ਚੰਡੀਗੜ੍ਹ: ਪੰਜਾਬ ਦੀ ਬਾਦਲ ਦਲ-ਭਾਜਪਾ ਸਰਕਾਰ ਮੌਕੇ ਆਪਣੇ ਰੁਤਬੇ ਦੀ ਨਜ਼ਾਇਜ ਵਰਤੋਂ ਕਰਦਿਆਂ ਬਾਦਲ ਦਲ ਦੇ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਭ੍ਰਿਸ਼ਟਾਚਾਰ ਅਤੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ। ਬਾਦਲ ਪਰਿਵਾਰ ਦੇ ਨਿਜੀ ਤੌਰ ‘ਤੇ ਅਤਿ ਕਰੀਬੀ ਮੰਨੇ ਜਾਂਦੇ ਦਿਆਲ ਸਿੰਘ ਕੋਲਿਆਂਵਾਲੀ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਮੁਹਾਲੀ ਪੁਲੀਸ ਥਾਣੇ ਵਿੱਚ ਪਰਚਾ ਦਰਜ ਕੀਤਾ ਹੈ। ਇਹ ਪਰਚਾ ਵਿਜੀਲੈਂਸ ਦੀ ਪੜਤਾਲ ਦੇ ਅਧਾਰ ਉੱਤੇ ਦਰਜ ਕੀਤਾ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਕੈਪਟਨ ਸਰਕਾਰ ਦਾ ਇਹ ‘ਵਾਰ’ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਵਿਜੀਲੈਂਸ ਦੀ ਪੜਤਾਲ ਵਿੱਚ ਕਿਹਾ ਗਿਆ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਅਕਾਲੀ ਸਰਕਾਰ ਦੇ ਸਮੇਂ ਆਪਣੇ ਰੁਤਬੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਕਰਮਚਾਰੀਆਂ ਤੇ ਅਫ਼ਸਰਾਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਰਾਹੀਂ ਭਾਰੀ ਰਕਮਾਂ ਹਾਸਲ ਕੀਤੀਆਂ ਹਨ। ਵਿਜੀਲੈਂਸ ਨੇ ਕੋਲਿਆਂਵਾਲੀ ਉੱਤੇ ਪੰਜਾਬ ਸਮੇਤ ਰਾਜਸਥਾਨ, ਉੱਤਰਾਖੰਡ ਆਦਿ ਸੂਬਿਆਂ ਵਿੱਚ ਵੀ ਜ਼ਮੀਨ ਅਤੇ ਹੋਟਲ ਆਦਿ ਖ਼ਰੀਦਣ ਦੇ ਦੋਸ਼ ਲਾਏ ਹਨ।
ਪੰਜਾਬੀ ਟ੍ਰਿਬਿਊਨ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾ ਛਾਪਿਆ ਹੈ ਕਿ ਕਾਂਗਰਸੀ ਆਗੂਆਂ ਦੇ ਦਬਾਅ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲਿਆਂਵਾਲੀ ਖਿਲਾਫ਼ ਕੁੱਝ ਮਹੀਨੇ ਪਹਿਲਾਂ ਹੀ ਵਿਜੀਲੈਂਸ ਪੜਤਾਲ ਦੀ ਇਜਾਜ਼ਤ ਦੇ ਦਿੱਤੀ ਸੀ। ਵਿਜੀਲੈਂਸ ਦੇ ਅਫਸਰਾਂ ਦਾ ਦੱਸਣਾ ਹੈ ਕਿ ਕੁੱਝ ਹੋਰਨਾਂ ਅਕਾਲੀ ਨੇਤਾਵਾਂ ਖਿਲਾਫ਼ ਵੀ ਵਿਜੀਲੈਂਸ ਪੜਤਾਲ ਕੀਤੀ ਜਾ ਰਹੀ ਹੈ ਤੇ ਸਰਕਾਰ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।
ਵਿਜੀਲੈਂਸ ਨੇ 1 ਅਪਰੈਲ 2009 ਤੋਂ ਲੈ ਕੇ 31 ਮਾਰਚ 2014 ਤੱਕ ਦੇ ਸਮੇਂ ਨੂੰ ਪੜਤਾਲ ਦਾ ਆਧਾਰ ਬਣਾਇਆ ਹੈ। ਬਿਊਰੋ ਮੁਤਾਬਕ ਇਸ ਸਮੇਂ ਦੌਰਾਨ ਕੋਲਿਆਂਵਾਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2 ਕਰੋੜ 39 ਲੱਖ 42 ਹਜ਼ਾਰ 854 ਰੁਪਏ ਦੀ ਆਮਦਨ ਹੋਈ ਸੀ। ਇਸ ਦੇ ਉਲਟ ਇਸ ਸਮੇਂ ਦੌਰਾਨ ਇਸ ਪਰਿਵਾਰ ਵੱਲੋਂ 4 ਕਰੋੜ 10 ਲੱਖ 63 ਹਜ਼ਾਰ 158 ਕਰੋੜ ਰੁਪਏ ਦੀ ਚੱਲ ਤੇ ਅਚੱਲ ਜਾਇਦਾਦ ਖ਼ਰੀਦੀ ਗਈ। ਵਿਜੀਲੈਂਸ ਮੁਤਾਬਕ ਆਮਦਨ ਤੇ ਖ਼ਰਚ ਵਿਚਲਾ ਪਾੜਾ 71.5 ਫੀਸਦੀ ਜ਼ਿਆਦਾ ਬਣਦਾ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਨੇ ਲੋਕ ਸੇਵਕ ਹੁੰਦਿਆਂ ਆਪਣੇ ਅਹੁਦੇ ਦੀ ਨਜ਼ਾਇਜ਼ ਵਰਤੋਂ ਕਰਕੇ ਕਰੋੜਾਂ ਰੁਪਏ ਗਲਤ ਤਰੀਕਿਆਂ ਰਾਹੀਂ ਕਮਾਏ। ਐੱਫਆਈਆਰ ਵਿੱਚ ਕੋਲਿਆਂਵਾਲੀ ਦੇ ਪਰਿਵਾਰ ਕੋਲ 4 ਲਗਜ਼ਰੀ ਗੱਡੀਆਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਕੋਲਿਆਂਵਾਲੀ ਵਿੱਚ 5 ਏਕੜ ਵਿੱਚ ਮਹਿਲਨੁਮਾ ਘਰ ਅਤੇ ਮੁੰਡੇ ਦੇ ਵਿਆਹ ’ਤੇ ਸ਼ਾਹੀ ਖ਼ਰਚ ਦਾ ਹਵਾਲਾ ਵੀ ਦਿੱਤਾ ਗਿਆ ਹੈ। ਬਿਊਰੋ ਵੱਲੋਂ ਕੋਲਿਆਂਵਾਲੀ ਦੇ ਅਧੀਨ ਸੇਵਾਵਾਂ ਚੋਣ ਬੋਰਡ ਦਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦਾ ਚੇਅਰਮੈਨ ਹੋਣ ਦੇ ਸਮੇਂ ਨੂੰ ਲੋਕ ਸੇਵਕ ਦੇ ਰੁਤਬੇ ਨਾਲ ਜੋੜਿਆ ਹੈ।