ਕਿਸੇ ਇਕ ਭਾਈਚਾਰੇ-ਵਿਸ਼ੇਸ਼ ਦੀ ਸਾਂਝੀ ਪਛਾਣ ਨੂੰ ਬਣਾਉਣ, ਢਾਲਣ ਅਤੇ ਉਸਾਰਨ ਲਈ ਖਿੱਤਾ, ਆਰਥਿਕਤਾ, ਧਰਮ, ਰਾਜਨੀਤੀ, ਵਿੱਦਿਆ, ਸੱਭਿਆਚਾਰ ਤੇ ਬੋਲੀ ਦੀ ਵੱਡੀ ਭੂਮਿਕਾ ਹੁੰਦੀ ਹੈ।
ਪਿਛਲੀਆਂ 5 ਸਦੀਆਂ ਦੌਰਾਨ ਸਿੱਖ ਭਾਈਚਾਰਾ ਕਦੇ ਆਪਣੀ ਧਾਰਮਿਕ ਪਛਾਣ ਨੂੰ ਸਥਾਪਿਤ ਕਰਨ ਲਈ ਇਸਲਾਮ ਵਿਰੁੱਧ ਲੜਦਾ ਰਿਹਾ ਹੈ, ਕਦੇ ਆਪਣੀ ਆਰਥਿਕ ਪਹਿਚਾਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਸੰਘਰਸ਼ ਕਰਦਾ ਰਿਹਾ ਹੈ ਅਤੇ ਕਦੇ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿਚ ਸਿੱਖ ਰਾਜ ਦੀ ਕਾਇਮੀ ਅਤੇ ਫਿਰ ਪੰਜਾਬੀ ਸੂਬੇ ਦੀ ਸਥਾਪਤੀ ਤੱਕ ਆਪਣੀ ਖੇਤਰੀ ਪਛਾਣ ਜਤਾਉਂਦਾ ਰਿਹਾ, ਕਦੇ ਆਪਣੀ ਰਾਜਨੀਤਕ ਪਹਿਚਾਣ ਲਈ ਕੇਂਦਰੀ ਸਰਕਾਰਾਂ ਵਿਰੁੱਧ ਝੰਡੇ ਚੁੱਕਦਾ ਰਿਹਾ ਤੇ ਜੇਲ੍ਹਾਂ ਭਰਦਾ ਰਿਹਾ ਹੈ।
ਪਰ ਆਪਣੀ ਭਾਸ਼ਾਈ ਪਛਾਣ ਲਈ ਸਿੱਖ ਭਾਈਚਾਰਾ ਸਦਾ ਸੰਵੇਦਨਾਹੀਣ ਰਿਹਾ ਹੈ। ਇਸ ਦੇ ਇਤਿਹਾਸਕ ਕਾਰਨ ਹੋ ਸਕਦੇ ਹਨ। ਪੰਜਾਬ ਬਾਹਰਲੇ ਹਮਲਾਵਰਾਂ ਦਾ ਪ੍ਰਵੇਸ਼-ਦੁਆਰ ਰਿਹਾ ਹੈ, ਜਿਸ ਕਰਕੇ ਆਪਣੀ ਧਾਰਮਿਕ ਪਛਾਣ ਨੂੰ ਹਰ ਹੀਲੇ ਬਰਕਰਾਰ ਰੱਖਣ ਲਈ ਸੱਭਿਆਚਾਰ ਅਤੇ ਬੋਲੀ ਪੱਖੋਂ ਅਵੇਸਲਾ ਹੀ ਰਹਿੰਦਾ ਰਿਹਾ ਹੈ।
ਸਾਡਾ ਰਹਿਣ-ਸਹਿਣ ਅਤੇ ਬੋਲ-ਬਾਣੀ ਬਾਹਰੋਂ ਆਏ ਹਾਕਮਾਂ ਮੁਤਾਬਕ ਬਦਲਦੀ ਰਹੀ ਹੈ। ਮੁਗਲ ਆਏ ਤਾਂ ਅਸੀਂ ਸਲਵਾਰਾਂ ਪਾ ਲਈਆਂ, ਅੰਗਰੇਜ਼ ਆਏ ਤਾਂ ਪਤਲੂਣਾਂ ਪਾ ਲਈਆਂ। ਅਰਬੀ-ਫ਼ਾਰਸੀ ਸਾਡੀ ਵਿਦਵਤਾ ਦੀ ਜ਼ਾਮਨੀ ਬਣ ਗਈ ਸੀ ਅਤੇ ਅੰਗਰੇਜ਼ੀ ਅੱਜ ਤੱਕ ਸਾਡੇ ਘਰਾਂ-ਪਰਿਵਾਰਾਂ ਤੱਕ ਘਰ ਕਰ ਚੁੱਕੀ ਹੈ।
ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਭਾਸ਼ਾ ਦੇ ਸਰੋਕਾਰ ਦਾ ਹਵਾਲਾ ਸਿੱਖ ਪਛਾਣ ਅੱਗੇ ਸਿੱਖ ਚੁਣੌਤੀਆਂ ਦੇ ਸੰਦਰਭ ਵਿਚ ਹੀ ਵੇਖਿਆ ਜਾਣਾ ਚਾਹੀਦਾ ਹੈ। ‘ਘਰ-ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ’ ਦਾ ਗੁਰਵਾਕ ਮਾਤ-ਭਾਸ਼ਾ ਪ੍ਰਤੀ ਸਾਡੀ ਸੰਵੇਦਨਾਹੀਣ ਮਾਨਸਿਕਤਾ ਨੂੰ ਹੀ ਪ੍ਰਗਟਾਉਂਦਾ ਹੈ।
ਉਂਜ ਤਾਂ ਤਤਕਾਲੀ ਪਰਿਵੇਸ਼ ਵਿਚ ਫਾਰਸੀ ਆਪਣੇ ਸਮੇਂ ਦੀ ਵਿਕਸਤ ਅਤੇ ਟਕਸਾਲੀ ਬੋਲੀ ਸੀ।ਭਾਰਤ ਵਿਚ ਵਿਦਵਤਾ ਦੀ ਵਾਹਕ ਸੀ, ਪਰ ਗੁਰੂ ਕਾਲ ਸਮੇਂ ਗੁਰਮਤਿ ਦੇ ਪ੍ਰਸਾਰ-ਪ੍ਰਚਾਰ ਲਈ ਪੰਜਾਬੀ ਨੂੰ ਸੁਚੇਤ ਤੌਰ ‘ਤੇ ਅਪਣਾਇਆ ਗਿਆ ਸੀ, ਜਿਸ ਕਰਕੇ ਗੁਰੂ ਸਹਿਬਾਨ ਨੇ ਪੰਜਾਬੀ ਵਿਚ ਆਪਣੀ ਬਾਣੀ ਰਚੀ ਅਤੇ ਪੰਜਾਬੀ ਵਿਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਸ਼ਾਹਕਾਰ ਸੰਸਾਰ ਨੂੰ ਸਮਰਪਿਤ ਕੀਤਾ।
ਸਿੱਖ ਭਾਈਚਾਰੇ ਨੇ ਪਿੰਡ-ਪਿੰਡ ਗੁਰਦੁਆਰਾ ਸਾਹਿਬ ਉਸਾਰ ਕੇ ਆਪਣੀ ਧਾਰਮਿਕ ਪਛਾਣ ਦੇ ਜੁੱਗੋ-ਜੁੱਗ ਅਟੱਲ ਝੰਡੇ ਲਹਿਰਾ ਦਿੱਤੇ, ਜਿਸ ਬਾਰੇ ਅਸੀਂ ਅੱਜ ਵੀ ਬੜੇ ਸੰਵੇਦਨਸ਼ੀਲ ਹਾਂ, ਪਰ ਉਨ੍ਹਾਂ ਦੇ ਬਾਕੀ ਪਛਾਣ-ਚਿੰਨ੍ਹ ਸੁਤੰਤਰ ਹੋਂਦ ਧਾਰਨ ਨਹੀਂ ਕਰ ਸਕੇ।
ਸਾਡੀ ਰਾਜਨੀਤੀ, ਸਾਡੀ ਆਰਥਿਕਤਾ, ਸਾਡਾ ਭਾਈਚਾਰਾ ਤੇ ਸਾਡਾ ਸਮਾਜਿਕ ਕਾਰ-ਵਿਹਾਰ ਸਾਡੀ ਧਾਰਮਿਕ-ਪਛਾਣ ਵਿਚੋਂ ਹੀ ਅਰਥ ਗ੍ਰਹਿਣ ਕਰਦਾ ਹੈ। ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾਈ ਬੈਠੇ ਅਸੀਂ ਗੁਰਮੁਖੀ ਭਾਸ਼ਾ ਵਾਲੇ ਅਨਿੰਨ ਸਿੱਖ ਹਾਂ, ਪਰ ਚਾਰਦੀਵਾਰੀ ਤੋਂ ਬਾਹਰ ਘਰ, ਪਰਿਵਾਰ, ਸਮਾਜ ਅਤੇ ਸਮੁੱਚੇ ਗਲੋਬ ਵਿਚ ਅਸੀਂ ਤੁਰੰਤ ਮਾਂ-ਬੋਲੀ ਪੰਜਾਬੀ ਤੋਂ ਪੱਲਾ ਝਾੜ ਲੈਂਦੇ ਹਾਂ।
ਅਸੀਂ ਦੂਜੇ ਖਿੱਤੇ ਜਾਂ ਦੇਸ਼ ਦੇ ਧਰਮ ਅਤੇ ਧਾਰਮਿਕ ਰਹੁ-ਰੀਤਾਂ ਨੂੰ ਜਾਣਨ/ਅਪਣਾਉਣ ਤੋਂ ਗੁਰੇਜ਼ ਕਰਦੇ ਹਾਂ, ਪਰ ਉਨ੍ਹਾਂ ਦੇ ਸੱਭਿਆਚਾਰ ਜਾਂ ਭਾਸ਼ਾ ਨੂੰ ਅਪਣਾਉਣ ਲਈ ਕਾਹਲੇ ਰਹਿੰਦੇ ਹਾਂ। ਸਾਡੀਆਂ ਸਿੱਖ ਵਿੱਦਿਅਕ ਸੰਸਥਾਵਾਂ ਵਿਚ ਸਿਰਫ਼ ਸਾਡੀ ਧਾਰਮਿਕ ਪਛਾਣ ਦਾ ਸਖਤ ਧਿਆਨ ਰੱਖਿਆ ਜਾਂਦਾ ਹੈ। ਪਰ ਉੱਥੇ ਉਸ ਬੋਲੀ/ਭਾਸ਼ਾ ਦੀ ਖੂਬ ਬੇਕਦਰੀ ਹੁੰਦੀ ਹੈ, ਜਿਸ ਵਿਚ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਹੈ।
ਪੰਜਾਬੀ ਬੋਲੀ ਦੀ ਕੀਮਤ ਉੱਤੇ ਗੁਰਬਾਣੀ ਦੇ ਪਾਠ ਲਈ ਹਿੰਦੀ ਜਾਂ ਅੰਗਰੇਜ਼ੀ ਭਾਸ਼ਾਵਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਆਪਣੀ ਭਾਸ਼ਾਈ ਪਛਾਣ ਤੋਂ ਅਸੀਂ ਬੇਮੁੱਖ ਹੋਏ ਲੋੜ ਸਮੇਂ ਵਿਆਹ/ਮਰਗ ਦੇ ਕਾਰਡ ਵੀ ‘ਅਵਰ ਬੋਲੀ’ ਜਾਂ ਲਿਪੀ ਵਿਚ ਛਪਵਾਉਂਦੇ ਹਾਂ।
ਸਿੱਖ ਭਾਈਚਾਰਾ 21ਵੀਂ ਸਦੀ ਦੇ ਅਖੀਰ ਤੱਕ ਦੁਨੀਆ ਦੇ ਗਲੋਬ ਉੱਤੇ ਹੋਰ ਫੈਲ ਸਕਦਾ ਹੈ। ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਜਾਰਜੀਆ ਵਰਗੇ ਦੇਸ਼ਾਂ ਵਿਚ ਖੇਤੀਬਾੜੀ ਕਰਕੇ ਆਪਣੀ ਵੱਖਰੀ ਆਰਥਿਕ ਪਛਾਣ ਰੱਖ ਸਕਦਾ ਹੈ। ਉਥੋਂ ਦੇ ਸਰਕਾਰੀ-ਤੰਤਰ ਵਿਚ ਆਪਣੀ ਥਾਂ ਬਣਾ ਕੇ ਰਾਜਨੀਤਕ ਪਛਾਣ ਬਣਾ ਸਕਦਾ ਹੈ। ਸਿੱਖ ਵਿੱਦਿਅਕ ਅਦਾਰੇ ਖੋਲ੍ਹ ਕੇ ਆਪਣੀ ਘੱਟ ਗਿਣਤੀ ਧਾਰਮਿਕ ਪਛਾਣ ਨੂੰ ਉਜਾਗਰ ਕਰ ਸਕਦਾ ਹੈ। ਇਹ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਗਲੋਬਲ ਪੱਧਰ ‘ਤੇ ਵਸੇ ਗੰਭੀਰ ਤੇ ਜਾਗਰੂਕ ਸਿੱਖ ਭਾਈਚਾਰੇ ਲਈ ਉਸ ਦੀ ਪਛਾਣ ਅੱਗੇ ਦਰਪੇਸ਼ ਚੁਣੌਤੀਆਂ ਵਿਚ ਭਾਸ਼ਾ ਦਾ ਸਰੋਕਾਰ ਸੇਹ ਦੇ ਤੱਕਲੇ ਵਾਂਗ ਉਨ੍ਹਾਂ ਦੀ ਮਾਨਸਿਕਤਾ ਵਿਚ ਚੁੱਭਦਾ ਰਹੇਗਾ।
ਨਵੀਂ ਪੀੜ੍ਹੀ ਸਥਿਰ ਅਤੇ ਮਜ਼ਬੂਤ ਆਰਥਿਕਤਾ, ਰਾਜਨੀਤਕ ਮਾਣ-ਇੱਜ਼ਤ, ਅਤਿ ਆਧੁਨਿਕ ਸਿੱਖਿਆਯਾਫ਼ਤੀ ਅਤੇ ਵਿਸ਼ਾਲ-ਆਲੀਸ਼ਾਨ ਬੰਗਲਿਆਂ ਅਤੇ ਧਾਰਮਿਕ ਸਥਾਨਾਂ ਉਤੇ ਗਰਬ ਮਹਿਸੂਸ ਕਰੇਗੀ, ਪਰ ਆਪਣੀ ਮੂਲ ਪਛਾਣ ਦੀਆਂ ਜੜ੍ਹਾਂ ਤੱਕ ਜਾਣ ਲਈ ਉਹ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲਵੇਗੀ ਤਾਂ ਉਸ ਸਮੇਂ ਸ਼ਰਮਸਾਰ ਅਤੇ ਪਛਤਾਵੇ ਵਾਲੇ ਆਲਮ ਵਿਚੋਂ ਗੁਜ਼ਰਦੀ ਮਹਿਸੂਸ ਕਰੇਗੀ।
ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਹਾਤਮ ਅਤੇ ਮਰਮ ਨੂੰ ਸਹੀ ਅਰਥਾਂ ਵਿਚ ਪੜ੍ਹਨ-ਸਮਝਣ ਲਈ ਇਕੋ-ਇਕ ਗੁਰਮੁਖੀ ਲਿਪੀ ਵਾਲੀ ਪੰਜਾਬੀ ਭਾਸ਼ਾ ਹੀ ਹੋ ਸਕਦੀ ਹੈ, ਕੋਈ ‘ਅਵਰ ਬੋਲੀ’ ਨਹੀਂ। ਇਸ ਲਈ ਭਵਿੱਖੀ ਸਿੱਖ ਪਛਾਣ ਅੱਗੇ ਮੌਜੂਦਾ ਦਰਪੇਸ਼ ਚੁਣੌਤੀਆਂ ਵਿਚ ਭਾਸ਼ਾ ਦੇ ਸਰੋਕਾਰ ਨੂੰ ਅੱਜ ਤੋਂ ਹੀ ਸਮਝਣ ਦੀ ਅਤਿ ਲੋੜ ਹੈ।
ਪੰਜਾਬੋਂ ਬਾਹਰ ਦੇਸ਼-ਵਿਦੇਸ਼ ਵਿਚ ਸਿੱਖ ਭਾਈਚਾਰਾ ਇਕੱਠਾ ਹੋ ਕੇ ਜਦੋਂ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਦਾ ਹੈ, ਉਸ ਦੇ ਨਾਲ-ਨਾਲ ਵੱਖਰੇ ਪੰਜਾਬੀ ਸਕੂਲ ਦੀ ਉਸਾਰੀ ਵੀ ਲਾਜ਼ਮੀ ਹੈ, ਜਿਵੇਂ ਹੁਣੇ-ਹੁਣੇ ਫਿਲੀਪੀਨਜ਼ ਦੇ ਇਕ ਟਾਪੂ ਉੱਤੇ ਪੰਜਾਬੀ-ਸਕੂਲ ਦੀ ਨੀਂਹ ਰੱਖੀ ਗਈ ਹੈ। ਅਜਿਹੀ ਚੇਤਨਾ ਤੇ ਉਪਰਾਲਿਆਂ ਨਾਲ ਹੀ ਭਵਿੱਖੀ ਸਿੱਖ-ਪਛਾਣ ਦਾ ਸਾਫ਼-ਸਫ਼ਾਫ਼ ਮੂੰਹ-ਮੁਹਾਂਦਰਾ ਮੂਰਤੀਮਾਨ ਹੋ ਸਕਦਾ ਹੈ।
-ਪ੍ਰਿੰਸੀਪਲ, ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ