ਲੰਦਨ (16 ਫ਼ਰਵਰੀ 2015): ਮੰਗਲ ਗ੍ਰਹਿ ‘ਤੇ ਜਾਕੇ ਸਦਾ ਲਈ ਰਹਿਣ ਅਤੇ ਕਾਲੌਨੀ ਵਸਾਉਣ ਲਈ ਚੋਣ ਪ੍ਰਕ੍ਰਿਆ ਵਿੱਚ ਸਿੱਖ ਵਿਦਿਆਰਥੀ ਤਰਨਜੀਤ ਸਿੰਘ ਭਾਟੀਆ ਤੀਜੇ ਗੇੜ ਦੇ 100 ਵਿਅਕਤੀਆਂ ਵਿੱਚ ਸ਼ਾਮਲ ਹੈ ਅਤੇ ਉਹ 2024 ‘ਚ ਮੰਗਲ ‘ਤੇ ਪੁੱਜਣ ਵਾਲੇ ਚਾਰ ਵਿਅਕਤੀਆਂ ‘ਚੋਂ ਇਕ ਹੋ ਸਕਦਾ ਹੈ।

ਇਸ ਮਿਸ਼ਨ ਲਈ ਸ਼ੁਰੂ ‘ਚ 202,586 ਅਰਜ਼ੀਆਂ ਮਿਲੀਆਂ ਸਨ, ਅਤੇ ਤੀਜੇ ਗੇੜ ‘ਚ ਪੁੱਜਣ ਵਾਲਿਆਂ ‘ਚ ਸਿਰਫ਼ 100 ਵਿਅਕਤੀ ਰਹਿ ਗਏ ਹਨ। ਨੀਦਰਲੈਂਡ ਅਧਾਰਤ ਸੰਗਠਨ ਮਾਰਸ ਵਨ ਨੇ ਇਹ ਐਲਾਨ ਕੀਤਾ।
ਇਸ ਪ੍ਰਾਜੈਕਟ ਅਧੀਨ ਮੰਗਲ ਗ੍ਰਹਿ ‘ਤੇ ਮਨੁੱਖਾਂ ਦੀ ਕਾਲੋਨੀ ਵਸਾਈ ਜਾਵੇਗੀ ਜਿਸ ਲਈ ਸ਼ੁਰੂ ‘ਚ 4 ਜਣਿਆਂ ਨੂੰ ਭੇਜਿਆ ਜਾਵੇਗਾ ਅਤੇ ਇਸ ਮਿਸ਼ਨ ਅਧੀਨ ਕੁੱਲ 40 ਜਣੇ ਮੰਗਲ ਗ੍ਰਹਿ ‘ਤੇ ਜਾਣਗੇ ਜੋ ਕਿ ਸਾਰੀ ਉਮਰ ਉੱਥੇ ਹੀ ਰਹਿਣਗੇ। ਚਾਰ ਸਫ਼ਲ ਵਿਅਕਤੀਆਂ ਨੂੰ ਸੱਤ ਸਾਲਾਂ ਤਕ ਸਿਖਲਾਈ ਦਿਤੀ ਜਾਵੇਗੀ ਅਤੇ 2024 ‘ਚ ਇਨ੍ਹਾਂ ਨੂੰ ਮੰਗਲ ਗ੍ਰਹਿ ‘ਤੇ ਭੇਜਿਆ ਜਾਵੇਗਾ।
ਅਗਲੇ ਗੇੜ ‘ਚ ਪੁੱਜਣ ਵਾਲੇ 100 ‘ਚੋਂ 50 ਮਰਦ ਅਤੇ 50 ਔਰਤਾਂ ਸ਼ਾਮਲ ਹਨ। ਇਨ੍ਹਾਂ ‘ਚੋਂ 39 ਅਮਰੀਕੀ, 31 ਯੂਰਪੀ, 16 ਏਸ਼ੀਆਈ, 7 ਅਫ਼ਰੀਕੀ ਅਤੇ 7 ਓਸ਼ੀਆਨੀਆ ਦੇ ਹਨ। ਭਾਰਤੀ ਉਮੀਦਵਾਰਾਂ ‘ਚੋਂ 29 ਸਾਲਾਂ ਦਾ ਤਰਨਜੀਤ ਸਿੰਘ ਭਾਟੀਆ ਸ਼ਾਮਲ ਹੈ।
ਤਰਨਜੀਤ ਸਿੰਘ ਜੋ ਕਿ ਸੈਂਟਰਲ ਫ਼ਲੋਰੀਡਾ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ‘ਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਹੈ। ਤੀਜੇ ਗੇੜ ਲਈ 660 ਜਣਿਆਂ ‘ਚੋਂ 100 ਜਣਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਨਲਾਈਨ ਇੰਟਰਵਿਊ ‘ਚ ਸ਼ਾਮਲ ਹੋਏ ਜਿਸ ਨੂੰ ਨਾਰਬਰਟ ਕਰਾਫ਼ਟ, ਚੀਫ਼ ਮੈਡੀਕਲ ਅਫ਼ਸਰ ਨੇ ਲਿਆ ਸੀ।
ਇੰਟਰਵਿਊ ਦੌਰਾਨ ਉਮੀਦਵਾਰਾਂ ਨੇ ਮੰਗਲ ‘ਤੇ ਜਾਣ ਦੇ ਖ਼ਤਰੇ, ਟੀਮ ਭਾਵਨਾ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਇਸ ਮਿਸ਼ਨ ਹਿੱਸਾ ਲੈਣ ਪਿੱਛੇ ਪ੍ਰੇਰਨਾ ਬਾਰੇ ਪੁੱਛਿਆ ਗਿਆ ਸੀ। ਅਗਲੇ ਗੇੜ ‘ਚ ਅਜਿਹੀ ਟੀਮ ਬਣਾਉਣ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਜਿਸ ਮੰਗਲ ‘ਤੇ ਰਹਿਣ ਲਈ ਹਰੇਕ ਮੁਸ਼ਕਲ ਝੱਲਣ ਦੀ ਕਾਬਲੀਅਤ ਹੋਵੇ।