ਚੰਡੀਗੜ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇੇ ਕਿਹਾ ਕਿ ਕਾਂਗਰਸ ਖਿਲਾਫ ਵਾਅਦੇ ਪੂਰੇ ਨਾ ਕਰਨ ਕਰਕੇ ਲੋਕਾਂ ਅੰਦਰ ਵਧ ਰਹੇ ਗੁੱਸੇ ਤੋਂ ਧਿਆਨ ਭਟਕਾਉਣ ਲਈ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਗੋਲੀਬਾਰੀ ਕਾਂਡ ਬਾਰੇ ਉਸ ਦੇ ਖਿਲਾਫ ਝੂਠੀ ਦੂਸ਼ਣਬਾਜ਼ੀ ਕਰ ਰਿਹਾ ਹੈ।ਬਾਦਲ ਨੇੇ ਕਿਹਾ ਕਿ ਕੈਪਟਨ ਦਾ ਬਿਆਨ ਉਸ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਖਿਲਾਫ ਬਦਲੇਖੋਰੀ ਦੀ ਨੀਤੀ ਨਾ ਅਪਣਾਉਣ ਦੇ ਝੂਠੇ ਦਾਅਵਿਆਂ ਦੀ ਵੀ ਪੋਲ ਖੋਲਦਾ ਹੈ।
ਬਾਦਲ ਨੇ ਕੈਪਟਨ ਵੱਲੋਂ ਬਹਿਬਲ ਕਲਾਂ ਗੋਲੀਬਾਰੀ ਕਾਂਡ ਦੀ ਜਾਂਚ ਕਰ ਰਹੇ ਕਮਿਸ਼ਨ ਦੇ ਬੁਲਾਰੇ ਵਜੋਂ ਨਿਭਾਈ ਜਾ ਰਹੀ ਭੂਮਿਕਾ ਉੱਤੇ ਕਟਾਖਸ਼ ਕਰਦਿਆਂ ਕਿਹਾ ਕਿ ਸ਼ਾਇਦ ਤੁਹਾਨੂੰ ਇਲਮ ਨਹੀਂ ਹੈ ਕਿ ਤੁਸੀਂ ਪਹਿਲੇ ਅਜਿਹੇ ਮੁੱਖ ਮੰਤਰੀ ਹੋ, ਜਿਸ ਨੇ ਖੁਦ ਬਣਾਏ ਜਾਂਚ ਕਮਿਸ਼ਨ ਦੇ ਬੁਲਾਰੇ ਦਾ ਹੀ ਕੰਮ ਸੰਭਾਲ ਰੱਖਿਆ ਹੈ। ਅਜਿਹਾ ਕਮਿਸ਼ਨ ਕੀ ਜਾਂਚ ਕਰੇਗਾ, ਜਿਸ ਦੀਆਂ ਲੱਭਤਾਂ ਬਾਰੇ ਮੁੱਖ ਮੰਤਰੀ ਨੇ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ? ਜੇਕਰ ਹਰ ਹਾਲਤ ਵਿਚ ਆਖਰੀ ਫੈਸਲਾ ਤੁਸੀਂ ਖੁਦ ਹੀ ਸੁਣਾਉਣਾ ਹੈ ਤਾਂ ਵਾਰ ਵਾਰ ਉਹਨਾਂ ਹੀ ਦੋਸ਼ਾਂ ਦੇ ਬਿਲਕੁੱਲ ਉਹੀ ਨਤੀਜੇ ਕੱਢਣ ਲਈ ਇਹ ਕਮਿਸ਼ਨ ਬਣਾ ਕੇ ਲੋਕਾਂ ਦਾ ਕੀਮਤੀ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ?

ਬਾਦਲ ਨੇ ਮੁੱਖ ਮੰਤਰੀ ਦੇ ਉਸ ਦੋਸ਼ ਨੂੰ ਮੁੱਢੋਂ ਨਕਾਰਿਆ, ਜਿਸ ਵਿਚ ਕਿਹਾ ਗਿਆ ਹੈ ਕਿ ਇਹ ਮੁੱਖ ਮੰਤਰੀ ਹੁੰਦਾ ਹੈ, ਜਿਸ ਨੇ ਬਹਿਬਲ ਕਲਾਂ ਵਰਗੀ ਕਿਸੇ ਵੀ ਘਟਨਾ ਮੌਕੇ ਗੋਲੀ ਚਲਾਉਣ ਦਾ ਹੁਕਮ ਦੇਣਾ ਹੁੰਦਾ ਹੈ, ਕੋਈ ਪੁਲਿਸ ਅਧਿਕਾਰੀ ਨਹੀਂ।
ਸਬੰਧਤ ਖ਼ਬਰ: ਬਹਿਬਲ ਕਲਾਂ ਗੋਲੀ ਕਾਂਡ ਲਈ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ: ਕੈਪਟਨ ਅਮਰਿੰਦਰ …
ਬਾਦਲ ਨੇ ਕਿਹਾ ਕਿ ਕੈਪਟਨ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੂਬੇ ਦਾ ਮੁੱਖ ਮੰਤਰੀ ਕੋਈ ਠਾਣੇਦਾਰ ਜਾਂ ਐਸ. ਐਸ. ਪੀ ਨਹੀਂ ਹੁੰਦਾ, ਜੋ ਇਹ ਫੈਸਲਾ ਕਰੇ ਕਿ ਇੱਕ ਖਾਸ ਕਿਸਮ ਦੇ ਹਾਲਾਤ ਵਿਚ ਅਧਿਕਾਰੀ ਦੀ ਕਮਾਂਡ ਹੇਠਲੀ ਫੋਰਸ ਨੂੰ ਕਿਸ ਤਰਾਂ ਦੀ ਕਾਰਵਾਈ ਕਰਨੀ ਚਾਹੀਦੀ ਹੈ। ਇਹ ਕੰਮ ਉਸ ਅਧਿਕਾਰੀ ਦਾ ਹੁੰਦਾ ਹੈ, ਜੋ ਹਲਾਤ ਦਾ ਮੁਲੰਕਣ ਕਰਕੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਫੈਸਲਾ ਲੈਂਦਾ ਹੈ ਅਤੇ ਫਿਰ ਹੁਕਮ ਜਾਰੀ ਕਰਦਾ ਹੈ। ਇਹ ਸਭ ਉਹ ਦਰੁਸਤ ਪ੍ਰਸਾਸ਼ਕੀ ਕਾਰਵਾਈਆਂ ਕਰਦੇ ਹੋਏ ਕਰਦਾ ਹੈ। ਜੇਕਰ ਇਹ ਫੈਸਲਾ ਮੁੱਖ ਮੰਤਰੀ ਨੇ ਹੀ ਲੈਣਾ ਹੁੰਦਾ ਹੈ ਤਾਂ ਮੌਕੇ ਉੱਤੇ ਮੌਜੂਦਾ ਅਧਿਕਾਰੀ ਦੀ ਕੀ ਭੂਮਿਕਾ ਹੋਵੇਗੀ?
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕੋ ਸਮੇ ਦੋਸ਼ ਮੜਣ ਵਾਲਾ, ਮੁਕੱਦਮੇ (ਇਸਤਗਾਸਾ) ਅਤੇ ਨਿਆਂ ਪਾਲਿਕਾਂ ਤਿੰਨੇ ਧਿਰਾਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਕਾਂਗਰਸ ਪਾਰਟੀ ਅਤੇ ਇਸ ਦੀ ਸਰਕਾਰ ਦੀ ਮਾਨਸਿਕਤਾ ਦੀ ਝਲਕ ਮਿਲਦੀ ਹੈ।
ਜ਼ਿਕਰਯੋਗ ਹੈ ਕਿ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਂਵਾਂ ਵਿਰੁਧ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਪੁਲਿਸ ਵੱਲੋਂ ਬਹਿਬਲ ਕਲਾਂ ਵਿੱਚ ਗੋਲੀਬਾਰੀ ਕੀਤੀ ਗਈ ਸੀ ਜਿਸ ਵਿੱਚ ਦੋ ਸਿੱਖਾਂ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦੀ ਸ਼ਹੀਦੀ ਹੋ ਗਈ ਸੀ। ਇਸ ਘਟਨਾ ਦੀ ਜਾਂਚ ਲਈ ਬਾਦਲ ਸਰਕਾਰ ਵੱਲੋਂ ਬਣਾਇਆ ਗਿਆ ਜਸਟਿਸ ਜੋਰਾ ਸਿੰਘ ਕਮਿਸ਼ਨ ਦੋਸ਼ੀਆਂ ਦੀ ਸ਼ਨਾਖਤ ਕਰਨ ਵਿੱਚ ਅਸਫਲ ਰਿਹਾ ਸੀ ਪਰ ਦੂਜੇ ਬੰਨੇ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਬਣਾਏ ਜਸਟਿਸ ਮਾਰਕੰਡੇ ਕਾਟਜੂ ਦੀ ਅਗਵਾਈ ਵਾਲੇ ਲੋਕ ਕਮਿਸ਼ਨ ਨੇ ਇਸ ਮਾਮਲੇ ਵਿੱਚ ਮੌਕੇ ਦੇ ਪੁਲਿਸ ਅਫਸਰਾਂ ਤੋਂ ਇਲਾਵਾ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਇਸ ਘਟਨਾਂ ਲਈ ਜ਼ਿੰਮੇਵਾਰ ਠਹਿਰਾਇਆ ਸੀ।