸਤਾਨ ਹੈ। ਅੱਜ ਸਾਡੇ ਵਿੱਚੋਂ ਕੁੱਝ ਵੀਰ ਦਿੱਲੀ ਦੀਆਂ ਪਾਰਟੀਆਂ ਜਿਨਾਂ ਵਿੱਚ ਗਾਂਧੀਵਾਦੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਨਾਲ ਰਲ ਕੇ ਪੰਜਾਬ ਦਾ ਕੁੱਝ ਸਵਾਰਨਾ ਚਾਹੁੰਦੇ ਹਨ ਪਰ ਗਾਂਧੀਵਾਦੀ ਸੋਚ ਵਿੱਚੋਂ ਪੰਜਾਬ ਦਾ ਕਦੇ ਭਲਾ ਨਹੀਂ ਹੋ ਸਕਦਾ। 2020 ਤੱਕ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਵਾਸਤੇ ਤਰਲੋਮੱਛੀ ਹੋ ਰਹੀਆਂ ਤਾਕਤਾਂ ਨਾਲ ਹੱਥ ਮਿਲਾਉਣ ਦੀ ਬਜਾਏ ਉਹਨਾਂ ਨਾਲ ਸਿੱਧੀ ਟੱਕਰ ਲੈਣ ਦੀ ਲੋੜ ਹੈ। ਡਾ.ਸਾਹਿਬ ਨੇ ਖਾਲਿਸਤਾਨ ਦੀ ਹਮਾਇਤ ਵਿੱਚ ਸੰਗਤ ਤੋਂ 5 ਨਾਅਰੇ ਲਗਵਾਏ ਜਿਨਾਂ ਨਾਲ ਸਾਰਾ ਦੀਵਾਨ ਹਾਲ ਗੂੰਜ ਉਠਿੱਆ।
ਡਾ.ਅਮਰਜੀਤ ਸਿੰਘ ਦੀ ਸਪੀਚ ਤੋਂ ਬਾਅਦ ਦੀਵਾਨ ਵਿੱਚ ਅਜਿਹਾ ਮਹੌਲ ਸਿਰਜਿਆ ਗਿਆ ਕਿ ਉਹਨਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਖਪਾਲ ਖਹਿਰਾ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਆਪਣੀ ਪਾਰਟੀ ਦਾ ਨਾਮ ਹੀ ਨਾ ਲਿਆ ਅਤੇ ਗੋਲਮੋਲ ਗੱਲਾਂ ਕਰਕੇ ਵਕਤ ਟਪਾਇਆ। ਉਨਹਾਂ ਕਿਹਾ ਕਿ ਇਸ ਇਤਿਹਾਸਕ ਸਥਾਨ ਤੇ ਜੁੜੀਆਂ ਸੰਗਤਾਂ ਦੇ ਮਨਾਂ ਵਿੱਚ ਪੰਜਾਬ ਲਈ ਦਰਦ ਦੇਖ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਤੁਸੀਂ ਅੱਜ ਅਮਰੀਕਾ ਦੀ ਧਰਤੀ ਤੇ ਆਪਣੇ ਵਿਚਾਰ ਬਿਨਾਂ ਕਿਸੇ ਢਰ ਭੈਅ ਤੋਂ ਖੁਲ ਕੇ ਰੱਖ ਸਕਦੇ ਹੋ, ਸਾਨੂੰ ਅਜਿਹਾ ਮਹੌਲ ਪੰਜਾਬ ਵਿੱਚ ਸਿਰਜਨ ਦੀ ਲੋੜ ਹੈ।
ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਸ਼ਾਮਲ ਹੋਈਆਂ ਹਜ਼ਾਰਾਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨਗਰ ਕੀਰਤਨ ਵਿੱਚ ਸਿੱਖ ਆਗੂ ਜੌਹਨ ਸਿੰਘ ਗਿੱਲ, ਲੈਥਰੋਪ ਸ਼ਹਿਰ ਦੇ ਮੇਅਰ ਸੁਖਮਿੰਦਰ ਧਾਲੀਵਾਲ, ਸਟਾਕਟਨ ਗੁਰੂਘਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਗਾਖਲ, ਕੁਲਵੰਤ ਸਿੰਘ ਖਹਿਰਾ, ਕੁਲਜੀਤ ਸਿੰਘ ਨਿੱਝਰ, ਹਰਪ੍ਰੀਤ ਸਿੰਘ ਸੰਧੂ ਸਮੇਤ ਹੋਰ ਆਗੂ ਸ਼ਾਮਲ ਹੋਏ।
ਨਗਰ ਕੀਰਤਨ ਵਿੱਚ ਮੁੱਖ ਫਲੋਟ ਤੋਂ ਇਲਾਵਾ ਸਿੱਖ ਯੂਥ ਆਫ ਅਮਰੀਕਾ, ਸਿੱਖਸ ਫਾਰ ਕਸਟਿਸ, ਗੁਰਦੁਆਰਾ ਸਾਹਿਬਾਨਾਂ ਦੇ ਫਲੋਟ ਸਮੇਤ ਸਿੱਖ ਨੌਜਵਾਨਾਂ ਦਾ ਮੋਟਰਸਾਈਕਲ ਜਥਾ ਮੁੱਖ ਅਕਰਸ਼ਕ ਦਾ ਕੇਂਦਰ ਰਿਹਾ। ਟੀਵੀ84 ਵੱਲੋਂ ਇਹਨਾਂ ਪ੍ਰੋਗਰਾਮਾਂ ਦੀ ਲਾਈਵ ਪ੍ਰਸਾਰਣ ਕੀਤਾ ਗਿਆ।