ਕੁਰੂਕਸ਼ੇਤਰ(19 ਨਵੰਬਰ, 2014): ਭਾਰਤੀ ਅਦਾਲਤਾਂ ਵੱਲੋਂ ਦਿੱਤੀਆ ਸਜ਼ਾਵਾਂ ਪੂਰੀਆਂ ਕਰਨ ਉਪਰੰਤ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਰਾਜਸੀ ਨਜ਼ਰਬੰਦਾਂ ਦੀ ਰਿਹਾਈ ਲਈ ਅੰਬਾਲਾ ਵਿੱਚ ਦੁਬਾਰਾ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ ਸਿੰਘ ਖਾਲਸਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਨੂੰ ਮੋਰਚੇ ‘ਤੇ ਬੈਠੇ ਭਾਈ ਖਾਲਸਾ ਦੇ ਸਮਰਥਕਾਂ ਨੇ ਅਸਫਲ ਕਰਨ ਦਾ ਦਾਅਵਾ ਕੀਤਾ ਹੈ।

ਭਾਈ ਖਾਲਸਾ ਅਤੇ ਬੰਦੀ ਸਿੰਘ ਰਿਹਾਈ ਮੋਰਚੇ ਦੇ ਇੱਕ ਪ੍ਰਤੀਨਿਧ ਨੇ ਫੋਨ ਤੇ ਸਿੱਖ ਸਿਆਸਤ ਨੂੰ ਦੱਸਿਆ ਕਿ ਮੰਗਲਵਾਰ ਰਾਤ ਕਰੀਬ 11 ਵਜੇ ਨਸ਼ੇ ‘ਚ ਟੱਲੀ ਪੰਜਾਬ ਪੁਲਿਸ ਦੇ 5 ਜਵਾਨਾਂ ਨੇ ਗੁਰਦੁਆਰਾ ਲਖਨੌਰ ਸਾਹਿਬ ਪਾਤਸ਼ਾਹੀ 10ਵੀ ‘ਚ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਖਿੱਚ-ਧੂਹ ਕਰਕੇ ਉਨ੍ਹਾਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ।ਮੌਕੇ ‘ਤੇ ਮੌਜੂਦ ਕੁਝ ਸਿੱਖਾਂ ਵਲੋਂ ਜਦੋਂ ਵਿਰੋਧ ਜਤਾਇਆ ਗਿਆ ਤਾਂ ਉਨ੍ਹਾਂ ਦੇ 3 ਸਾਥੀ ਭੱਜਣ ‘ਚ ਸਫ਼ਲ ਹੋ ਗਏ ਜਦਕਿ 2 ਨੂੰ ਉੱਥੇ ਕਾਬੂ ਕਰ ਲਿਆ ਗਿਆ।
ਭਾਈ ਖਾਲਸਾ ਦੇ ਸਮਰਥਕਾਂ ਨੇ ਜਦ ਫੜਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਪਹਿਲਾਂ ਉਨ੍ਹਾਂ ਨੇ ਖੁਦ ਨੂੰ ਪਹਿਲਾਂ ਤਾਂ ਅੰਬਾਲਾ ਪੁਲਿਸ ਸੀ.ਆਈ.ਡੀ. ਵਿਭਾਗ ਤੋਂ ਦੱਸਿਆ ਪਰ ਬਾਅਦ ‘ਚ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਘਨੌਰ (ਪਟਿਆਲਾ) ਤੋਂ ਆਏ ਹਨ। ਇਸ ਹੱਥੋਪਾਈ ‘ਚ ਇਕ ਪੁਲਿਸ ਮੁਲਾਜ਼ਮ ਦਾ ਮੋਬਾਈਲ ਵੀ ਉਥੇ ਹੀ ਡਿੱਗ ਗਿਆ ਜੋ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੇ ਸਮਰਥਕਾਂ ਦੇ ਹੱਥ ਲੱਗਾ।
ਬੁੱਧਵਾਰ ਸਵੇਰੇ ਕਰੀਬ 7 ਵਜੇ ਗੁਰਦੁਆਰਾ ਸਾਹਿਬ ‘ਚ ਸੰਗਤ ‘ਚ ਖੜ੍ਹੇ ਹੋ ਕੇ ਦੋਹਾਂ ਪੁਲਿਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਮੁਆਫ਼ੀ ਮੰਗੀ ਤੇ ਭਵਿੱਖ ‘ਚ ਅਜਿਹੀ ਹਰਕਤ ਨਾ ਕਰਨ ਦਾ ਲਿਖਤੀ ਭਰੋਸਾ ਦਿੱਤਾ। ਇਸ ਬਾਰੇ ਪੁੱਛਣ ‘ਤੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਡਰਨ ਵਾਲੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਬੁੱਧਵਾਰ ਨੂੰ 6ਵੇਂ ਦਿਨ ‘ਚ ਦਾਖਲ ਹੋ ਗਈ ਪਰ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਮਿਲਣ ਕੋਈ ਨਹੀਂ ਪੁੱਜਿਆ।