ਬਠਿੰਡਾ: ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਨੇ ਹਲਕਾ ਲੰਬੀ ਤੋਂ ਚੋਣ ਲੜਨ ’ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਗੁਰਬਚਨ ਸਿੰਘ ਦੀ ਹਮਾਇਤ ਕਰਨ ਵਾਲੀਆਂ ਧਿਰਾਂ ਨੇ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਚੋਣ ਮੈਦਾਨ ’ਚੋਂ ਹਟ ਜਾਣ ਅਤੇ ਗੁਰਬਚਨ ਸਿੰਘ ਦੀ ਹਮਾਇਤ ਕਰਨ।
ਕਾਰਜਕਾਰੀ ਜਥੇਦਾਰਾਂ ਅਤੇ ਹੋਰ ਆਗੂਆਂ ਨੇ ਬੀਤੀ ਰਾਤ ਬਠਿੰਡਾ ਵਿੱਚ ਮੀਟਿੰਗ ਕਰਕੇ ਗੁਰਬਚਨ ਸਿੰਘ ਦੀ ਸਹਿਮਤੀ ਲੈਣ ਮਗਰੋਂ ਉਸ ਨੂੰ ਲੰਬੀ ਤੋਂ ਉਮੀਦਵਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਕਾਰਜਕਾਰੀ ਜਥੇਦਾਰਾਂ ਵਲੋਂ ਭਾਈ ਗੁਰਦੀਪ ਸਿੰਘ ਅਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਗੁਰਬਚਨ ਸਿੰਘ ਦੇ ਭਰਾ ਨਾਲ ਮੁਲਾਕਾਤ ਕੀਤੀ ਅਤੇ ਗੁਰਬਚਨ ਸਿੰਘ ਨੇ ਉਮੀਦਵਾਰ ਬਣਨ ਦੀ ਹਾਮੀ ਭਰੇ ਜਾਣ ਦੀ ਸੂਚਨਾ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਕੱਲ੍ਹ ਸ਼ਾਮ ਨੂੰ ਦੱਸਿਆ ਕਿ ਗੁਰਬਚਨ ਸਿੰਘ ਨੇ ਕਾਰਜਕਾਰੀ ਜਥੇਦਾਰਾਂ ਦਾ ਹਰ ਹੁਕਮ ਮੰਨਣ ਦੀ ਗੱਲ ਆਖੀ ਹੈ।

ਇਸ ਮੌਕੇ ਆਗੂਆਂ ਨੇ ਆਖਿਆ ਕਿ ਗੁਰਬਚਨ ਸਿੰਘ ਨੇ ਪੰਜਾਬੀਆਂ ਦੇ ਰੋਸੇ ਦਾ ਪ੍ਰਗਟਾਵਾ ਕੀਤਾ ਹੈ, ਜਿਸ ਕਰਕੇ ਉਸ ਨੂੰ ਲੰਬੀ ਹਲਕੇ ਤੋਂ ਚੋਣ ਲੜਾਉਣ ਦਾ ਵਿਚਾਰ ਹੈ। ਬੀਤੀ ਰਾਤ ਬਠਿੰਡਾ ਵਿੱਚ ਹੋਈ ਮੀਟਿੰਗ ’ਚ ਕਾਫ਼ੀ ਲੰਮੀ ਵਿਚਾਰ ਚਰਚਾ ਹੋਈ ਹੈ। ਇਸ ਚਰਚਾ ਮਗਰੋਂ ਹੀ ਵਫ਼ਦ ਨੇ ਗੁਰਬਚਨ ਸਿੰਘ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਹੈ।
ਇਸ ਦੌਰਾਨ ਭਾਈ ਬਲਬੀਰ ਸਿੰਘ ਅਰਦਾਸੀਆ ਨੇ ਕਿਹਾ ਕਿ ਉਹ ਹਲਕਾ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਨੂੰ ਹਮਾਇਤ ਦੇਣਗੇ।