ਲੰਡਨ: ਲੰਡਨ ਦਾ ਮੇਅਰ ਸਾਦਿਕ ਖਾਨ, ਜੋ ਪਾਕਿਸਤਾਨ ਤੋਂ ਬੱਸ ਡਰਾਈਵਰ ਦਾ ਬੇਟਾ ਹੈ, ਇੰਗਲੈਂਡ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਏਸ਼ਿਆਈ ਮੂਲ ਦਾ ਬੰਦਾ ਹੈ। ਬਰਤਾਨੀਆ ਦੀਆਂ 101 ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ਿਆਈ ਸ਼ਖ਼ਸੀਅਤਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ, ਹਿੰਦੂਜਾ ਭਰਾ, ਲਕਸ਼ਮੀ ਮਿੱਤਲ ਅਤੇ ਸੰਗੀਤਕਾਰ ਤੇ ਗਾਇਕ ਜ਼ਿਆਨ ਮਲਿਕ ਸ਼ਾਮਲ ਹਨ।

ਦੋ ਭਾਸ਼ਾਵਾਂ ਵਿੱਚ ਛਪਦੇ ਹਫ਼ਤਾਵਰੀ ਰਸਾਲੇ ‘ਗਰਵੀ ਗੁਜਰਾਤ’ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਜੀਜੀ2 ਪਾਵਰ ਸੂਚੀ ਮੁਤਾਬਕ 46 ਸਾਲਾ ਸਾਦਿਕ ਖਾਨ ਲੰਡਨ ਦਾ ਮੇਅਰ ਬਣਨ ਵਾਲਾ ਪਹਿਲਾ ਮੁਸਲਿਮ ਵਿਅਕਤੀ ਹੈ।
ਕੱਲ੍ਹ ਇਥੇ ਪਾਰਕ ਪਲਾਜ਼ਾ ਹੋਟਲ ਵਿੱਚ ਜੀਜੀ2 ਲੀਡਰਸ਼ਿਪ ਐਵਾਰਡਜ਼ ਭਾਰਤ ਦੇ ਕਾਰਜਕਾਰੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਦਿੱਤੇ। ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਸਰਕਾਰ ਵਿੱਚ ਵਪਾਰ ਤੇ ਕੌਂਸਲ ਮੰਤਰੀ ਸਾਜਿਦ ਜਾਵੇਦ ਨੂੰ ਦੂਜਾ ਅਤੇ ਨਵੀਂ ਕੌਮਾਂਤਰੀ ਵਿਕਾਸ ਮੰਤਰੀ ਪ੍ਰੀਤੀ ਪਟੇਲ ਨੂੰ ਤੀਜਾ ਸਥਾਨ ਦਿੱਤਾ ਗਿਆ। ਨੋਬੇਲ ਪੁਰਸਕਾਰ ਜੇਤੂ ਸਰ ਵੈਂਕਟਰਮਨ ਰਾਮਕ੍ਰਿਸ਼ਨਨ ਦੇਸ਼ ਦਾ ਚੌਥਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ਿਆਈ ਸ਼ਖ਼ਸ ਹੈ। ਐਸਪੀ ਹਿੰਦੂਜਾ ਦੀ ਅਗਵਾਈ ਵਾਲੇ ਹਿੰਦੂਜਾ ਪਰਿਵਾਰ ਨੂੰ ਛੇਵਾਂ ਸਥਾਨ ਦਿੱਤਾ ਗਿਆ ਹੈ। ਹਿੰਦੂਜਾ ਗਰੁੱਪ ਦੇ ਕੋ-ਚੇਅਰਮੈਨ ਗੋਪੀ ਹਿੰਦੂਜਾ ਨੇ ਕਿਹਾ, ‘ਯੂਕੇ ਦੇ ਰਾਸ਼ਟਰਮੰਡਲ (Common Wealth) ਮੁਲਕਾਂ ਨਾਲ ਬਿਹਤਰੀਨ ਰਿਸ਼ਤੇ ਹਨ।’
ਇਸਪਾਤ ਦੇ ਵੱਡੇ ਕਾਰੋਬਾਰੀ ਲਕਸ਼ਮੀ ਮਿੱਤਲ ਨੂੰ ਇਸ ਸੂਚੀ ਵਿੱਚ ਸੱਤਵਾਂ ਅਤੇ ਪਾਕਿ ਮੂਲ ਦੀ ਕਾਰਕੁਨ ਮਲਾਲਾ ਯੂਸਫਜ਼ਈ ਨੂੰ ਦਸਵਾਂ ਸਥਾਨ ਦਿੱਤਾ ਗਿਆ ਹੈ। ਬਰਤਾਨੀਆ ਦੇ ਸਭ ਤੋਂ ਪ੍ਰਸਿੱਧ ਹਾਈ ਕੋਰਟ ਦੇ ਜੱਜਾਂ ਵਿੱਚੋਂ ਇਕ ਸਰ ਰਬਿੰਦਰ ਸਿੰਘ, ਜੋ 2013 ਤੋਂ ਦੱਖਣ ਪੂਰਬੀ ਸਰਕਟ ਦੇ ਪ੍ਰਧਾਨ ਹਨ, ਨੂੰ 12ਵਾਂ ਸਥਾਨ ਦਿੱਤਾ ਗਿਆ ਹੈ। ਹਾਊਸ ਆਫ ਲਾਰਡਜ਼ ਵਿੱਚ ਲਿਬਰਲ ਡੈਮੋਕਰੈਟਜ਼ ਦੇ ਡਿਪਟੀ ਆਗੂ ਲਾਰਡ ਨਵਨੀਤ ਢੋਲਕੀਆ ਨੂੰ 41ਵਾਂ ਅਤੇ ਪਰਵਾਸੀ ਸਨਅਤਕਾਰ ਲਾਰਡ ਸਵਰਾਜ ਪਾਲ ਨੂੰ 42ਵਾਂ ਸਥਾਨ ਦਿੱਤਾ ਗਿਆ ਹੈ।