ਸਾਲ 2014 ਦੌਰਾਨ ਭਾਰਤੀ ਉਪਮਹਾਂਦੀਪ ਦੇ ਖਿੱਤੇ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ। ਮੋਦੀ ਸਰਕਾਰ ਦੇ ਹੋਂਦ ਵਿਚ ਆਉਣ ਦੇ ਸਮੇਂ ਤੋਂ ਹੀ ਇਹ ਖਦਸ਼ੇ ਪਰਗਟਾਏ ਜਾਂ ਰਹੇ ਸਨ ਕਿ ਹਿੰਦੂਤਵੀ ਤਾਕਤਾਂ ਆਪਣੀਆਂ ਚਿਰਾਂ ਤੋਂ ਮਿੱਥੀਆਂ ਨੀਤੀਆਂ ਤਹਿਤ ਇਸ ਖਿੱਤੇ ਵਿਚ ਸਮਾਜਕ ਪੱਧਰ ਉੱਤੇ ਵੱਡੀ ਹਿਲਜੁਲ ਕਰਨ ਦੇ ਯਤਨ ਕਰਨਗੀਆਂ ਤਾਂ ਕਿ ਇਸ ਖਿੱਤੇ ਦੇ ਭਗਵੇਂਕਰਨ ਦੇ ਅਮਲ ਨੂੰ ਤੇਜ ਕੀਤਾ ਜਾਂ ਸਕੇ। ਹਾਲ ਹੀ ਦੇ ਸਮੇਂ ਵਿਚ ਵਾਪਰੀਆਂ ਘਟਨਾਵਾਂ – ਜਿਸ ਵਿਚ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵਿਮੁਲਾ ਵਲੋਂ ਖੁਦਕੁਸ਼ੀ ਕਰਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਿਰਸਿਟੀ ਦੇ ਵਿਦਿਆਰਥੀਆਂ ਵਿਰੁਧ ਦੇਸ਼ ਧਰੋਹ ਦਾ ਮਾਮਲਾ ਦਰਜ਼ ਹੋਣਾ ਮੁੱਖ ਹੈ, ਨੂੰ ਇਸ ਖਦਸ਼ੇ ਦੇ ਅਮਲੀ ਰੂਪ ਧਾਰਨ ਦੀ ਪ੍ਰਕਿਰਿਆ ਵੱਜੋਂ ਵੇਖਿਆ ਜਾਂ ਰਿਹਾ ਹੈ।

ਰੋਹਿਤ ਵਿਮੁਲਾ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿਚ ਖੋਜਾਰਥੀ ਸੀ ਜੋ ਕਿ ਪੀ. ਐਚ. ਡੀ. ਕਰ ਰਿਹਾ ਸੀ। ਉਹ ਡਾ. ਭੀਮ ਰਾਓ ਅੰਬਦੇਕਰ ਦੀ ਵਿਚਾਰਧਾਰਾ ਦਾ ਧਾਰਨੀ ਸੀ ਅਤੇ ਦਲਿਤ ਚੇਤਨਾ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੀ “ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ” ਨਾਲ ਜੁੜਿਆ ਹੋਇਆ ਸੀ। ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਅਤੇ ਰੋਹਿਤ ਵਿਮੁਲਾ ਵੱਲੋਂ ਆਰ. ਐਸ. ਐਸ. ਅਤੇ ਹਿੰਦੂਤਵ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਂਦਾ ਸੀ ਅਤੇ ਰੋਹਿਤ ਵੱਲੋਂ ਮੰਨੂੰਵਾਦ ਦਾ ਖੁੱਲ੍ਹ ਕੇ ਨਿਖੇਦ ਕੀਤਾ ਜਾਂਦਾ ਸੀ। ਇਸ ਤਹਿਤ ਕਥਿਤ ਤੌਰ ਉੱਤੇ ਰੋਹਿਤ ਵਿਮੁਲਾ ਅਤੇ ਉਸ ਦੇ ਸਾਥੀਆਂ ਨੂੰ ਹਿੰਦੂਤਵੀ ਤਾਕਤਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਤੇ ਉਸ ਨੂੰ ਸਾਥੀਆਂ ਸਮੇਤ ਹੈਦਰਾਬਾਦ ਯੂਨੀਵਰਸਿਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਰੋਹਿਤ ਨੇ 17 ਜਨਵਰੀ ਨੂੰ ਖੁਦਕੁਸ਼ੀ ਕਰ ਲਈ ਅਤੇ ਉਸ ਵੱਲੋਂ ਲਿਖੀ ਗਈ ਆਖਰੀ ਚਿੱਠੀ ਨੇ ਇਸ ਸਮੁੱਚੇ ਮਾਮਲੇ ਨੂੰ ਵੱਡੇ ਮੰਚ ਉੱਤੇ ਉਭਾਰ ਦਿੱਤਾ। ਇਸ ਘਟਨਾ ਨੇ ਅੰਬੇਦਕਰਵਾਦੀਆਂ ਅਤੇ ਹਿੰਦੁਤਵ ਵਿਚਲੇ ਟਕਰਾਅ ਨੂੰ ਸਪਸ਼ਟ ਰੂਪ ਵਿਚ ਸਾਹਮਣੇ ਲੈ ਆਂਦਾ ਹੈ।
ਰੋਹਿਤ ਵਿਮੁਲਾ ਵਾਲਾ ਮਾਮਲਾ ਅਜੇ ਭਖਿਆ ਹੀ ਹੋਇਆ ਸੀ ਕਿ ਇਸੇ ਦੌਰਾਨ ਜਵਾਹਰ ਲਾਲ ਨਹਿਰੂ ਯੂਨੀਵਿਰਸਿਟੀ ਵਿਚ ਹੋਣ ਵਾਲੇ ਇਕ ਸਮਾਗਮ ਸੰਬੰਧੀ ਖੱਬੇ-ਪੱਖੀ ਵਿਚਾਰਧਾਰਾ ਵਾਲੇ ਕੁਝ ਵਿਦਿਆਰਥੀ ਆਗੂਆਂ ਖਿਲਾਫ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿਮੰਤਰੀ ਰਾਜ ਨਾਥ ਸਿੰਘ ਦੀਆਂ ਹਿਦਾਇਤਾਂ ਅਨੁਸਾਰ ਦੇਸ਼-ਧਰੋਹ ਦਾ ਮਾਮਲਾ ਦਰਜ਼ ਹੋ ਗਿਆ।
9 ਫਰਵਰੀ 2016 ਨੂੰ ਜਵਾਹਰ ਲਾਲ ਨਹਿਰੂ ਯੂਨੀਵਿਰਸਿਟੀ ਵਿਚ ਕਸ਼ਮੀਰੀ ਨਾਗਰਿਕ ਅਫਜ਼ਲ ਗੁਰੂ ਨੂੰ ਭਾਰਤ ਸਰਕਾਰ ਵੱਲੋਂ 2013 ਵਿਚ ਦਿੱਤੀ ਗਈ ਫਾਂਸੀ ਬਾਰੇ ਇਕ ਸਮਾਗਮ ਰੱਖਿਆ ਗਿਆ ਸੀ। ਇਹ ਸਮਾਗਮ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਜਾਜਤ ਨਾਲ ਹੀ ਹੋ ਰਿਹਾ ਸੀ ਪਰ ਸਮਾਗਮ ਤੋਂ ਐਨ ਪਹਿਲਾਂ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏ. ਬੀ. ਵੀ. ਪੀ. ਦੀ ਸ਼ਿਕਾਇਤ ਉੱਤੇ ਇਹ ਮਨਜੂਰੀ ਰੱਦ ਕਰ ਦਿੱਤੀ ਗਈ। ਖਬਰਾਂ ਅਨੁਸਾਰ ਇਸ ਤੋਂ ਬਾਅਦ ਯੂਨੀਵਰਸਿਟੀ ਵਿਚ ਕੁਝ ਧਿਰਾਂ (ਖੱਬੇ ਪੱਖੀਆਂ ਅਤੇ ਹਿੰਦੂਵਾਦੀਆਂ) ਵਿਚ ਟਕਰਾਅ ਵੀ ਹੋਇਆ ਅਤੇ ਕਥਿਤ ਭਾਰਤ ਵਿਰੋਧੀ ਨਾਅਰੇ ਲਗਾਏ ਗਏ। ਇਸ ਤੋਂ ਬਾਅਦ ਆਰ. ਐਸ. ਐਸ. ਦੇ ਸਮਰਥਕਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਿਰਸਿਟੀ ਨੂੰ ਬੰਦ ਕਰਨ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ। ਕੇਂਦਰੀ ਮੰਤਰੀਆਂ ਨੇ ਜੇ. ਐਨ. ਯੂ. ਮਾਮਲੇ ਬਾਰੇ ਬਿਆਨ ਦਿੱਤੇ ਅਤੇ ਪੁਲਿਸ ਨੇ ਸਮਾਗਮ ਕਰਵਾਉਣ ਵਾਲੇ ਵਿਦਿਆਰਥੀਆਂ ਵਿਰੁਧ ਦੇਸ਼ ਧਰੋਹ ਦਾ ਮਾਮਲਾ ਦਰਜ਼ ਕਰ ਦਿੱਤਾ। ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਿਰਸਿਟੀ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ ਕਨੱਈਆ ਕੁਮਾਰ ਨੂੰ ਗਿਫਤਾਰ ਕਰ ਲਿਆ ਗਿਆ। ਅਦਾਲਤ ਵਿਚ ਪੇਸ਼ੀ ਦੌਰਾਨ ਵਕੀਲਾਂ ਤੇ ਭਾਜਪਾ ਸਮਰਥਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਅਦਾਲਤੀ ਕੰਪਲੈਕਸ ਵਿਚ ਭਾਜਪਾ ਦੇ ਵਿਧਾਇਕ ਓ. ਪੀ. ਸ਼ਰਮਾ ਵਲੋਂ ਜੇ. ਐਨ. ਯੂ. ਦੇ ਵਿਦਿਆਰਥੀਆਂ ਦੀ ਵੀ ਕੁੱਟਮਾਰ ਕੀਤੀ ਗਈ। ਹੁਣ ਇਸ ਮਾਮਲੇ ਵਿਚ ਦੋ ਹੋਰ ਵਿਦਿਆਰਥੀ ਆਗੂਆਂ ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਜੇ. ਐਨ. ਯੂ. ਦੇ ਮਾਮਲੇ ਵਿਚ ਹਿੰਦੂਤਵੀਆਂ ਵੱਲੋਂ ਜਿਸ ਤਰ੍ਹਾਂ ਦਾ ਪ੍ਰਤੀਕਰਮ ਜ਼ਾਹਰ ਕੀਤਾ ਗਿਆ ਹੈ ਉਸ ਨੇ ਇਸ ਖਿੱਤੇ ਦੇ ਚਿੰਤਕਾਂ ਤੇ ਮੀਡੀਆਂ ਵਿਚ ਤਿੱਖੀ ਬਹਿਸ ਛੇੜ ਦਿੱਤੀ ਹੈ। ਮੀਡੀਆ ਦੇ ਕਈ ਹਿੱਸੇ ਖੁੱਲ੍ਹ ਕੇ ਇਨ੍ਹਾਂ ਘਟਾਨਵਾਂ ਬਾਰੇ ਹਿੰਦੂਤਵੀ ਨਜ਼ਰੀਏ ਦਾ ਪ੍ਰਚਾਰ ਕਰ ਰਹੇ ਹਨ ਤੇ ਦੂਜੇ ਪਾਸੇ ਮੀਡੀਆ ਦਾ ਇਕ ਹਿੱਸਾ ਇਸ ਵਰਤਾਰੇ ਵਿਰੁਧ ਲਗਾਤਾਰ ਆਵਾਜ਼ ਚੁੱਕ ਰਿਹਾ ਹੈ। ਭਾਰਤੀ ਉਪਮਹਾਂਦੀਪ ਦੀ ਸਿਆਸਤ ਵਿਚ ਇਨ੍ਹਾਂ ਘਟਨਾਵਾਂ ਨੇ ਨਵੇਂ ਉੱਭਰ ਰਹੇ ਸਮੀਕਰਨਾਂ ਨੂੰ ਹੀ ਰੂਪਮਾਨ ਕੀਤਾ ਹੈ, ਜਿਸ ਬਾਰੇ ਸਿੱਖ ਸਿਆਸਤ ਦੇ ਮੁੱਖ ਸੰਪਾਦਕ ਪਰਮਜੀਤ ਸਿੰਘ ਵੱਲੋਂ ਸਿੱਖ ਚਿੰਤਕ ਸ: ਅਜਮੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ।
ਇਸ ਗੱਲਬਾਤ ਦੀ ਸ਼ੁਰੂਆਤ ਵਿਚ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਸ: ਅਜਮੇਰ ਸਿੰਘ ਤੋਂ ਪੁੱਛਿਆ ਕਿ ਕੀ ਹੈਦਰਾਬਾਦ ਤੇ ਜੇ. ਐਨ. ਯੂ. ਦੀਆਂ ਘਟਨਾਵਾਂ ਤੇ ਇਨ੍ਹਾਂ ਤੋਂ ਬਾਅਦ ਉੱਠੇ ਰੌਂਅ ਨੂੰ ਭਾਰਤ ਅੰਦਰ ਪਹਿਲਾਂ ਤੋਂ ਚੱਲੇ ਆਉਂਦੇ ਰੁਝਾਨਾਂ ਦੀ ਲਗਾਤਾਰਤਾ ਹੀ ਮੰਨਿਆ ਜਾਵੇ ਜਾਂ ਫਿਰ ਕੀ ਇਨ੍ਹਾਂ ਘਟਨਾਵਾਂ ਨੇ ਕਿਸੇ ਨਵੇਂ ਵਰਤਾਰੇ ਨੂੰ ਪਰਗਟ ਕੀਤਾ ਹੈ? ਇਸ ਦੇ ਜਵਾਬ ਵਿਚ ਸ: ਅਜਮੇਰ ਸਿੰਘ ਨੇ ਕਿਹਾ ਕਿ ਜੋ ਰੁਝਾਨ ਪਹਿਲਾਂ ਪਣਪ ਰਹੇ ਸਨ ਉਹ ਹੁਣ ਵੱਧ ਉਭਰ ਕੇ ਸਾਹਮਣੇ ਆਏ ਹਨ। ਇਸ ਨੂੰ ਬਿਲਕੁੱਲ ਨਵਾਂ ਰੁਝਾਨ ਨਹੀਂ ਕਿਹਾ ਜਾਂ ਸਕਦਾ ਪਰ ਇਹ ਵੀ ਨਹੀਂ ਕਿਹਾ ਜਾਂ ਸਕਦਾ ਕਿ ਇਹ ਮਹਿਜ ਪਹਿਲੇ ਦੀ ਹੀ ਇਕ ਕੜੀ ਹੈ। ਇਸ ਤੋਂ ਪਹਿਲਾਂ ਵੀ ਇਸ ਖਿੱਤੇ ਵਿਚ ਲਗਾਤਾਰ ਅਜਿਹੀਆਂ ਗੱਲਾਂ ਵਾਪਰਦੀਆਂ ਰਹੀਆਂ ਹਨ ਕਿ ਭਾਰਤੀ ਉਪਮਹਾਂਦੀਪ ਦੀ ਬਹੁਗਿਣਤੀ ਨੇ ਘੱਟਗਿਣਤੀ ਨੂੰ ਡਰਾ ਕੇ ਆਪਣੇ ਅਧੀਨ ਕਰਨ ਵਾਸਤੇ ਕੋਸ਼ਿਸ਼ਾਂ ਕੀਤੀਆਂ ਹਨ। ਸਿੱਖਾਂ ਨਾਲ 1984 ਵਿਚ ਜੋ ਕੁਝ ਵਾਪਰਿਆ ਸੀ ਉਹ ਵੀ ਅਜਿਹੀ ਹੀ ਇਕ ਵੱਡੀ ਕੋਸ਼ਿਸ਼ ਸੀ। ਪਰ ਹੁਣ ਦੀਆਂ ਘਟਨਾਵਾਂ ਨੇ ਇਹ ਪਰਗਟ ਕੀਤਾ ਹੈ ਕਿ ਪਹਿਲਾਂ ਤੋਂ ਚੱਲੇ ਆ ਰਹੇ ਇਸ ਰੁਝਾਨ ਵਿੱਚ ਇੱਕ ਵਿਹਾਰਿਕ ਤਬਦੀਲੀ ਆ ਗਈ ਹੈ। ਹੁਣ ਇਸ ਨੇ ਜੋ ਤਾਕਤ ਅਤੇ ਗਤੀ ਹਾਸਿਲ ਕਰ ਲਈ ਹੈ, ਉਹ ਬਿਲਕੁਲ ਨਵੀਂ ਹੈ।
ਵਿਸ਼ਵੀਕਰਨ ਦਾ ਅਮਲ ਅਤੇ ਫਾਸ਼ੀਵਾਦੀ ਰੁਝਾਨ:
ਉਂਝ ਤਾਂ 1990 ਵਿੱਚ ਵਿਸ਼ਵੀਕਰਨ ਦੀ ਜੋ ਗੱਲ ਸਾਹਮਣੇ ਆਈ ਸੀ, ਜਿਸ ਵਿੱਚ ਅੰਤਰਰਾਸ਼ਟਰੀ ਵਪਾਰ ਇਹ ਤੈਅ ਕਰਦਾ ਹੈ ਕਿ ਕਿਹੜੀ ਜਗ੍ਹਾ ਕਿਸ ਕਿਸਮ ਦਾ ਵਿਕਾਸ ਹੋਣਾ ਹੈ, ਇਸ ਨਾਲ ਵੀ ਲੋਕਾਂ ਦੀ ਜਿੰਦਗੀ ਵਿੱਚ ਬਹੁਤ ਵੱਡੇ ਉਖੇੜੇ ਆਉਂਦੇ ਹਨ। ਇਸ ਨਾਲ ਗਰੀਬ ਤੇ ਅਮੀਰ ਵਿੱਚ ਪਾੜਾ ਬਹੁਤ ਵੱਧਦਾ ਹੈ। ਜਿਸ ਤੋਂ ਬਾਅਦ ਲੋਕ ਵਿਰੋਧ ਕਰਦੇ ਹਨ ਤੇ ਇਸ ਵਿਰੋਧ ਨੂੰ ਰੋਕਣ ਵਾਸਤੇ ਰਾਜ ਦੇ ਦੰਦ ਬਹੁਤ ਤਿੱਖੇ ਕੀਤੇ ਜਾਂਦੇ ਹਨ। ਇਹ ਸਭ ਜਗ੍ਹਾ ਵਾਪਰਿਆ, ਭਾਵੇਂ ਉਹ ਲਾਤੀਨੀ ਅਮਰੀਕਾ ਹੋਵੇ ਭਾਵੇਂ ਦੱਖਣ ਪੂਰਬੀ ਏਸ਼ੀਆ ਅਤੇ ਹਿੰਦੁਸਤਾਨ ਵਿੱਚ ਵੀ ਇਹ ਸਿਲਸਿਲਾ ਬੀ.ਜੇ.ਪੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਪਰ ਕਾਂਗਰਸ ਦੀ ਵਿਚਾਰਧਾਰਾ ਵਿੱਚ ਉਹ ਤੱਤ ਨਹੀਂ ਸੀ ਕਿ ਜਿਸ ਨਾਲ ਉਹ ਇਸ ਜਬਰ ਨੂੰ ਫਾਸ਼ੀਵਾਦ ਦਾ ਰੂਪ ਦੇ ਸਕਦੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਫਾਸ਼ੀਵਾਦ ਇੱਕ ਵੱਡਾ ਵਰਤਾਰਾ ਹੈ ਤੇ ਕੀ ਮੌਜੂਦਾ ਘਟਨਾਵਾਂ ਨੂੰ ਫਾਸ਼ੀਵਾਦ ਦੇ ਪ੍ਰਗਟਾਅ ਵਜੋਂ ਵੇਖਣਾ ਵਾਜਬ ਹੋਵੇਗਾ ਤਾਂ ਉਨ੍ਹਾਂ ਕਿਹਾ ਕਿ ਫਾਸ਼ੀਵਾਦ ਇਕ ਖਾਸ ਕਿਸਮ ਦੀ ਵਿਚਾਰ ਧਾਰਾ ਹੈ ਜੋ ਕਿ ਪਿਛਲੀ ਸਦੀ ਵਿੱਚ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਇਟਲੀ, ਜਰਮਨੀ ਤੇ ਸਪੇਨ ਵਿੱਚ ਉੱਭਰ ਕੇ ਸਾਹਮਣੇ ਆਈ। ਜਿਸ ਵਿੱਚੋਂ ਜਰਮਨੀ ਵਿੱਚ ਯਹੂਦੀਆਂ ਦੀ ਨਸਲਕੁਸ਼ੀ ਦਾ ਵਰਤਾਰਾ ਵਾਪਰਿਆ। ਫਾਸ਼ੀਵਾਦ ਵਿੱਚ ਇੱਕ ਰਾਜ ਜਾਂ ਸਰਕਾਰ ਦੇ ਜੁਲਮਾਂ ਨਾਲੋਂ ਵੱਖਰੀ ਗੱਲ ਇਹ ਹੁੰਦੀ ਹੈ ਕਿ ਇਸ ਵਿੱਚ ਇਕੱਲਾ ਰਾਜ ਜਾਂ ਸਰਕਾਰ ਜੁਲਮ ਨਹੀਂ ਕਰਦੀ ਬਲਕਿ ਲੋਕ ਵੀ ਪੀੜਤ ਧਿਰ ਖਿਲਾਫ ਸਰਕਾਰ ਦੇ ਜੁਲਮਾਂ ਦਾ ਪੱਖ ਪੂਰਦੇ ਹਨ ਤੇ ਇਸ ਵਿਚ ਭਾਈਵਾਲ ਬਣਨ ਦੀ ਹੱਦ ਤੱਕ ਜਾਂਦੇ ਹਨ। ਇਸ ਵਿੱਚ ਕਿਸੇ ਖਾਸ ਵਰਗ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਉਨ੍ਹਾਂ ਨੂੰ ਲਾਮਬੰਦ ਅਤੇ ਜਥੇਬੰਦ ਕਰਕੇ ਨਿਸ਼ਾਨਾ ਬਣਾਏ ਜਾ ਰਹੇ ਵਰਗ ਖਿਲਾਫ ਹਰਕਤ ਵਿੱਚ ਲਿਆਂਦਾ ਜਾਂਦਾ ਹੈ। ਫਾਸ਼ੀਵਾਦ ਵਿੱਚ ਰਾਜ ਤੇ ਸਮਾਜ ਦਾ ਫਰਕ ਖਤਮ ਹੋ ਜਾਂਦਾ ਹੈ, ਜਿਸ ਵਿੱਚ ਪੁਲਿਸ, ਵਕੀਲ, ਬੁੱਧੀਜੀਵੀ ਸਾਰੇ ਆਪਸ ਵਿੱਚ ਰੱਲ ਕੇ ਇੱਕ ਸੰਗਠਿਤ ਢਾਂਚਾ ਬਣ ਜਾਂਦੇ ਹਨ ਤੇ ਇੱਕ ਖਾਸ ਵਰਗ ਨੂੰ ਆਪਣੇ ਜਬਰ ਦਾ ਸ਼ਿਕਾਰ ਬਣਾਉਂਦੇ ਹਨ।
ਇਸ ਤੋਂ ਪਹਿਲਾਂ ਵੀ ਇੱਕ ਸੀਮਤ ਪੱਧਰ ਤੇ ਫਾਸ਼ੀਵਾਦ ਹਿੰਦੁਸਤਾਨ ਵਿੱਚ ਲਾਗੂ ਹੋਇਆ ਹੈ। ਕਾਂਗਰਸ ਨੇ ਸਿੱਖਾਂ ਦੇ ਖਿਲਾਫ 1984 ਵਿਚ ਜੋ ਜੁਰਮ ਕੀਤੇ ਉਹ ਵੀ ਫਾਸ਼ੀਵਾਦੀ ਵਰਤਾਰੇ ਦਾ ਹੀ ਪ੍ਰਗਟਾਵਾ ਸਨ ਕਿਉਂਕਿ ਸਿੱਖਾਂ ਦਾ ਕਤਲੇਆਮ ਸਿਰਫ ਰਾਜ ਨੇ ਨਹੀਂ ਕੀਤਾ ਬਲਕਿ ਇਸ ਲਈ ਇੱਕ ਮਾਹੌਲ ਬਣਾ ਕੇ ਹਿੰਦੂ ਭੀੜਾਂ ਨੂੰ ਲਾਮਬੰਦ ਕੀਤਾ ਗਿਆ।ਪਰ ਕਾਂਗਰਸ ਇਸ ਨੂੰ ਪੱਕਾ ਰੁਝਾਨ ਨਹੀਂ ਬਣਾ ਸਕੀ ਤੇ ਉਸ ਨੂੰ ਇਸ ਤੋਂ ਪਿੱਛੇ ਮੁੜਨਾ ਪਿਆ। ਪਰ ਹੁਣ ਬੀ.ਜੇ.ਪੀ ਦੀ ਵਿਚਾਰਧਾਰਾ ਵਿੱਚ ਉਹ ਸਾਰੇ ਤੱਥ ਮੋਜੂਦ ਹਨ ਜੋ ਫਾਸ਼ੀਵਾਦ ਲਈ ਜਰੂਰੀ ਹਨ।
ਬੇ.ਜੀ.ਪੀ ਨੂੰ ਆਰ. ਐਸ. ਐਸ ਤੋਂ ਵੱਖ ਕਰਕੇ ਨਹੀਂ ਵੇਖਿਆ ਜਾਂ ਸਕਦਾ। ਆਰ.ਐਸ.ਐਸ ਦੀ ਸਥਾਪਨਾ 1925 ਵਿੱਚ ਹੋਈ ਸੀ। ਇਹ ਉਹੀ ਸਮਾਂ ਹੈ ਜਦੋਂ ਜਰਮਨ ਵਿੱਚ ਫਾਸ਼ੀਵਾਦ ਉੱਭਰਨਾ ਸ਼ੁਰੂ ਹੋਇਆ। ਹਿੰਦੂ ਮਹਾਸਭਾ (ਜਿਸ ਨੇ ਬਾਅਦ ਵਿੱਚ ਆਰ.ਐਸ.ਐਸ ਦਾ ਰੂਪ ਧਾਰਿਆ) ਦਾ ਪਰਚਾ “ਹਿੰਦੂ ਆਊਟਲੁੱਕ” ਅਤੇ ਬਾਲ ਗੰਗਾਧਰ ਤਿਲਕ (ਜੋ ਕਿ ਕਾਂਗਰਸ ਵਿੱਚ ਰਹਿੰਦਿਆਂ ਵੀ ਹਿੰਦੂਤਵ ਦੀ ਵਿਚਾਰਧਾਰਾ ਨੂੰ ਲਾਗੂ ਕਰ ਰਿਹਾ ਸੀ) ਦੇ ਪਰਚੇ “ਮਰਾਠਾ” ਅਤੇ “ਕੇਸਰੀ” ਲਗਾਤਾਰ ਹਿਟਲਰ, ਮੂਸੋਲੀਨੀ ਅਤੇ ਜਰਨਲ ਫਰੈਂਕੋ (ਸਪੇਨ) ਦੇ ਸੋਹਲੇ ਗਾਉਂਦੇ ਰਹੇ ਅਤੇ ਉਨ੍ਹਾਂ ਨੂੰ ਆਪਣੇ ਰੋਲ ਮਾਡਲ ਵਾਂਗ ਪੇਸ਼ ਕਰਦੇ ਰਹੇ। ਸੋ ਆਰ.ਐਸ.ਐਸ ਦੀ ਬਣਤਰ ਦਾ ਅਧਾਰ ਹੀ ਫਾਸ਼ੀਵਾਦ ਹੈ।
ਅਰਵਿੰਦੋ ਘੋਸ਼ ਜਿਸ ਨੂੰ ਬੰਗਾਲ ਦਾ ਕ੍ਰਾਂਤੀਕਾਰੀ ਕਿਹਾ ਜਾਂਦਾ ਹੈ ਉਸ ਨੇ ਸਾਥੀਆਂ ਸਮੇਤ ਇਸ ਵਰਤਾਰੇ ਦੀ ਸ਼ੁਰੂਆਤ 1914-15 ਤੋਂ ਹੀ ਕਰ ਦਿੱਤੀ ਸੀ। ਇਸ ਦਾ ਮੁੱਖ ਉਦੇਸ਼ ਹਿੰਦੂ ਸਮਾਜ ਅਤੇ ਹਿੰਦੂ ਮਾਨਸਿਕਤਾ ਦਾ ਸੈਨਕੀਕਰਣ ਕਰਨਾ, ਅਤੇ ਰਾਜਨੀਤੀ ਦਾ ਹਿੰਦੂਕਰਣ ਕਰਨਾ ਸੀ।
ਆਰ.ਐਸ.ਐਸ ਦੇ ਆਗੂ ਗੋਲਵਾਲਕਰ ਨੇ 1939 ਵਿੱਚ ਲਿਖਿਆ ਸੀ ਕਿ “ਹਿੰਦੁਸਤਾਨ ਅੰਦਰਲੇ ਗੈਰ ਹਿੰਦੂ ਵਰਗਾਂ ਨੂੰ ਚਾਹੀਦਾ ਹੈ ਕਿ ਉਹ ਜਾਂ ਤਾਂ ਹਿੰਦੂ ਸੱਭਿਆਚਾਰ ਅਤੇ ਭਾਸ਼ਾ ਗ੍ਰਹਿਣ ਕਰ ਲੈਣ, ਹਿੰਦੂ ਧਰਮ ਵਿੱਚ ਸ਼ਰਧਾ ਪ੍ਰਗਟਾਉਣ ਤੇ ਇਸਦਾ ਸਤਿਕਾਰ ਕਰਨਾ ਸਿੱਖ ਲੈਣ, ਹਿੰਦੂ ਨਸਲ ਤੇ ਸੱਭਿਆਚਾਰ ਦੀ ਜੈ ਜੈ ਕਾਰ ਕਰਨ ਤੋਂ ਬਿਨ੍ਹਾਂ ਹੋਰ ਕਿਸੇ ਕਿਸਮ ਦਾ ਵਿਚਾਰ ਨਾ ਰੱਖਣ, ਆਪਣੀ ਵੱਖਰੀ ਹੌਂਦ ਤਿਆਗ ਕੇ ਹਿੰਦੂ ਨਸਲ ਵਿੱਚ ਜਜ਼ਬ ਹੋ ਜਾਣ। ਜੇ ਉਹ ਇਹ ਨਹੀਂ ਕਰਨਗੇ ਫੇਰ ਉਹ ਦੇਸ਼ ਅੰਦਰ ਹਿੰਦੂ ਕੌਮ ਦੇ ਪੂਰੀ ਤਰ੍ਹਾਂ ਅਧੀਨ ਹੋ ਕੇ ਰਹਿ ਸਕਦੇ ਹਨ। ਉਹ ਕੋਈ ਮੰਗ ਨਾ ਕਰਨ, ਕਿਸੇ ਵਿਸ਼ੇਸ਼ ਹੱਕ ਦੇ ਦਾਅਵੇਦਾਰ ਨਾ ਹੋਣ ਤੇ ਨਾਗਰਿਕ ਦੇ ਅਧਿਕਾਰਾਂ ਦੀ ਮੰਗ ਵੀ ਨਾ ਕਰਨ।” ਉਸ ਤੋਂ ਬਾਅਦ ਆਰ.ਐਸ.ਐਸ ਇਸ ਏਜੰਡੇ ਉੱਤੇ ਲਗਾਤਾਰ ਕੰਮ ਕਰਦੀ ਆ ਰਹੀ ਹੈ।
ਆਰ.ਐਸ.ਐਸ ਦੇ ਫਾਸ਼ੀ ਵਾਦੀ ਏਜੰਡੇ ਦੀ ਬਣਤਰ 1995-96 ਵਿੱਚ ਆਰ.ਐਸ.ਐਸ ਨੇ ਆਪਣਾ ਇੱਕ ਗੁਪਤ ਸਰਕੂਲਰ ਨੰਬਰ 411 ਤੋਂ ਵੀ ਸਪਸ਼ਟ ਹੁੰਦੀ ਹੈ। ਇਸ ਸਰਕੂਲਰ 2001 ਦੌਰਾਨ ਛਪੀ ਇਕ ਕਿਤਾਬ ਰਾਹੀਂ ਨਸ਼ਰ ਹੋ ਗਿਆ ਸੀ ਤੇ ਅੱਜ ਤੱਕ ਆਰ. ਐਸ. ਐਸ. ਨੇ ਇਸ ਤੋਂ ਇਨਕਾਰ ਨਹੀਂ ਕੀਤਾ। ਇਸ ਸਰਕੂਲਰ ਦੇ ਨੁਕਤਿਆਂ ਵਿੱਚ ਦਰਜ ਸੀ ਕਿ ਅੰਬੇਦਕਰਵਾਦੀਆਂ ਅਤੇ ਮੁਸਲਮਾਨਾਂ ਵਿਰੁੱਧ ਲੜਨ ਲਈ ਦਲਿਤਾਂ ਵਿੱਚੋਂ ਬੰਦੇ ਭਰਤੀ ਕੀਤੇ ਜਾਣ (ਜਿਸ ਤਰ੍ਹਾਂ ਹੁਣ ਸਿੱਖਾਂ ਨੂੰ ਭਰਤੀ ਕੀਤਾ ਜਾਂ ਰਿਹਾ ਹੈ), ਡਾਕਟਰਾਂ ਅਤੇ ਫਾਰਮਾਸਿਸਿਟਾਂ ਵਿੱਚ ਹਿੰਦੂਤਵ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੀ ਮਦਦ ਨਾਲ ਮਿਆਦ ਟਪਾ ਚੁੱਕੀਆਂ ਅਤੇ ਨਕਲੀ ਦਵਾਈਆਂ ਮੁਸਲਮਾਨਾਂ ਅਤੇ ਦਲਿਤਾਂ ਵਿੱਚ ਵਰਤਾਈਆਂ ਜਾਣ, ਨੀਵੀਂ ਜਾਤ ਦੇ ਵਿਦਿਆਰਥੀਆਂ ਨੂੰ ਹਿੰਦੂਤਵੀਆਂ ਦਾ ਲਿਖਿਆ ਇਤਿਹਾਸ ਪੜਾਉਣ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ (ਸਿੱਖਾਂ ਦੇ ਮਾਮਲੇ ਵਿੱਚ ਵੀ ਇਹੀ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਆਪਣਾ ਲਿਖਿਆ ਇਤਿਹਾਸ ਪੜਾਓ ਤਾਂ ਕਿ ਉਨ੍ਹਾਂ ਨੂੰ ਨਾਲ ਲਿਆ ਜਾਂ ਸਕੇ), ਦੰਗਿਆ ਦੌਰਾਨ ਮੁਸਲਮਾਨਾਂ ਅਤੇ ਦਲਿਤਾਂ ਦੀਆਂ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਜਾਣ, ਬਰਾਬਰੀ ਦਾ ਪ੍ਰਚਾਰ ਕਰਨ ਵਾਲੇ ਕਾਮਰੇਡਾਂ, ਅੰਬੇਦਕਰਵਾਦੀਆਂ, ਇਸਲਾਮੀ ਪ੍ਰਚਾਰਕਾਂ ਅਤੇ ਇਸਾਈ ਮਿਸ਼ਨਰੀਆਂ ਉੱਤੇ ਜੋਰ-ਸ਼ੋਰ ਨਾਲ ਹਮਲੇ ਕੀਤੇ ਜਾਣ।”
ਇਸ ਦੌਰਾਨ ਭਾਵੇਂ ਗਾਂਧੀ (ਮੋਹਨ ਦਾਸ ਗਾਂਧੀ) ਨੂੰ ਨੱਥੂ ਰਾਮ ਗੋਡਸੇ ਵੱਲੋਂ ਮਾਰ ਦੇਣ ਤੋਂ ਬਾਅਦ ਆਰ. ਐਸ. ਐਸ. ਦੀਆਂ ਕਾਰਵਾਈਆਂ ‘ਤੇ ਰੋਕ ਵੀ ਲੱਗੀ ਪਰ ਵੱਖ ਵੱਖ ਹਿੱਸਿਆਂ ਜਿਵੇਂ ਵਿਸ਼ਵ ਹਿੰਦੂ ਪਰੀਸ਼ਦ, ਬਜਰੰਗ ਦਲ, ਹਿੰਦੂ ਮਹਾਂਸਭਾ, ਜਨਸੰਘ (ਅਜੋਕੀ ਭਾਜਪਾ) ਜਰੀਏ ਉਹ ਆਪਣੇ ਏਜੰਡੇ ਉੱਤੇ ਲਗਾਤਾਰ ਕੰਮ ਕਰਦੇ ਰਹੇ।
ਇਸ ਸਮੁੱਚੇ ਅਮਲ ਵਿਚ ਇਹ ਬਹੁਤ ਮਹੱਤਵਪੂਰਨ ਗੱਲ ਸੀ ਕਿ ਉਹ ਸੱਤਾ ਉੱਤੇ ਕਦੋਂ ਕਾਬਜ ਹੁੰਦੇ ਹਨ। ਜਦੋਂ ਉਹ ਪਹਿਲਾਂ ਵਾਜਪਾਈ ਦੀ ਅਗਵਾਈ ਵਿੱਚ ਕੇਂਦਰ ਦੀ ਸੱਤਾ ਉੱਤੇ ਕਾਬਜ ਹੋਏ ਤਾਂ ਉਦੋਂ ਗੱਠਜੋੜ ਸਰਕਾਰ ਸੀ ਅਤੇ ਵਾਜਪਾਈ ਖੁਦ ਵੀ ਥੋੜਾ ਉਦਾਰਵਾਦੀ ਸੋਚ ਵਾਲਾ ਵਿਅਕਤੀ ਸੀ। ਪਰ ਫਾਸ਼ੀਵਾਦ ਲਈ ਇਨ੍ਹਾਂ ਨੂੰ ਉਹ ਬੰਦਾ ਚਾਹੀਦਾ ਸੀ ਜੋ ਲੋਕਾਂ ਨੂੰ ਭੜਕਾ ਸਕੇ ਅਤੇ ਨਰਿੰਦਰ ਮੋਦੀ ਵਿਚ ਇਹ “ਗੁਣ” ਹੈ। ਸੋ ਹੁਣ ਜਦੋਂ ਇਹ ਸੱਤਾ ਤੇ ਕਾਬਜ ਹੋ ਗਏ ਹਨ ਤਾਂ ਇਸ ਨੂੰ ਵਰਤਣ ਦੇ ਪੂਰੇ ਯਤਨ ਕਰਨਗੇ। ਇਸ ਗੱਲ ਨੂੰ ਲੋਕਾਂ ਨੇ ਵੋਟਾਂ ਪਾਉਣ ਵੇਲੇ ਗੰਭੀਰ ਢੰਗ ਨਾਲ ਨਹੀਂ ਸੋਚਿਆ। ਇਥੋਂ ਤੱਕ ਕਿ ਮੀਡੀਆ ਦੇ ਜਿਸ ਹਿੱਸੇ ਨੇ ਮੋਦੀ ਦੀ ਵੋਟਾਂ ਵੇਲੇ ਹੁੱਬ ਹੁੱਬ ਕੇ ਮਦਦ ਕੀਤੀ ਸੀ ਉਨ੍ਹਾਂ ਨੂੰ ਵੀ ਇਸ ਦੇ ਅੱਗੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਮਝ ਨਹੀਂ ਸੀ। ਇਸ ਦੇ ਨਾਲ ਹੀ ਮੱਧਵਰਗ ਦਾ ਵੱਡਾ ਹਿੱਸਾ ਵੀ ਸਿਰਫ ਇਹੀ ਸਮਝੀ ਬੈਠਾ ਸੀ ਕਿ ਮੋਦੀ ਸਰਕਾਰ ਦੇ ਆਉਣ ਨਾਲ ਭਾਰਤ ਵਿਚ ਆਧੁਨਿਕ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਉਨ੍ਹਾਂ ਦਾ ਬਹੁਤ ਵਿਕਾਸ ਹੋ ਜਾਵੇਗਾ। ਪਰ ਹੁਣ ਲੋਕਾਂ ਸਾਹਮਣੇ ਇਨ੍ਹਾਂ ਦਾ ਏਜੰਡਾ ਪ੍ਰਗਟ ਹੋਣ ਲੱਗ ਪਿਆ ਹੈ ਅਤੇ ਉਨਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਅਸਲ ਵਿੱਚ ਇਹ ਕੀ ਕਰਨਾ ਚਾਹੁੰਦੇ ਹਨ।
ਫਾਸ਼ੀਵਾਦ ਦੇ ਮਾਮਲੇ ਵਿਚ ਇਥੇ ਕੁਝ ਅਹਿਮ ਗੱਲਾਂ ਨੂੰ ਨਿੱਠ ਕੇ ਸਮਝਣਾ ਜਰੂਰੀ ਹੈ। ਪਹਿਲੀ ਕਿ ਫਾਸ਼ੀਵਾਦ ਖਿੱਤੇ ਦੇ ਅਨੁਸਾਰ ਆਪਣਾ ਸਾਂਚਾ ਬਣਾਉਂਦਾ ਹੈ। ਨਸਲਪ੍ਰਸਤੀ ‘ਕਲਾਸੀਕਲ ਫਾਸ਼ੀਵਾਦ’ ਦਾ ਮੁੱਖ ਲੱਛਣ ਹੈ। ਹਿੰਦੂ ਫਾਸ਼ੀਵਾਦ ਦਾ ਜਰਮਨੀ ਅਤੇ ਫਰਾਂਸ ਦੇ ਫਾਸ਼ੀਵਾਦ ਨਾਲੋਂ ਇਹ ਫਰਕ ਹੈ ਕਿ ਉੱਥੇ ਫਾਸ਼ੀਵਾਦ ਨਸਲ ’ਤੇ ਅਧਾਰਿਤ ਸੀ ਪਰ ਭਾਰਤੀ ਉਪਮਹਾਂਦੀਪ ਦੇ ਖਿੱਤੇ ਵਿਚ ਅਬਾਦੀ ਦੀ ਬਣਤਰ ਨਸਲ ਅਧਾਰਿਤ ਫਾਸ਼ੀਵਾਦ ਨੂੰ ਲਾਗੂ ਕਰਨ ਦੇ ਰਾਹ ਵਿਚ ਵੱਡਾ ਅੜਿੱਕਾ ਹੈ। ਇਸ ਲਈ ਇਥੇ ਸਮਾਜ ਅਧਾਰਿਤ ਫਾਸ਼ੀਵਾਦ ਲਾਗੂ ਕੀਤਾ ਜਾ ਰਿਹਾ ਹੈ।
ਜਰਮਨੀ ਵਿੱਚ ਜਿਸ ਆਰੀਅਨ ਨਸਲ ਨੂੰ ਉੱਤਮ ਕਿਹਾ ਜਾਂਦਾ ਸੀ ਉਹ ਬਹੁਗਿਣਤੀ ਵਿੱਚ ਸੀ, ਪਰ ਇੱਥੇ ਉੱਚ ਜਾਤੀ ਬ੍ਰਾਹਮਣ ਵਰਗ ਦੀ ਇਹ ਮਜਬੂਰੀ ਹੈ ਕਿ ਜੇਕਰ ਉਹ ਇਹ ਗੱਲ ਕਹੇ ਕਿ ਸਿਰਫ ਉਸ ਦਾ ਖੂਨ ਹੀ ਉੱਤਮ ਹੈ ਤਾਂ ਉਹ ਸੱਤਾ ਵਿੱਚ ਨਹੀਂ ਆ ਸਕਦਾ ਕਿਉਂਕਿ ਉਹ ਘੱਟਗਿਣਤੀ ਹੈ। ਇਸ ਲਈ ਉਨ੍ਹਾਂ ਨੇ ਇੱਕ ਨਵੀਂ ਧਾਰਨਾ “ਹਿੰਦੂ” ਘੜ ਲਈ ਹੈ। ਜਿਸ ਦੀ ਪਰਿਭਾਸ਼ਾ ਇਹ ਦਿੱਤੀ ਕਿ ਭਾਰਤ ਦਾ ਹਰ ਬਸ਼ਿੰਦਾ ਹਿੰਦੂ ਹੈ। ਬ੍ਰਾਹਮਣ ਨੇ ਹਿੰਦੂ ਸਮਾਜ ਦੀ ਜੋ ਵਰਣ-ਵੰਡ ਕੀਤੀ ਹੈ ਉਸ ਮੁਤਾਬਕ ਬ੍ਰਾਹਮਣ ਸਭ ਤੋਂ ਉੱਤਮ ਹੈ। ਸੋ ਇਸ ਜਾਤ-ਪਾਤ ਦੀ ਪ੍ਰਣਾਲੀ ਜਰੀਏ ਉੱਚ ਜਾਤੀ ਹਿੰਦੂ (ਬ੍ਰਾਹਮਣ, ਖੱਤਰੀ ਆਦਿ) ਬਾਕੀ ਲੋਕਾਂ ਤੇ ਆਪਣਾ ਗਲਬਾ ਸਥਾਪਿਤ ਕਰਨਾ ਚਾਹੁੰਦੇ ਹਨ। ਸੋ ਹਿੰਦੁਸਤਾਨ ਵਿਚਲੇ “ਹਿੰਦੂ ਫਾਸ਼ੀਵਾਦ” ਦਾ ਮੁੱਖ ਲਛਣ ਇਹ ਹੈ ਕਿ ਇਸ ਵਿਚ ਜਾਤ ਦਾ ਹੰਕਾਰ ਸਭ ਤੋਂ ਵੱਧ ਚਮਕਦਾ ਹੈ, ਜਿਵੇਂ ਕਿ ਅੱਜ ਨਜ਼ਰ ਆ ਰਿਹਾ ਹੈ।
ਫਾਸ਼ੀਵਾਦ, ਵਿਚਾਰਾਂ ਦੇ ਵਖਰੇਵੇਂ ਅਤੇ ਹਿੰਦੂਤਵੀ ਸਰਕਾਰ ਦਾ ਖੱਬੇ-ਪੱਖੀਆਂ ਉੱਤੇ ਹਮਲਾ:
ਹਿੰਦੂਤਵੀ ਤਾਕਤਾਂ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਖੱਬੇਪੱਖੀ ਵਿਚਾਰਧਾਰਾ ‘ਤੇ ਨਿਸ਼ਾਨਾ ਸਾਧਣ ਦੇ ਕਾਰਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ. ਅਜਮੇਰ ਸਿੰਘ ਨੇ ਕਿਹਾ ਕਿ ਫਾਸ਼ੀਵਾਦ ਮਤਭੇਦਾਂ ਅਤੇ ਵਖਰੇਵਿਆਂ ਨੂੰ ਬਹੁਤ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ, ਤੇ ਇਨ੍ਹਾਂ ਪ੍ਰਤੀ ਬਹੁਤ ਅਸਿਹਣਸ਼ੀਲ ਹੁੰਦਾ ਹੈ। ਕਿਉਂਕਿ ਵੱਖਰੇ ਵਿਚਾਰ ਭਿੰਨਤਾ (diversity) ਦੀ ਨਿਸ਼ਾਨੀ ਹੁੰਦੇ ਹਨ ਅਤੇ ਫਾਸ਼ੀਵਾਦ ਭਿੰਨਤਾ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਇੱਕਰੂਪਤਾ (uniformity) ਲਿਆੳਣ ਲਈ ਯਤਨਸ਼ੀਲ ਰਹਿੰਦਾ ਹੈ। ਵਿਚਾਰਾਂ ਦੇ ਵਖਰੇਵਿਆਂ ਤੋਂ ਡਰਨ ਵਾਲੇ ਲੱਛਣ ਕਾਰਨ ਹੀ ਫਾਸ਼ੀਵਾਦ ਨੂੰ ਬੌਧਿਕ ਵਰਗ ਤੋਂ ਡਰ ਲੱਗਦਾ ਹੈ, ਕਿਉਂਕਿ ਬੌਧਿਕ ਵਰਗ ਵਿਚ ਹੀ ਸਹੀ ਅਤੇ ਗਲਤ ਦੀ ਪੜਚੋਲ ਕਰਨ ਦੀ ਸਮਰੱਥਾ ਹੁੰਦੀ ਹੈ। ਕਿਉਂਕਿ ਯੂਨੀਵਰਸਿਟੀਆਂ ਬੌਧਿਕ ਵਰਗ ਦੇ ਟਿਕਾਣੇ ਹੁੰਦੇ ਹਨ ਇਸ ਕਰਕੇ ਫਾਸ਼ੀਵਾਦ ਯੁਨੀਵਰਸਿਟੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਜਰਮਨੀ ਦੇ ਫਾਸ਼ੀਵਾਦ ਵੇਲੇ ਵੀ ਯੂਨੀਵਰਸਿਟੀਆਂ ਨੂੰ “ਖੱਬੇਪੱਖੀਆਂ ਦੇ ਆਲ੍ਹਣੇ” ਕਹਿ ਕੇ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਜੇ.ਐਨ.ਯੂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਿੰਦੂਤਵ ਦੇ ਫਾਸ਼ੀਵਾਦ ਨੂੰ ਬੌਧਿਕ ਵਰਗ ਤੋਂ ਜਿਹੜਾ ਵਿਰੋਧ ਸਹਿਣਾ ਪੈ ਰਿਹਾ ਹੈ ਜੇ. ਐਨ. ਯੂ. ਉੱਤੇ ਹਮਲਾ ਉਸ ਵਿਰੋਧ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਹਨ। ਜੇ. ਐਨ. ਯੂ ਖੱਬੇਪੱਖੀਆਂ ਦਾ ਗੜ੍ਹ ਹੈ ਤੇ ਉਹ ਭਾਜਪਾ ਨਾਲ ਸਿੱਧੀ ਟੱਕਰ ਵਿਚ ਆ ਗਏ ਹਨ ਇਸੇ ਲਈ ਇਸ ਯੂਨੀਵਰਸਿਟੀ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਸ: ਅਜਮੇਰ ਸਿੰਘ ਨੇ ਕਿਹਸ ਕਿ ਜੇ.ਐਨ.ਯੂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਖਾਸ ਵਜ੍ਹਾ ਹੈ। ਕਨੱਈਆ ਕੁਮਾਰ ਜਾਂ ਉਸਦੇ ਸਾਥੀ ਖੱਬੇ ਪੱਖੀ ਵਿਚਾਰਧਾਰਾ ਨਾਲ ਸਬੰਧਿਤ ਹਨ ਪਰ ਉਨ੍ਹਾਂ ਦਾ ਭਾਰਤ ਦੇ ਪੁਰਾਣੇ ਕਾਮਰੇਡਾਂ ਨਾਲੋਂ ਬਹੁਤ ਫਰਕ ਹੈ। ਇਹ ਨੌਜਵਾਨ ਮਾਰਕਸ ਅਤੇ ਅੰਬੇਦਕਰ ਨੂੰ ਇਕੱਠਿਆਂ ਰੱਖਦੇ ਹਨ ਜਦਕਿ ਸੀ.ਪੀ.ਆਈ, ਸੀ.ਪੀ.ਐਮ ਅਤੇ ਸਮੁਚੇ ਕਾਮਰੇਡਾਂ ਨੇ ਅੰਬੇਦਕਰ ਨੂੰ ਇਹ ਕਹਿ ਕੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਹੋਇਆ ਸੀ ਕਿ ਉਹ ਤਾਂ ਮਾਰਕਸ ਦਾ ਨਿਖੇਧ ਹੈ। ਖੱਬੇਪੱਖੀਆਂ ਅਤੇ ਅੰਬੇਦਕਰਵਾਦੀਆਂ ਦਾ ਸੰਭਾਵੀ ਗੱਠਜੋੜ ਹਿੰਦੂਤਵੀਆਂ ਨੂੰ ਵੱਡਾ ਖਤਰਾ ਭਾਸ ਰਿਹਾ ਹੈ।
ਇਸ ਦੇ ਨਾਲ ਇੱਕ ਹੋਰ ਅਹਿਮ ਗੱਲ ਵੀ ਹੈ ਜੋ ਜੇ. ਐਨ. ਯੂ. ਨੂੰ ਨਿਸ਼ਾਨਾ ਬਣਾਏ ਜਾਣ ਦਾ ਕਾਰਨ ਬਣ ਰਹੀ ਹੈ। ਇਹ ਯੁਨੀਵਰਸਿਟੀ ਔਰਤਾਂ ਦੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਚਿਨ੍ਹ ਬਣ ਕੇ ਉੱਭਰੀ ਹੈ ਜਿਸ ਨੂੰ ਹਿੰਦੂਤਵੀ ਆਪਣੀ ਵਿਚਾਰਧਾਰਾ ਉੱਤੇ ਹਮਲੇ ਵੱਜੋਂ ਵੇਖ ਰਹੇ ਹਨ। ਇਕ ਲਈ ਵੀ ਜੇ. ਐਨ. ਯੂ. ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਅੰਬੇਦਕਰਵਾਦੀਆਂ ‘ਤੇ ਹਿੰਦੂਤਵ ਦਾ ਹਮਲਾ ਕਿਉਂ?
ਅੰਬੇਦਕਰਵਾਦੀਆਂ ਉੱਤੇ ਹਿੰਦੂਤਵ ਵੱਲੋਂ ਵਿੱਢੇ ਹਮਲੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ. ਅਜਮੇਰ ਸਿੰਘ ਨੇ ਕਿਹਾ ਕਿ ਫਾਸ਼ੀਵਾਦ ਦਾ ਇੱਕ ਹੋਰ ਲੱਛਣ ਹੈ ਕਿ ਇਹ ਲੋਕਾਂ ਦੀ ਨਿਰਾਸ਼ਤਾ ਉੱਤੇ ਪਲਦਾ ਹੈ। ਇਸ ਖਿੱਤੇ ਵਿੱਚ ਉੱਚ ਜਾਤੀ ਨਾਲ ਸਬੰਧਿਤ ਮੱਧਵਰਗ ਨੂੰ ਇਹ ਡਰ ਸਤਾ ਰਿਹਾ ਹੈ ਕਿ ਨੀਵੀਂ ਜਾਤੀ ਦੇ ਲੋਕ ਉਨ੍ਹਾਂ ਦੇ ਬਰਾਬਰ ਆ ਰਹੇ ਹਨ। ਦੂਜਾ ਕਥਿਤ ਹੇਠਲੇ ਵਰਗਾਂ ਦੇ ਉੱਪਰ ਆਉਣ ਨਾਲ ਮੱਧ-ਵਰਗ ਦੇ ਮੌਕੇ ਸੁੰਘੜ ਰਹੇ ਹਨ। ਪਹਿਲਾਂ ਮੱਧਵਰਗੀਆਂ ਲਈ ਸਭ ਰਾਹ ਖੁੱਲੇ ਸਨ ਤੇ ਪੜਾਈ ਦੇ ਵਧੀਆ ਸਾਧਨ ਹੋਣ ਕਰਕੇ ਉਹ ਬਹੁਤੇ ਮੌਕਿਆਂ ਉੱਤੇ ਅਸਾਨੀ ਨਾਲ ਕਾਬਜ ਹੋ ਜਾਂਦੇ ਸਨ। ਦੂਜੇ ਪਾਸੇ ਇਹ ਸਾਧਨ ਇੱਕ ਗਰੀਬ ਤੇ ਨੀਵੀਂ ਜਾਤੀ ਦੇ ਬੱਚਿਆਂ ਨੂੰ ਨਹੀਂ ਮਿਲਦੇ ਸਨ। ਪਰ ਪਿਛਲੇ ਸਮੇਂ ਤੋਂ ਰਾਖਵੇਂਕਰਨ ਦੀ ਮਦਦ ਨਾਲ ਦਲਿਤ ਵਰਗ ਨੂੰ ਮੌਕਾ ਮਿਲਿਆ ਹੈ ਅਤੇ ਉਹ ਹੁਣ ਉੱਪਰ ਆ ਰਹੇ ਹਨ। ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਸਵੈਮਾਣ ਵਿੱਚ ਚੋਖਾ ਵਾਧਾ ਹੋ ਰਿਹਾ ਹੈ, ਜਿਸ ਕਾਰਨ ਉਹ ਇਨ੍ਹਾਂ (ਕਥਿਤ) ਉੱਚ-ਜਾਤੀਆਂ ਨੂੰ ਅੱਖ ਚੁੱਕ ਕੇ ਵੇਖਣ ਲੱਗ ਪਏ ਹਨ ਅਤੇ ਹਰ ਵਿਤਕਰੇ ਵਾਲੀ ਗੱਲ ਨੂੰ ਚੁਣੌਤੀ ਦੇਣ ਲੱਗ ਪਏ ਹਨ।
ਸੋ, ਯੁਨੀਵਰਸਿਟੀਆਂ ਵਿੱਚ ਸਿੱਖਿਆ ਲੈ ਰਹੇ ਦਲਿਤ ਵਿਦਿਆਰਥੀ (ਅੰਬੇਦਕਰਵਾਦੀ) ਉਚ ਵਰਗ ਦੇ ‘ਹੰਕਾਰ’ (ਜਾਤੀ-ਅਭਿਮਾਨ/ਹੰਕਾਰ) ਨਾਲ ਟੱਕਰ ਲੈ ਰਹੇ ਹਨ।
“ਅੰਬੇਦਕਰ, ਇਕ ਚਿੰਨ੍ਹ” ਅਤੇ “ਅੰਬੇਦਕਰ, ਇਕ ਵਿਚਾਰਧਾਰਾ”:
ਅੰਬੇਦਕਰਵਾਦੀਆਂ ਦੀ ਰਾਜਨੀਤੀ ਵਿੱਚ ਆਏ ਅਹਿਮ ਬਦਲਾਅ ਦੀ ਨਿਸ਼ਾਨਦੇਹੀ ਕਰਦਿਆਂ ਸ.ਅਜਮੇਰ ਸਿੰਘ ਨੇ ਕਿਹਾ ਕਿ ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਨੇ ਵੀ ਦਲਿਤਾਂ ਨੂੰ ਜਥੇਬੰਦ ਕੀਤਾ ਸੀ ਅਤੇ ਉਨ੍ਹਾਂ ਵਿੱਚ ਸਵੈਮਾਣ ਵੀ ਜਗਾਇਆ ਸੀ ਪਰ ਉਸ ਦਾ ਸਾਰਾ ਮੁਹਾਣ ਚੋਣ ਰਾਜਨੀਤੀ ਵੱਲ ਹੀ ਸੀ। ਜਿਸ ਕਾਰਨ ਉਨ੍ਹਾਂ ਨੇ ਅੰਬੇਦਕਰ ਨੂੰ ਇੱਕ “ਚਿੰਨ੍ਹ” ਦੇ ਤੌਰ ਤੇ ਵਰਤਿਆ ਤੇ ਇਸ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਰਹੇ ਅਤੇ ਕੁਝ ਪ੍ਰਾਪਤੀਆਂ ਵੀ ਕੀਤੀਆਂ।
ਪਰ “ਚਿੰਨ੍ਹ” ਵਾਲੀ ਗੱਲ ਵਿੱਚ ਸਮਝੌਤੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅੰਬੇਦਕਰ ਨੂੰ ਇੱਕ ਚਿੰਨ੍ਹ ਵਜੋਂ ਆਰ. ਐਸ. ਐਸ ਅਤੇ ਭਾਜਪਾ ਨੇ ਵੀ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਅੱਜ ਦਾ ਦਲਿਤ ਨੌਜਵਾਨ ਅੰਬੇਦਕਰ ਦੇ ਵਿਚਾਰ ਨੂੰ ਅੱਗੇ ਲੈ ਕੇ ਆ ਰਿਹਾ ਹੈ। ਇਹ ਨੌਜਵਾਨ ਅੰਬੇਦਕਰ ਨੂੰ ਇੱਕ ਚਿੰਨ੍ਹ ਵਜੋਂ ਨਹੀਂ ਬਲਕਿ ਇੱਕ “ਵਿਚਾਰਧਾਰਾ” ਵਜੋਂ ਅਪਣਾ ਰਿਹਾ ਹੈ। ਜਿਸ ਕਾਰਨ ਉਹ ਬ੍ਰਾਹਮਣਵਾਦ ‘ਤੇ ਤਿੱਖੇ ਹਮਲੇ ਕਰ ਰਿਹਾ ਹੈ। ਵਿਚਾਰਾਂ ਵਿੱਚ ਚਿੰਨ੍ਹ ਵਾਂਗ ਸਮਝੌਤੇ ਦੀ ਸੰਭਾਵਨਾ ਨਹੀਂ ਹੁੰਦੀ, ਇਸ ਲਈ ਇਹ ਲੜਾਈ ਹੁਣ ਆਰ-ਪਾਰ ਦੀ ਹੀ ਹੋਵੇਗੀ। ਇਸੇ ਕਾਰਨ ਅੰਬੇਦਕਰਵਾਦੀ ਹਿੰਦੂ ਫਾਸ਼ੀਵਾਦ ਦੀਆਂ ਅੱਖਾਂ ਵਿੱਚ ਰੜਕ ਰਹੇ ਹਨ।
ਸ: ਅਜਮੇਰ ਸਿੰਘ ਨੇ ਕਿਹਾ ਕਿ ਹੁਣ ਹਿੰਦੋਸਤਾਨ ਵਿੱਚ ਇਹ ਇੱਕ ਜੰਗ ਸ਼ੁਰੂ ਹੋ ਚੁੱਕੀ ਹੈ। ਇਸ ਵਿੱਚ ਜਾਂ ਤਾਂ ਹਿੰਦੂਤਵੀ ਫਾਸ਼ੀਵਾਦ ਘੱਟਗਿਣਤੀਆਂ ਅਤੇ ਦਲਿਤਾਂ ਉੱਤੇ ਆਪਣਾ ਗਲਬਾ ਪਾਉਣ ਵਿੱਚ ਕਾਮਯਾਬ ਹੋ ਜਾਵੇਗਾ ਜਾਂ ਫਿਰ ਹਿੰਦੂ ਰਾਸ਼ਟਰ ਦਾ ਸੁਪਨਾ ਹਮੇਸ਼ਾ ਲਈ ਇਸ ਖਿੱਤੇ ਵਿੱਚ ਦਫਨ ਹੋ ਜਾਵੇਗਾ।
ਜੇ.ਐਨ.ਯੂ ਦੇ ਮਸਲੇ ਵਿੱਚ ਵੰਡਿਆ ਗਿਆ ਭਾਰਤੀ ਮੀਡੀਆ:
ਜੇ.ਐਨ.ਯੂ ਦੇ ਮਸਲੇ ਵਿੱਚ ਭਾਰਤੀ ਮੀਡੀਆ ਅੰਦਰ ਉੱਭਰੇ ਪਾਟਵੇਂ ਰੁਝਾਣਾਂ ਬਾਰੇ ਸ. ਅਜਮੇਰ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਹਿੰਦੂਤਵ ਵਿਚਾਰਧਾਰਾ ਲੋਕਾਂ ਉੱਤੇ ਠੋਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂ ਰਹੀਆਂ ਹਨ, ਉਹ ਉਦਾਰਵਾਦੀ ਵਿਚਾਰ ਰੱਖਣ ਵਾਲੇ ਲੋਕਾਂ ਲਈ ਸਹਿਣ ਕਰਨੀਆਂ ਔਖੀਆਂ ਹਨ। ਅਜਿਹੇ ਸਮੇਂ ਮੀਡੀਆ ਵਿੱਚ ਬੈਠਾ ਉਦਾਰਵਾਦੀ ਵਰਗ ਕੋਈ ਮੌਕਾ ਲੱਭ ਰਿਹਾ ਸੀ ਜਿਸ ਨਾਲ ਉਹ ਹਿੰਦੂਤਵ ਦੀਆਂ ਨੀਤੀਆਂ ਵਿਰੁੱਧ ਖੁੱਲ ਕੇ ਬੋਲ ਸਕੇ, ਜੋ ਕਿ ਕਨੱਈਆ ਕੁਮਾਰ ਤੇ ਜੇ. ਐਨ. ਯੂ. ਮਾਮਲੇ ਦੇ ਰੂਪ ਵਿੱਚ ਉਨ੍ਹਾਂ ਨੂੰ ਮਿਲ ਗਿਆ। ਇਸ ਤੋਂ ਬਾਅਦ ਮੀਡੀਆ ਦੇ ਕਈ ਹਿੱਸੇ ਜਿੱਥੇ ਸਿੱਧੇ ਰੂਪ ਵਿਚ ਹਿੰਦੂਤਵੀ ਤਾਕਤਾਂ ਦੇ ਬੁਲਾਰੇ ਬਣ ਕੇ ਚੱਲੇ ਹਨ ਓਥੇ ਮੀਡੀਆ ਦਾ ਦੂਜਾ ਹਿੱਸਾ ਖੁੱਲ ਕੇ ਹਿੰਦੂਤਵੀ ਏਜੰਡੇ ਦੇ ਵਿਰੋਧ ਵਿਚ ਖੜ੍ਹਿਆ ਹੈ।
ਜਦੋਂ ਸ: ਅਜਮੇਰ ਸਿੰਘ ਨੂੰ ਇਹ ਪੁੱਛਿਆ ਗਿਆ ਕਿ ਸਿੱਖਾਂ ਦੇ ਮਾਮਲੇ ਵਿੱਚ ਮੀਡੀਆ ਵੱਲੋਂ ਅਜਿਹੀ ਉਦਾਰਤਾ ਕਿਉਂ ਨਹੀਂ ਦਿਖਾਈ ਜਾਂਦੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਵੱਖਰੇ ਤੌਰ ਉੱਤੇ ਵਿਚਾਰ ਦੀ ਮੰਗ ਕਰਦਾ ਹੈ ਪਰ ਅੱਜ ਦੀ ਗੱਲਬਾਤ ਦੇ ਸੰਦਰਭ ਵਿਚ ਸਮਝਣ ਲਈ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਜਿਥੇ ਮੁਸਲਮਾਨ, ਕਸ਼ਮੀਰੀ ਅਤੇ ਖੱਬੇਪੱਖੀ ਆਪਣੇ ਸੰਘਰਸ਼ ਦੀ ਪ੍ਰਮਾਣਿਕਤਾ ਸਥਾਪਿਤ ਕਰਨ ਵਿੱਚ ਕਾਮਯਾਬ ਰਹੇ ਹਨ ਓਥੇ ਅਸੀਂ (ਸਿੱਖ) ਅਜੇ ਤੱਕ ਆਪਣੇ ਸੰਘਰਸ਼ ਦੀ ਪ੍ਰਮਾਣਿਕਤਾ ਸਥਾਪਿਤ ਕਰਨ ਵਿਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਿੱਖ ਅਨੇਕਾਂ ਕੁਰਬਾਨੀਆਂ ਤੋਂ ਬਾਅਦ ਵੀ ਆਪਣੇ ਸੰਘਰਸ਼ ਨੂੰ ਦੁਨੀਆ ਅੱਗੇ ਵਾਜਿਬ ਸਾਬਿਤ ਨਹੀਂ ਕਰ ਸਕੇ। ਸਾਨੂੰ ਇਹ ਗੱਲ ਗੰਭੀਰਤਾ ਨਾਲ ਸਮਝਣੀ ਚਾਹੀਦੀ ਹੈ ਕਿ ਸੰਘਰਸ਼ ਸਿਰਫ ਲੜਾਈ ਦੇ ਪੱਧਰ ਉੱਤੇ ਹੀ ਨਹੀਂ ਲੜੇ ਜਾਂਦੇ ਬਲਕਿ ਬੌਧਿਕ ਤੇ ਵਿਚਾਰਧਾਰਕ ਪੱਧਰ ਉੱਤੇ ਵੀ ਸੰਘਰਸ਼ ਦੀ ਵਾਜ਼ਬੀਅਤ ਸਾਬਿਤ ਕਰਨੀ ਜਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਨੱਈਆ ਕੁਮਾਰ ਅਤੇ ਉਸ ਦੇ ਸਾਥੀ ਵਿਦਿਆਰਥੀ ਜਿਸ ਤਰ੍ਹਾਂ ਹਰ ਸਵਾਲ ਦਾ ਤਰਕ ਨਾਲ ਜਵਾਬ ਦੇ ਰਹੇ ਹਨ, ਸਿੱਖ ਨੌਜਵਾਨਾਂ ਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ।
ਭਾਰਤ ਵਿੱਚ ਬਣ ਰਹੇ ਇਨ੍ਹਾਂ ਹਾਲਾਤਾਂ ਦਾ ਸਿੱਖਾਂ ’ਤੇ ਅਸਰ:
ਭਾਰਤ ਵਿੱਚ ਬਦਲ ਰਹੇ ਇਨ੍ਹਾਂ ਰਾਜਨੀਤਿਕ ਅਤੇ ਸਮਾਜਿਕ ਸਮੀਕਰਣਾਂ ਦੇ ਸਿੱਖਾਂ ਉੱਤੇ ਪੈਣ ਵਾਲੇ ਸੰਭਾਵੀ ਅਸਰਾਂ ਬਾਰੇ ਪੁੱਛੇ ਜਾਣ ‘ਤੇ ਸ. ਅਜਮੇਰ ਸਿੰਘ ਨੇ ਕਿਹਾ ਕਿ ਜਦੋਂ ਕਾਂਗਰਸ ਨੇ ਸਿੱਖਾਂ ’ਤੇ ਹਮਲਾ ਕੀਤਾ ਤਾਂ ਉਸ ਨੇ ਬਾਕੀ ਵਰਗਾਂ ਨੂੰ ਆਪਣੇ ਹਮਾਇਤੀ ਬਣਾ ਲਿਆ ਸੀ।
ਹੁਣ ਬੀ.ਜੇ.ਪੀ ਬੜੀ ਸੋਚੀ ਸਮਝੀ ਨੀਤੀ ਤਹਿਤ ਕਾਮਰੇਡਾਂ, ਦਲਿਤਾਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਆਪਣੇ ਪੱਖ ਵਿੱਚ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਲਈ ਉਹ ਹਿੰਦੂਤਵੀ ਜਥੇਬੰਦੀਆਂ ਜਿਵੇਂ ਬਜਰੰਗ ਦਲ, ਸ਼ਿਵ ਸੈਨਾ ਆਦਿ ਵਿੱਚ ਸਿੱਖ ਚਿਹਰਿਆਂ ਨੂੰ ਅੱਗੇ ਲਿਆ ਕੇ ਸਿੱਖਾਂ ਨੂੰ ਆਪਣੀ ਹਮਾਇਤ ਵਿੱਚ ਖੜਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਕੀ ਹਿੰਦੂਤਵੀ ਤਾਕਤਾਂ ਸਿੱਖਾਂ ਨੂੰ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਵਿਰੋਧ ਵਿਚ ਚੱਲਣ ਵਾਲੇ ਇਸ ਵਰਤਾਰੇ ਦੇ ਹੱਕ ਵਿਚ ਭੁਗਤਾਉਣ ’ਚ ਕਾਮਯਾਬ ਹੋ ਜਾਣਗੀਆਂ, ਤਾਂ ਸ: ਅਜਮੇਰ ਸਿੰਘ ਨੇ ਕਿਹਾ ਕਿ ਅੱਜ ਸਿੱਖਾਂ ਦੀ ਅੰਦਰੂਨੀ ਹਾਲਤ ਬਹੁਤ ਗੰਭੀਰ ਹੈ। ਸਿੱਖ ਕਿਰਦਾਰ ਨੂੰ ਜਿੰਨਾ ਖੋਰਾ ਪੈ ਗਿਆ ਹੈ, ਉਹ ਸਾਹਮਣੇ ਨਜ਼ਰ ਆ ਰਿਹਾ ਹੈ। ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਜੁਝਾਰੂ ਜਜ਼ਬਾ ਰੱਖਣ ਵਾਲਾ ਸਿੱਖ ਵੀ ਕਦੇ ਖੁਦਕੁਸ਼ੀ ਸਕਦਾ ਹੈ ਪਰ ਅੱਜ ਜੋ ਹੋ ਰਿਹਾ ਹੈ ਉਹ ਸਭ ਦੇ ਸਾਮ੍ਹਣੇ ਹੈ। ਸਿੱਖ ਆਤਮ-ਹੱਤਿਆ ਕਰ ਰਹੇ ਹਨ ਅਤੇ ਪੈਸੇ ਦਾ ਲਾਲਚ ਤੇ ਹੰਕਾਰ ਸਿੱਖਾਂ ਅੰਦਰ ਘਰ ਕਰਦਾ ਜਾ ਰਿਹਾ ਹੈ। ਸਾਨੂੰ ਇਸ ਨਿਘਾਰ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਵਿੱਚੋਂ ਬਹੁਤ ਵੱਡੇ ਤਬਾਹੀ ਦੇ ਰਸਤੇ ਨਿਕਲਣਗੇ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਸਿੱਖ ਗੁਰੂ ਤੋਂ ਬੇਮੁੱਖ ਹੁੰਦਾ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ। ਉਹ ਹਿੰਦੂਵਾਦ ਦਾ ਝੰਡਾ ਚੁੱਕ ਕੇ ਤਿਲਕ ਵੀ ਲਾ ਸਕਦਾ ਹੈ। ਉਹ ਆਰ.ਐਸ.ਐਸ ਦੀਆਂ ਖਾਕੀ ਨਿੱਕਰਾਂ ਵੀ ਪਾ ਸਕਦਾ ਹੈ ਅਤੇ ਅਜਿਹੇ ਸੰਕੇਤ ਹੁਣ ਸਾਹਮਣੇ ਆ ਵੀ ਰਹੇ ਹਨ।
ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਿੱਖ ਕਿਰਦਾਰ ਨੂੰ ਖੋਰਾ ਰੂਹਾਨੀ ਪਤਨ ਕਰਕੇ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਿੱਖ ਧਿਰਾਂ ਸਿਆਸਤ ਅਤੇ ਸੱਤਾ ਨੂੰ ਇਸ ਨਿਘਾਰ ਦਾ ਹੱਲ ਦੱਸਦੀਆਂ ਹਨ ਪਰ ਇਥੇ ਇਹ ਗੱਲ ਸਿੱਖਾਂ ਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਰੂਹਾਨੀ ਪਤਨ ਨੂੰ ਸਿਆਸੀ ਗਿਣਤੀਆਂ-ਮਿਣਤੀਆਂ ਠੱਲ੍ਹ ਨਹੀਂ ਪਾ ਸਕਦੀਆਂ। ਇਸ ਹਾਲਾਤ ਦਾ ਹੱਲ ਇਸ ਗੱਲ ਵਿਚ ਹੈ ਕਿ ਸਿੱਖ ਗੁਰੂ ਸਹਿਬਾਨ ਦੇ ਆਦਰਸ਼ਾਂ ਵੱਲ ਮੁੜ ਕੇ ਰੂੁਹਾਨੀ ਤੌਰ ਉੱਤੇ ਮਜਬੂਤ ਹੋਵੇ।
***
ਨੋਟ: ਇਸ ਗੱਲਬਾਤ ਦੀ ਵੀਡੀਓ ਸਿੱਖ ਸਿਆਸਤ ਦੀ ਵੈਬ-ਸਾਈਟ (www.sikhsiyasat.com) ਅਤੇ ਯੂ-ਟਿਊਬ ਚੈਨਲ (www.youtube.com/sikhsiyasat) ਉੱਤੇ ਵੇਖੀ ਜਾ ਸਕਦੀ ਹੈ।