40 ਮੁਕਤਿਆਂ ਦੀ ਪਵਿੱਤਰ ਧਰਤੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਘੀ ਦੇ ਮੇਲੇ ਤੇ ਸਿਆਸੀ ਸਟੇਜਾਂ ਸਜੀਆਂ।ਪਰ ਇਸ ਵਾਰ ਇਹ ਸਿਆਸੀ ਸਟੇਜਾਂ ਦੀ ਚਰਚਾ ਲੋਕਾਂ ਦੇ ਜਹਿਨ ਵਿੱਚ ਜਿਆਦਾ ਭਾਰੂ ਨਜਰ ਆਈ, ਮੁਕਾਬਲੇ ਸ਼ਹੀਦਾਂ ਦੀ ਸ਼ਹਾਦਤ ਅਤੇ ਸਿੱਖਿਆ ਤੋਂ।ਇਸ ਦਾ ਕਾਰਨ ਇਹ ਰਿਹਾ ਕਿ ਇੱਕ ਤਾਂ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕੀਤੇ ਜਾ ਚੁੱਕੇ ਹਨ ਤੇ ਦੂਜਾ ਕਿ ਇਨ੍ਹਾਂ ਚੋਣਾਂ ਵਿੱਚ ਮੁਕਾਬਲਾ ਤਿਕੋਣਾ ਹੋ ਚੁਕਿਆ ਹੈ। ਪੰਜਾਬ ਦੀਆਂ ਦੋ ਮਕਬੂਲ ਰਵਾਇਤੀ ਸਿਆਸੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਤੋਂ ਇਲਾਵਾ ਇਸ ਵਾਰ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਿਆਸਤ ਵਿੱਚ ਵਧੀ ਮਕਬੂਲੀਅਤ ਨਾਲ ਮੁਕਾਬਲਾ ਰੋਮਾਂਚਕ ਹੋ ਚੁੱਕਿਆ ਹੈ।

ਹਲਾਂਕਿ ਲੋਕਾਂ ਵੱਲੋਂ ਸੂਬੇ ਦੀ ਸਰਕਾਰ ਚੁਣਨਾ ਇੱਕ ਗੰਭੀਰ ਮਸਲਾ ਹੈ ਪਰ ਜਿਹੋ ਜਿਹਾ ਰੰਗ ਪੰਜਾਬ ਵਿੱਚ ਇਨ੍ਹਾਂ ਮਕਬੂਲ ਸਿਆਸੀ ਧਿਰਾਂ ਦਾ ਨਜਰੀ ਪੈ ਰਿਹਾ ਉਸ ਨੂੰ ਅਸੀ ਕੁਝ ਸਮੇਂ ਦਾ ਰੋਮਾਂਚ ਹੀ ਕਹਿ ਸਕਦੇ ਹਾਂ ਜੋ 2017 ਵਿੱਚ ਚੋਣਾਂ ਤੋਂ ਬਾਅਦ ਖਤਮ ਹੋ ਜਾਵੇਗਾ।ਅਜੇ ਤੱਕ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦੀ ਸਿਆਸਤ ਮੁਦਿਆਂ ਤੋਂ ਰਹਿਤ ਹੋ ਕੇ ਸਿਰਫ ਦੂਸ਼ਣਬਾਜੀ ਤੱਕ ਸੀਮਤ ਹੋ ਗਈ ਹੈ।
ਮਾਘੀ ਦੇ ਮੇਲੇ ਤੇ ਮੁਕਤਸਰ ਸਾਹਿਬ ਦੀ ਧਰਤੀ ਤੇ ਸਿਆਸੀ ਕਾਨਫਰੰਸਾਂ ਵਿੱਚ ਜੋ ਸਭ ਤੋਂ ਵੱਧ ਖਿੱਚ ਦਾ ਕੇਂਦਰ ਸੀ ਉਹ ਸੀ ਦਿੱਲੀ ਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਰਵਿੰਦ ਕੇਜਰੀਵਾਲ।ਜੇ ਲੋਕਾਂ ਦੀ ਹਾਜਰੀ ਦੇ ਪੱਖ ਤੋਂ ਵੇਖੀਏ ਤਾਂ ਇੰਝ ਕਹਿ ਸਕਦੇ ਹਾਂ ਕਿ ਲੱਖਾਂ ਲੋਕਾਂ ਦਾ ਹਜੂਮ ਦਰਿਆ ਬਣ ਕੇ ਸਰਕਾਰ ਵੱਲੋਂ ਲਾਈਆਂ ਰੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਅਰਵਿੰਦ ਕੇਜਰੀਵਾਲ ਨੂੰ ਸੁਣਨ ਲਈ ਪਹੁੰਚਿਆ, ਤੇ ਕਾਂਗਰਸ ਦੀ ਰੈਲੀ ਵਿੱਚ ਵੀ ਲੋਕਾਂ ਦੀ ਆਮਦ ਭਾਰੀ ਸੀ ਪਰ ਆਮ ਆਦਮੀ ਪਾਰਟੀ ਨਾਲੋਂ ਘੱਟ ਤੇ ਬਾਦਲਾਂ ਦੀ ਰੈਲੀ ਵਿੱਚ ਜੁੜੇ ਲੋਕਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਹੁਣ ਸੁਖਬੀਰ ਦਾ 25 ਸਾਲ ਰਾਜ ਕਰਨ ਦਾ ਸੁਪਨਾ ਪੰਜਾਬ ਦੇ ਲੋਕ ਪੂਰਾ ਨਹੀਂ ਕਰਨਾ ਚਾਹੁੰਦੇ।
ਟੋਪੀ ਵਾਲਾ ਕੇਜਰੀਵਾਲ ਸਿੱਖ ਦੇ ਸਿਰ ਦੀ ਸ਼ਾਨ ਦਸਤਾਰ ਨੂੰ ਟੋਪੀ ਵਾਂਗ ਸਿਰ ਤੇ ਪਾ ਕੇ ਪਹਿਲੀ ਵਾਰ ਪੰਜਾਬ ਵਿੱਚ ਅਜਿਹੇ ਇਕੱਠ ਸਾਹਮਣੇ ਸੰਬੋਧਨ ਹੋਇਆ।ਦਸਤਾਰ ਨੂੰ ਇਸ ਤਰ੍ਹਾਂ ਟੋਪੀ ਦੀ ਤਰਜ ਤੇ ਕੇਜਰੀਵਾਲ ਦੇ ਸਿਰ ਤੇ ਰੱਖਣਾ ਹੀ ਕਈ ਦਿਲਾਂ ਨੂੰ ਸੋਚੀਂ ਪਾ ਗਿਆ ਕਿ ਇਹ ਵੀ ਉਸੇ ਦਿੱਲੀ ਤੋਂ ਆਇਆ, ਜਿਸ ਤੋਂ ਪਹਿਲਾਂ ਕਈ ਭਾਰਤੀ ਰਾਸ਼ਟਰਵਾਦੀ ਆਗੂ ਸਿਆਸੀ ਸਟੇਜਾਂ ਤੇ ਆ ਕੇ ਪੰਜਾਬ ਦੇ ਲੋਕਾਂ ਨੂੰ ਲਾਰਿਆਂ ਦਾ ਸਵਾਦ ਚਖਾ ਚੁੱਕੇ ਹਨ।ਕੇਜਰੀਵਾਲ ਨੇ ਇਸ ਤੋਂ ਅਗਲੀ ਗੱਲ ਕਰਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਫਤਹਿ ਨਾਲ ਕੀਤੀ ਤੇ ਹੈਰਾਨੀ ਇਸ ਗੱਲ ਤੇ ਹੋਈ ਕਿ ਜਿਹੜੀ ਭਾਰਤ ਮਾਤਾ ਆਪ ਦੀਆਂ ਪੰਜਾਬ ਵਾਲੀਆਂ ਸਟੇਜਾਂ ਤੋਂ ਗਵਾਚ ਗਈ ਸੀ ਉਹ ਕੇਜਰੀਵਾਲ ਦੀ ਹਾਜਰੀ ਵਿੱਚ ਵੀ ਗਵਾਚੀ ਹੀ ਰਹੀ।ਇੰਝ ਪ੍ਰਤੀਤ ਹੋ ਰਿਹਾ ਹੈ ਕਿ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਇਸ ਗੱਲ ਨੂੰ ਸਮਝ ਗਈ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੀ ਭਾਰਤ ਮਾਤਾ ਨੂੰ ਪਸੰਦ ਨਹੀਂ ਕਰਦੇ।
ਕੇਜਰੀਵਾਲ ਨੇ ਉਹੀ ਕਿਹਾ ਜੋ ਛੋਟੇਪੁਰ, ਭਗਵੰਤ ਮਾਨ ਤੇ ਸੰਜੇ ਸਿੰਘ ਸਾਰੀਆਂ ਸਟੇਜਾਂ ਤੋਂ ਕਹਿੰਦੇ ਆ ਰਹੇ ਹਨ ਮਤਲਬ ਵਿਰੋਧੀਆਂ ਤੇ ਦੂਸ਼ਣਬਾਜੀ ਹੀ ਕੀਤੀ ਤੇ ਦੋ ਖਾਸ ਗੱਲਾਂ ਜੋ ਕਹੀਆਂ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾ ਨਾ ਦਿੱਤੀ ਤਾਂ ਉਸ ਨੂੰ ਕੋਈ ਅਰਵਿੰਦ ਕੇਜਰੀਵਾਲ ਨਾ ਕਹੇ ਤੇ ਦੂਜਾ ਉਸ ਨੇ ਪੰਜਾਬ ਦੇ ਲੋਕਾਂ ਨੂੰ ਵੰਗਾਰ ਪਾਈ ਕਿ ਪੰਜਾਬ ਵਿੱਚ ਸਿਆਸੀ ਬਦਲਾਅ ਲਿਆਉਣ ਲਈ ਉਹ ਆਪਣੀ ਸ਼ਹਾਦਤ ਵੀ ਦੇਣ ਨੂੰ ਤਿਆਰ ਹੈ, ਪਰ ਇਤਿਹਾਸ ਗਵਾਹ ਹੈ ਕਿ ਅਜਿਹੀਆਂ ਗੱਲਾਂ ਦਿੱਲੀ ਤੋਂ ਆਇਆ ਹਰ ਆਗੂ ਕਰਦਾ ਰਿਹਾ ਹੈ ਪਰ ਸ਼ਹਾਦਤਾਂ ਤਾਂ ਅਣਖੀ ਪੰਜਾਬੀਆਂ ਦੇ ਹੀ ਹਿੱਸੇ ਆਈਆਂ ਹਨ।
ਇੱਕ ਹੋਰ ਮਹੱਤਵਪੂਰਣ ਗੱਲ ਜੋ ਨਜਰ ਆਈ ਕਿ ਭਾਵੇਂ ਮੁੱਢ ਤੋਂ ਸੰਜੇ ਸਿੰਘ ਇਹ ਗੱਲ ਕਹਿੰਦਾ ਰਿਹਾ ਹੈ ਕਿ ਪੰਜਾਬ ਵਿੱਚ ਫੈਂਸਲੇ ਪਾਰਟੀ ਦੇ ਪੰਜਾਬੀ ਆਗੂ ਹੀ ਲੈਣਗੇ ਪਰ ਜਿਸ ਤਰ੍ਹਾਂ ਪਾਰਟੀ ਦੇ ਪੰਜਾਬੀ ਆਗੂਆਂ ਨੇ ਅਰਵਿੰਦ ਕੇਜਰੀਵਾਲ ਨੂੰ ਜਰਨੈਲੀ ਦੇ ਖਿਤਾਬ ਦਿੱਤੇ ਤਾਂ ਪ੍ਰਤੀਤ ਹੋ ਰਿਹਾ ਸੀ ਕਿ ਪੰਜਾਬ ਚੱਲੇਗਾ ਦਿੱਲੀ ਤੋਂ ਹੀ ਭਾਵੇਂ ਚਲਾਉਣ ਵਾਲਾ ਕੋਈ ਵੀ ਹੋਵੇ।ਛੋਟੇਪੁਰ ਤਾਂ ਕੇਜਰੀਵਾਲ ਦੀ ਤਾਰੀਫ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਕਿ ਉਸ ਨੇ ਇੱਕ ਤਰ੍ਹਾਂ ਕੇਜਰੀਵਾਲ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਕਰ ਦਿੱਤੀ। ਜਾ ਤਾਂ ਸਾਹਮਣੇ ਬੈਠੇ ਮਾਲਵੇ ਦੇ ਸਿੱਖ ਇਸ ਗੱਲ ਨੂੰ ਸਮਝ ਨਹੀਂ ਸਕੇ ਜਾ ਫੇਰ ਉਨ੍ਹਾਂ ਦੀਆਂ ਅੱਖਾਂ ਤੇ ਬਾਦਲਾਂ ਵਿਰੁੱਧ ਗੁਸੇ ਦਾ ਅਜਿਹਾ ਹਨੇਰ ਛਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਹੁਣ ਇਸ ਵਿੱਚੋ ਇੱਕ ਕੇਜਰੀਵਾਲ ਨਾ ਦਾ ਹੀ ਚਾਨਣ ਨਜਰੀ ਆਉਂਦਾ ਹੈ।
ਹਲਾਂਕਿ ਬਾਦਲਾਂ ਦੇ ਘਰ ਵਿੱਚ ਆ ਕੇ ਉਨ੍ਹਾਂ ਨੂੰ ਲਲਕਾਰ ਜਰੂਰ ਮਾਰ ਗਿਆ ਕਿ ” ਮੇਰਾ ਤਾਂ ਤੁਹਾਡਾ ਤਾਇਆ ਮੋਦੀ ਨਹੀਂ ਕੁਝ ਵਿਗਾੜ ਸਕਿਆ ਤਾਂ ਤੁਹਾਡੀ ਕੀ ਔਕਾਤ”। ਭਾਵੇਂ ਕਿ ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਅਜਾਦੀ ਤੋਂ ਬਾਅਦ ਅੱਜ ਤੱਕ 15 ਅਗਸਤ ਨੂੰ ਹਰ ਪ੍ਰਧਾਨ ਮੰਤਰੀ ਰਟਿਆ ਰਟਾਇਆ ਭਾਸ਼ਣ ਦੇ ਦਿੰਦਾ ਹੈ, ਪਰ ਕੰਨ ਖੋਲ ਕੇ ਸੁਣਨ ਵਾਲੇ ਨੂੰ ਸਾਫ ਪਤਾ ਲੱਗਦਾ ਹੈ ਕਿ ਭਗਵੰਤ ਮਾਨ, ਛੋਟੇਪੁਰ ਨੇ ਵੀ ਆਪਣੇ ਭਾਸ਼ਣ ਰੱਟ ਹੀ ਲਏ ਹਨ ਜੋ ਉਨ੍ਹਾਂ ਫਤਿਹਗੜ੍ਹ ਸਾਹਿਬ ਕਿਹਾ ਉਹੀ ਕੁਝ ਥੋੜਾ ਘਟਾ ਵਧਾ ਕੇ ਮੁਕਤਸਰ ਸਾਹਿਬ ਕਿਹਾ।
ਇਸ ਵਾਰ ਮੁਕਤਸਰ ਦੀ ਰੈਲੀ ਵਿੱਚ ਸੁਪਨਾ ਟੁਟਦਾ ਵੇਖ ਕੇ ਸੁਖਬੀਰ ਸਿੰਘ ਬਾਦਲ ਨੂੰ ਗਰਮੀ ਆ ਗਈ ਤੇ ਉਨ੍ਹਾਂ ਉਹ ਸੇਕ ਆਪਣੀ ਪਾਰਟੀ ਦੇ ਵਰਕਰਾਂ ਤੱਕ ਭੇਜਣ ਦੀ ਪੂਰੀ ਕੋਸ਼ਿਸ਼ ਕਰਦਿਆਂ ਪੰਥ ਨੂੰ ਚੇਤੇ ਕੀਤਾ। ਸੁਖਬੀਰ ਬਾਦਲ ਨੇ ਭਾਵੇਂ ਕਿਹਾ ਕਿ “ਅਕਾਲੀਓ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿਓ ਤੇ ਟੋਪੀਆਂ ਵਾਲਿਆਂ ਨੂੰ ਭਜਾ ਦਿਓ” ਪਰ ਪੰਥ ਵੱਲੋਂ ਜੋ ਜਵਾਬ ਉਨ੍ਹਾਂ ਦੀ ਇਸ ਵੰਗਾਰ ਦਾ ਸੁਣਨ ਨੂੰ ਮਿਲਿਆ ਉਹ ਇਹ ਸੀ ਕਿ “ਬਾਦਲ ਸਾਹਿਬ ਜੇ ਤੁਸੀ ਆਰ.ਐਸ.ਐਸ ਦੀਆਂ ਟੋਪੀਆਂ ਦੀ ਛਤਰ ਛਾਇਆ ਮਾਣੀ ਤਾਂ ਹੀ ਅੱਜ ਪੰਜਾਬ ਵਿੱਚ ਆਪ ਦੀਆਂ ਟੋਪੀਆਂ ਦੀ ਚੜਤ ਹੋਈ ਹੈ”।
ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਤੇ ਇਹ ਸਵਾਲ ਚੁੱਕਿਆ ਹੈ ਕਿ ਦਰਿਆਈ ਪਾਣੀਆਂ ਅਤੇ ਚੰਡੀਗਡ਼੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਵਰਗੇ ਮੁੱਦਿਆਂ ’ਤੇ ਹਰਿਆਣਾ ਦਾ ਜੰਮਪਲ ਤੇ ਦਿੱਲੀ ਦਾ ਮੁੱਖ ਮੰਤਰੀ ਹੋਣ ਕਾਰਨ ਕੇਜਰੀਵਾਲ ਸਾਫ ਕਰੇ ਕਿ ਉਹ ਪੰਜਾਬ ਦੇ ਪੱਖ ਵਿੱਚ ਖੜੇਗਾ ਜਾ ਹਰਿਆਣੇ ਦੇ ਪੱਖ ਵਿੱਚ। ਭਾਵੇਂਕਿ ਹਰ ਪੰਜਾਬੀ ਜਾਣਦਾ ਹੈ ਕਿ ਇਹ ਪੰਜਾਬ ਦੇ ਅਸਲ ਤੇ ਸੱਚੇ ਮੁੱਦੇ ਹਨ ਜਿਨ੍ਹਾਂ ਲਈ ਅਨੇਕਾਂ ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ ਹਨ ਪਰ ਇਨ੍ਹਾਂ ਦਾ ਹੱਲ ਨਾ ਬਾਦਲਾਂ ਨੇ ਕੀਤਾ ਨਾ ਕੈਪਟਨ ਨੇ ਤੇ ਨਾ ਕੇਜਰੀਵਾਲ ਕਰਦਾ ਨਜਰ ਆ ਰਿਹਾ ਹੈ।
ਇਸ ਸਾਰੇ ਰੌਲੇ ਦੌਰਾਨ ਇੱਕ ਸਟੇਜ ਪੰਥਕ ਧਿਰਾਂ ਦੀ ਵੀ ਲੱਗੀ ਸੀ ਜਿਸ ਤੇ ਮੁੱਖ ਤੋਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਦਾ ਪ੍ਰਬੰਧ ਸੀ।ਲੋਕਾਂ ਦੀ ਹਾਜਰੀ ਪੱਖੋਂ ਇਹ ਸਟੇਜ ਫਾਡੀ ਹੀ ਰਹੀ।ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਤੋਂ ਬਾਅਦ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਉਸ ਸਮਾਗਮ ਵਿੱਚ ਹੋਇਆ ਲੱਖਾਂ ਦਾ ਇਕੱਠ ਸਿਆਸੀ ਪਿੜ ਵਿੱਚ ਪੰਥਕ ਧਿਰਾਂ ਵੱਲ ਪਿੱਠ ਕਰ ਆਮ ਆਦਮੀ ਪਾਰਟੀ ਵੱਲ ਮੂੰਹ ਕਰਕੇ ਖੜ ਗਿਆ ਹੈ।ਹਲਾਂਕਿ ਪੰਥਕ ਧਿਰਾਂ ਵੱਲੋਂ ਖਡੂਰ ਸਾਹਿਬ ਚੋਣ ਇਕੱਠਿਆਂ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਮਾਘੀ ਦੇ ਮੇਲੇ ਦੀਆਂ ਸਿਆਸੀ ਕਾਨਫਰੰਸਾਂ ਤੇ ਪੰਜਾਬ ਦੇ ਮੁੱਦਿਆਂ ਅਤੇ ਉਨ੍ਹਾਂ ਨੂੰ ਕੋਈ ਕਿਵੇਂ ਹੱਲ ਕਰੇਗਾ ਇਸ ਤੋਂ ਇਲਾਵਾ ਬਹੁਤ ਗੱਲਾਂ ਹੋਈਆਂ। ਲੋਕਾਂ ਦੇ ਇਕੱਠ ਤੋਂ ਤਾਂ ਅਸੀ ਇਹ ਕਹਿ ਸਕਦੇ ਹਾਂ ਕਿ ਮਾਘੀ ਦੀਆਂ ਸਿਆਸੀ ਕਾਨਫਰੰਸਾਂ ਦਾ ਮੈਦਾਨ ਆਮ ਆਦਮੀ ਪਾਰਟੀ ਨੇ ਮਾਰ ਲਿਆ ਹੈ, ਹੁਣ ਪੰਜਾਬ ਦੀ ਸਿਆਸਤ ਦਾ ਅਗਲਾ ਪਿੜ ਖਡੂਰ ਸਾਹਿਬ ਵਿਖੇ ਲੱਗੇਗਾ ਜਿੱਥੇ 13 ਫਰਵਰੀ ਨੂੰ ਜਿਮਨੀ ਚੋਣਾਂ ਹੋਣਗੀਆਂ।
ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਕੇ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੇ ਹੱਥੀਂ ਲਿਖਿਆ ਬੇਦਾਵਾ ਗੁਰੂ ਪਾਤਸ਼ਾਹ ਤੋਂ ਪੜਵਾ ਲਿਆ ਸੀ, ਪਰ ਅੱਜ ਦਾ ਸਿੱਖ ਜਿਸ ਦਾ ਸਭ ਕੁਝ ਪੰਜਾਬ ਦੀ ਸਿਆਸਤ ਤੇ ਨਿਰਭਰ ਕਰਦਾ ਹੈ, ਉਹ ਅਜੇ ਵੀ ਗੁਰੂ ਵੱਲ ਮੂੰਹ ਕਰਕੇ ਬੇਦਾਵਾ ਪੜਵਾਉਂਦਾ ਨਜਰ ਨਹੀਂ ਆ ਰਿਹਾ ਤੇ ਗੈਰਾਂ ਤੇ ਆਸ ਟਿਕਾਈ ਬੈਠਾ ਹੈ।