ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੱਲੀਆ ਵਿਖੇ ਹਾਲਾਤ ਉਦੋਂ ਗੰਭੀਰ ਹੋ ਗਏ ਜਦੋਂ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਜਾਂਦੀ ਸੜਕ ‘ਤੇ ਕਿਸੇ ਵੱਲੋਂ ਗੁਟਕਾ ਸਾਹਿਬ ਦੇ ਪਵਿੱਤਰ ਪੰਨਿਆਂ ਨੂੰ ਬੇਅਦਬ ਕੀਤਾ ਗਿਆ।ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪਿੰਡ ਦੇ ਇੱਕ ਨੌਜਵਾਨ ਦੀ ਸੜਕ ‘ਤੇ ਜਾਂਦਿਆਂ ਇਹਨਾਂ ਪੰਨਿਆਂ ਤੇ ਨਜਰ ਪਾਈ।ਨੌਜਵਾਨ ਵੱਲੋਂ ਪਿੰਡ ਦੇ ਹੋਰ ਲੋਕਾਂ ਨੂੰ ਇਸ ਬਾਰੇ ਦੱਸਿਆ ਗਿਆ।
ਬੇਅਦਬੀ ਦੀ ਖਬਰ ਫੈਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਪਿੰਡ ਮੱਲੀਆ ਵਿਖੇ ਇਕੱਤਰ ਹੋ ਗਈਆਂ ਤੇ ਸੰਗਤਾਂ ਵੱਲੋਂ ਇਸ ਘਟਨਾ ਦੇ ਰੋਸ ਵਜੋਂ ਤਰਨਤਾਰਨ-ਜੰਡਿਆਲਾ ਰੋਡ ‘ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ ਗਿਆ।ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਜਾਂਚ ਲਈ ਸਿੱਖ ਜਥੇਬੰਦੀਆਂ ਨਾਲ ਸਾਂਝੀ ਕਮੇਟੀ ਬਣਾਉਣ ਦੇ ਐਲਾਨ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਪ੍ਰਤੱਖ ਦਰਸ਼ੀਆਂ ਅਨੁਸਾਰ ਗੁਰਬਾਣੀ ਦੇ ਪਵਿੱਤਰ ਪੰਨੇ ਫਾੜ ਕੇ ਖਿਲਾਰੇ ਗਏ ਸਨ ਅਤੇ ਕਈ ਜਗ੍ਹਾ ਲਿਫਾਫੇ ਵਿੱਚ ਬੰਦ ਕਰਕੇ ਦੱਬੇ ਵੀ ਗਏ ਸਨ।
ਬੇਅਦਬੀ ਦੀ ਖਬਰ ਮਿਲਣ ‘ਤੇ ਤਰਨਤਾਰਨ ਦੇ ਡਿਪਟੀ ਕਮੀਸ਼ਨਰ ਬਲਵਿੰਦਰ ਸਿੰਘ ਧਾਲੀਵਾਲ, ਐਸ.ਪੀ ਹੈਡਕੁਆਰਟਰ ਨਰਿੰਦਰ ਬੇਦੀ, ਡੀ.ਐਸ.ਪੀ ਸੁਖਵਿੰਦਰ ਸਿੰਘ ਮੌਕੇ ਤੇ ਪਹੁੰਚੇ।