ਲੁਧਿਆਣਾ (23 ਜੁਲਾਈ, 2015): ਬੀਤੀ ਰਾਤ 1 ਵਜੇ ਦੇ ਕਰੀਬ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਤੋਂ ਦਿਆਨੰਦ ਹਸਪਤਾਲ ਵਿਚ ਤਬਦੀਲ ਕਰ ਦਿੱਤੇ ਗਏ ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਡਾਕਟਰਾਂ ਦੀ ਟੀਮ 24 ਘੰਟੇ ਬਾਪੂ ਖਾਲਸਾ ਦੀ ਸਿਹਤ ਤੇ ਨਜ਼ਰ ਰੱਖ ਰਹੀ ਹੈ । ਉਨ੍ਹਾਂ ਨੂੰ ਗੁਲੂਕੋਜ਼ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ । ਪੁਲਿਸ ਵੱਲੋਂ ਅੱਜ ਪਰਿਵਾਰਕ ਮੈਂਬਰਾਂ ਤੇ ਇਕ ਸੇਵਾਦਾਰ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ ।

ਅੱਜ ਬਾਪੂ ਖਾਲਸਾ ਦੇ ਸਮਰਥਕ ਦਿਆਨੰਦ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਖੜ੍ਹੇ ਹੋ ਕੇ ਬਾਪੂ ਖਾਲਸਾ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ । ਬਾਪੂ ਖਾਲਸਾ ਵੱਲੋਂ ਬੀਤੀ ਰਾਤ ਦੋ ਵਾਰ ਗੁਲੂਕੋਜ਼ ਨੂੰ ਲੱਤਾਂ ਮਾਰ ਕੇ ਲਾਹ ਦਿੱਤਾ ਗਿਆ ਸੀ ਪਰ ਡਾਕਟਰਾਂ ਵੱਲੋਂ ਪੁਲਿਸ ਦੀ ਮਦਦ ਨਾਲ ਮੁੜ ਤੋਂ ਉਨ੍ਹਾਂ ਨੂੰ ਗੁਲੂਕੋਜ਼ ਲਗਾ ਦਿੱਤਾ ਗਿਆ ।
ਅੱਜ ਬਾਪੂ ਖ਼ਾਲਸਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਬਾਪੂ ਖ਼ਾਲਸਾ ਨਾਲ ਮੁਲਾਕਾਤ ਕਰਨ ਪਹੁੰਚੇ, ਪਰ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿਤਾ। ਉਨ੍ਹਾਂ ਨੇ ਬਾਪੁ ਸੂਰਤ ਸਿੰਘ ਦੀ ਧੀ ਬੀਬੀ ਸਰਵਿੰਦਰ ਕੌਰ ਨੂੰ ਮਿਲਕੇ ਬਾਪੂ ਜੀ ਦਾ ਹਾਲ ਚਾਲ ਪੁੱਛਿਆ ।