ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਮੰਡੀ ਬੋਰਡ ਤੇ ਗਮਾਡਾ ਵਿੱਚ ਤਾਇਨਾਤ ਰਹੇ ਮਸ਼ਹੂਰ ਨਿਗਰਾਨ ਇੰਜਨੀਅਰ ਸੁਰਿੰਦਰਪਾਲ ਸਿੰਘ ਪਹਿਲਵਾਨ ਖ਼ਿਲਾਫ਼ ਵਿਜੀਲੈਂਸ ਥਾਣਾ ਫ਼ੇਜ਼ 8, ਮੁਹਾਲੀ ਵਿੱਚ ਆਈ.ਪੀ.ਸੀ ਦੀ ਧਾਰਾ 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਅਧੀਨ ਇਕ ਹੋਰ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਜ. ਸੁਰਿੰਦਰਪਾਲ ’ਤੇ ਗਲਤ ਜਨਮ ਪ੍ਰਮਾਣ ਪੱਤਰ ਪੇਸ਼ ਕਰ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਪੰਜਾਬ ਮੰਡੀ ਬੋਰਡ, ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੇ ਸਬੰਧਤ ਮੁਲਾਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੰਜਨੀਅਰ ਸੁਰਿੰਦਰਪਾਲ ਸਿੰਘ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਨੇ 28 ਜਨਵਰੀ 1993 ਨੂੰ ਪੰਜਾਬ ਮੰਡੀ ਬੋਰਡ ਵਿੱਚ ਖਿਡਾਰੀ ਕੋਟੇ ਤਹਿਤ ਬਤੌਰ ਜੂਨੀਅਰ ਇੰਜਨੀਅਰ ਦੀ ਨੌਕਰੀ ਹਾਸਲ ਕੀਤੀ ਸੀ ਅਤੇ ਇਸ ਸਮੇਂ ਉਸ ਵੱਲੋਂ ਆਪਣੀ ਜਨਮ ਮਿਤੀ ਅਸਲ ਨਾਲੋਂ ਚਾਰ ਸਾਲ ਘੱਟ ਭਾਵ 11 ਦਸੰਬਰ 1971 ਦਰਸਾਈ ਗਈ ਸੀ, ਜਦੋਂ ਕਿ ਉਸ ਦੀ ਅਸਲ ਜਨਮ ਮਿਤੀ 11 ਦਸੰਬਰ 1967 ਹੈ। ਮੁੱਢਲੀ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਨੇ ਮਾਰਚ 1984 ਵਿੱਚ ਦਸਵੀਂ ਪਾਸ ਕੀਤੀ ਸੀ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਜ਼ਟ ਤੋਂ ਇਲਾਵਾ ਸਾਲ 1984 ਦੀ ਨਤੀਜਾ ਸ਼ੀਟ ’ਤੇ ਉਸ ਦੀ ਜਨਮ ਮਿਤੀ 11 ਦਸੰਬਰ 1967 ਦਰਸਾਈ ਗਈ ਹੈ, ਜਦੋਂ ਕਿ ਸਰਵਿਸ ਬੁੱਕ ਵਿੱਚ 11 ਦਸੰਬਰ 1971 ਦਰਜ ਹੈ।

ਸੁਰਿੰਦਰਪਾਲ ਨੇ ਸਰਕਾਰੀ ਮਿਡਲ ਸਕੂਲ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ 31 ਮਾਰਚ 1981 ਵਿੱਚ ਅੱਠਵੀਂ ਪਾਸ ਕੀਤੀ ਅਤੇ ਉਸ ਨੂੰ 10 ਜੂਨ 1981 ਨੂੰ ਅੱਠਵੀਂ ਜਮਾਤ ਦਾ ਸਰਟੀਫਿਕੇਟ ਜਾਰੀ ਹੋਇਆ ਸੀ। ਇਸ ਸਰਟੀਫਿਕੇਟ ਦੇ ਆਧਾਰ ’ਤੇ ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ, ਸ੍ਰੀ ਮੁਕਤਸਰ ਸਾਹਿਬ ਵਿੱਚ ਨੌਵੀਂ ਜਮਾਤ ਵਿੱਚ ਦਾਖ਼ਲਾ ਲਿਆ ਅਤੇ ਦਸਵੀਂ ਪਾਸ ਕੀਤੀ। ਇਨ੍ਹਾਂ ਸਕੂਲਾਂ ਵਿੱਚੋਂ ਪ੍ਰਾਪਤ ਰਿਕਾਰਡ ਅਨੁਸਾਰ ਸੁਰਿੰਦਰਪਾਲ ਦੀ ਜਨਮ ਮਿਤੀ 11 ਦਸੰਬਰ 1967 ਹੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਮੁਲਜ਼ਮ ਨੇ ਸਰਕਾਰੀ ਨੌਕਰੀ ਲੈਣ ਲਈ ਆਪਣੀ ਜਨਮ ਮਿਤੀ ਵਿੱਚ ਫੇਰਬਦਲ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਨੇ ਸਾਲ 1985-86 ਵਿੱਚ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਪਾਸ ਕਰਨ ਮਗਰੋਂ ਸਾਲ 1986-89 ਤੱਕ ਸਿਵਲ ਇੰਜਨੀਅਰਿੰਗ ਵਿੱਚ ਤਿੰਨ ਸਾਲਾ ਡਿਪਲੋਮਾ ਕੀਤਾ। ਇਸ ਸੰਸਥਾ ਦੇ ਰਿਕਾਰਡ ਵਿੱਚ ਵੀ ਸੁਰਿੰਦਰਪਾਲ ਦੀ ਅਸਲ ਜਨਮ ਮਿਤੀ ਹੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਉਸ ਨੇ ਪੰਜਾਬ ਮੰਡੀ ਬੋਰਡ/ਗਮਾਡਾ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਮਿਲੀਭੁਗਤ ਨਾਲ ਆਪਣੀ ਜਨਮ ਮਿਤੀ ਦੇ ਸਰਟੀਫਿਕੇਟ ਵਿੱਚ ਮਿਤੀ 11.12.1967 ਦੀ ਬਜਾਏ 11.12.1971 ਮਿਤੀ ਗਲਤ ਦਰਜ ਕਰਵਾਈ ਸੀ। ਵੱਖ-ਵੱਖ ਪਹਿਲੂਆਂ ਤੇ ਮੁੱਢਲੀ ਜਾਂਚ ਤੋਂ ਬਾਅਦ ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਅਤੇ ਸਬੰਧਤ ਕਰਮਚਾਰੀਆਂ ਨੂੰ ਇਸ ਮਾਮਲੇ ਵਿੱਚ ਬਤੌਰ ਸਹਿਯੋਗੀ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।
ਸਬੰਧਤ ਖ਼ਬਰ:
ਮੰਡੀ ਬੋਰਡ ਦਾ ਸੁਰਿੰਦਰਪਾਲ ਪਹਿਲਵਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਵਿਜੀਲੈਂਸ ਵਲੋਂ ਗ੍ਰਿਫਤਾਰ …