ਚੰਡੀਗੜ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਕਾਲਜ ਅਧਿਆਪਕਾਂ ਦੀ ਨਿਯੁਕਤੀ ਅਤੇ ਤਰੱਕੀ ਲਈ ਪੀਐਚਡੀ ਲਾਜ਼ਮੀ ਕਰ ਦਿੱਤੀ ਹੈ। ਯੂਜੀਸੀ ਵਲੋਂ ਜਾਰੀ ਤਾਜ਼ਾ ਹਦਾਇਤਾਂ ਵਿੱਚ ਪੀਐਚਡੀ ਤੋਂ ਬਗ਼ੈਰ ਅਧਿਆਪਕਾਂ ਨੂੰ ਅੱਠ ਹਜ਼ਾਰ ਗਰੇਡ ਪੇਅ ਨਹੀਂ ਦਿੱਤਾ ਜਾਵੇਗਾ।ਇਸ ਤੋਂ ਪਹਿਲਾਂ ਨੈੱਟ ਪਾਸ ਉਮੀਦਵਾਰਾਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਹਾਇਕ ਪ੍ਰੋਫੈਸਰ ਦੇ ਅਹੁਦੇ ’ਤੇ ਨਿਯੁਕਤ ਕੀਤਾ ਜਾਂਦਾ ਰਿਹਾ ਹੈ ।
ਸਹਾਇਕ ਪ੍ਰੋਫੈਸਰ ਦੀ ਐਸੋਸੀਏਟ ਪ੍ਰੋਫੈਸਰ ਵੱਜੋਂ ਤਰੱਕੀ ਲਈ ਪੀਐਚਡੀ ਲਾਜ਼ਮੀ ਕਰ ਦਿੱਤੀ ਗਈ ਹੈ। ਤਾਜ਼ਾ ਹਦਾਇਤਾਂ ਦੇ ਮੁਤਾਬਿਕ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਦੀ ਡਿਊਟੀ ਵੀ ਵਧਾ ਕੇ ਪੰਜ ਤੋਂ ਸੱਤ ਘੰਟੇ ਕਰ ਦਿੱਤੀ ਗਈ ਹੈ। ਐਮਫਿੱਲ ਅਤੇ ਪੀਐਚਡੀ ਅਧਿਆਪਕਾਂ ਨੂੰ ਤਿੰਨ ਅਤੇ ਪੰਜ ਸਾਲ ਦੀ ਦਿੱਤੀ ਜਾ ਰਹੀ ਵਿਸ਼ੇਸ਼ ਤਰੱਕੀ ਵੀ ਬੰਦ ਕਰ ਦਿੱਤੀ ਗਈ ਹੈ।
ਐਸੋਸੀਏਟ ਦੀ ਸਿੱਧੀ ਭਰਤੀ ਵਾਸਤੇ ਸੱਤ ਖ਼ੋਜ ਪੇਪਰ ਲਾਜ਼ਮੀ ਕਰ ਦਿੱਤੇ ਗਏ ਹਨ ਪਹਿਲਾਂ ਇਹ ਗਿਣਤੀ ਪੰਜ ਸੀ। ਇਨ੍ਹਾਂ ਹਦਾਇਤਾਂ ਵਿੱਚ ਅਧਿਆਪਕਾਂ ਨੂੰ 65 ਸਾਲ ਦੀ ਸੇਵਾਮੁਕਤੀ ਤੋਂ ਬਾਅਦ ਸੱਤਰ ਸਾਲ ਦੀ ਉਮਰ ਤਕ ਕੰਟਰੈਕਟ ’ਤੇ ਨੌਕਰੀ ਕਰਨ ਦੀ ਛੋਟ ਦੇ ਦਿੱਤੀ ਗਈ ਹੈ।ਇੱਕ ਵੱਖਰੀ ਜਾਣਕਾਰੀ ਮੁਤਾਬਿਕ ਯੂਜੀਸੀ ਵਲੋਂ ਪਦ ਉਨਤੀ ਲਈ ਅਕਾਦਮਿਕ ਪ੍ਰਫ਼ਾਰਮੈਂਸ ਇੰਡੀਕੇਟਰ ਬਾਰੇ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਂਝ ਯੂਜੀਸੀ ਦੀਆਂ ਇਹ ਹਦਾਇਤਾਂ ਲਾਗੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਈਆਂ ਹਨ ਅਤੇ ਵੱਖ ਵੱਖ ਅਧਿਆਪਕ ਜਥੇਬੰਦੀਆਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਯੂਜੀਸੀ ਨੇ ਜਾਰੀ ਕੀਤੀਆਂ ਨਵੀਆਂ ਹਦਾੲਤਾਂ ਲਾਗੂ ਕਰਨ ਤੋਂ ਪਹਿਲਾਂ ਅਧਿਆਪਕਾਂ ਤੋਂ ਸੋਧ ਲਈ ਸੁਝਾਅ ਮੰਗ ਲਏ ਹਨ। ਤਾਜ਼ਾ ਹਦਾਇਤਾਂ ਵਿੱਚ ਸੋਧ ਲਈ ਸੁਝਾਅ ਦੇਣ ਦੀ ਆਖ਼ਰੀ ਤਰੀਕ 28 ਫਰਵਰੀ ਮਿੱਥੀ ਗਈ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀਜ਼ ਐਂਡ ਕਾਲਜਿਜ਼ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਡਾਕਟਰ ਜਗਵੰਤ ਸਿੰਘ ਨੇ ਕਿਹਾ ਹੈ ਕਿ ਕਾਲਜਾਂ ਵਿੱਚ ਕੰਮ ਕਰਦੇ ਅਧਿਆਪਕਾਂ ’ਤੇ ਪੀਐਚਡੀ ਦੀ ਸ਼ਰਤ ਲਾਉਣੀ ਬੇਤੁਕੀ ਹੈ ,ਕਾਲਜਾਂ ਵਿੱਚ ਖ਼ੋਜ ਦੀ ਸਹੂਲਤ ਨਹੀਂ ਹੈ। ਪੰਜਾਬ ਐਜੂਕੇਸ਼ਨਿਸਟ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਤਾਜ਼ਾ ਹਦਾਇਤਾਂ ਅਧਿਆਪਕਾਂ ਦੀ ਤਰੱਕੀ ਰੋਕਣ ਵਾਲੀਆਂ ਹਨ ਅਤੇ ਪੀਐਚਡੀ ਦੀ ਸ਼ਰਤ ਗ਼ਲਤ ਹੈ।