ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਾਮਧਾਰੀ ਮੁਖੀ ਦੀ ਪਤਨੀ ਚੰਦ ਕੌਰ ਕਤਲ ਕੇਸ ਸਮੇਤ ਤਿੰਨ ਮਾਮਲੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੇ ਹਨ। ਸੂਤਰਾਂ ਅਨੁਸਾਰ ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ 11 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਸੂਬਾ ਸਰਕਾਰ ਨੇ ਜਿਹੜੇ ਦੋ ਹੋਰ ਮਾਮਲੇ ਜਾਂਚ ਲਈ ਸੀਬੀਆਈ ਦੇ ਸਪੁਰਦ ਕੀਤੇ ਹਨ, ਉਨ੍ਹਾਂ ਵਿੱਚ ਲੁਧਿਆਣਾ ਦੇ ਹੀ ਕੂੰਮ ਕਲਾਂ ਖੇਤਰ ’ਚ ਨਾਮਧਾਰੀਆਂ ਨਾਲ ਸਬੰਧਤ ਅਵਤਾਰ ਸਿੰਘ ਤਾਰੀ ਦਾ ਕਤਲ ਕੇਸ ਅਤੇ ਜਲੰਧਰ ਦੇ ਮਕਸੂਦਾਂ ਥਾਣੇ ਦੀ ਹਦੂਦ ’ਚ ਹੋਏ ‘ਟਿਫਿਨ ਬੰਬ ਧਮਾਕੇ’ ਦਾ ਮਾਮਲਾ ਸ਼ਾਮਲ ਹਨ।

ਪੁਲਿਸ ਸੂਤਰਾਂ ਅਨੁਸਾਰ ਚੰਦ ਕੌਰ ਦੇ ਕਤਲ ਸਬੰਧੀ ਨਾਮਧਾਰੀਆਂ ਦੇ ਇੱਕ ਵਿਸ਼ੇਸ਼ ਵਿਅਕਤੀ ਦੁਆਲੇ ਸ਼ੱਕ ਦੀ ਸੂਈ ਘੁੰਮ ਰਹੀ ਹੈ ਤੇ ਪੁਲਿਸ ਇਸ ਵਿਅਕਤੀ ਨੂੰ ਹੱਥ ਪਾਉਣ ਤੋਂ ਕੰਨੀ ਕਤਰਾ ਰਹੀ ਸੀ। ਇਸੇ ਤਰ੍ਹਾਂ ਜਲੰਧਰ ’ਚ ਹੋਏ ਬੰਬ ਧਮਾਕੇ ਅਤੇ ਤਾਰੀ ਕਤਲ ਕੇਸ ਦੀਆਂ ਤਾਰਾਂ ਵੀ ਇਸੇ ਫਿਰਕੇ ਨਾਲ ਸਬੰਧਤ ਕੁਝ ਵਿਅਕਤੀਆਂ ਨਾਲ ਜੁੜਦੀਆਂ ਹਨ। ਪੁਲਿਸ ਨੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਤਿੰਨਾਂ ਮਾਮਲਿਆਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਸਬੰਧੀ ਗ੍ਰਹਿ ਵਿਭਾਗ ਨੂੰ ਲਿਖ ਦਿੱਤਾ ਸੀ। ਗ੍ਰਹਿ ਵਿਭਾਗ ਵੱਲੋਂ ‘ਦਿੱਲੀ ਸਪੈਸ਼ਲ ਪੁਲਿਸ ਅਸਟੈਬਲਿਸ਼ਮੈਂਟ ਐਕਟ-1964’ ਦੀ ਧਾਰਾ 6 ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਕਾਰਵਾਈ ਕਰੇਗੀ।
ਸੂਤਰਾਂ ਦਾ ਦੱਸਣਾ ਹੈ ਕਿ ਪੁਲਿਸ ਵੱਲੋਂ ਚੰਦ ਕੌਰ ਕਤਲ ਕੇਸ ਦੀ ਜਾਂਚ ਕੇਂਦਰੀ ਏਜੰਸੀ ਨੂੰ ਸੌਂਪਣ ਸਮੇਂ ਦਲੀਲ ਦਿੱਤੀ ਗਈ ਹੈ ਕਿ ਇਸ ਕਤਲ ਨਾਲ ਸਬੰਧਤ ਦੋ ਮੁਲਜ਼ਮਾਂ ਦੇ ਪੰਜਾਬ ਤੋਂ ਬਾਹਰ ਹੋਣ ਦਾ ਸ਼ੱਕ ਹੈ। ਇਸ ਲਈ ਪੰਜਾਬ ਪੁਲਿਸ ਸੂਬੇ ਤੋਂ ਬਾਹਰ ਪੜਤਾਲ ਕਰਨ ਤੋਂ ਅਸਮਰੱਥ ਹੈ। ਇਸੇ ਤਰ੍ਹਾਂ ਅਵਤਾਰ ਸਿੰਘ ਤਾਰੀ ਕਤਲ ਕੇਸ ਸਬੰਧੀ ਦਲੀਲ ਦਿੱਤੀ ਗਈ ਹੈ ਕਿ ਚੰਦ ਕੌਰ ਅਤੇ ਤਾਰੀ ਕਤਲ ਕੇਸ ਦੇ ਮੁਲਜ਼ਮਾਂ ਵੱਲੋਂ ਇੱਕੋ ਹਥਿਆਰ ਵਰਤੇ ਹੋਣ ਤੇ ਇੱਕ ਵਿਅਕਤੀ ਵੱਲੋਂ ਸਾਜ਼ਿਸ਼ ਘੜੇ ਹੋਣ ਦਾ ਸ਼ੱਕ ਹੈ। ਪੁਲਿਸ ਨੇ ਜਲੰਧਰ ਦੇ ‘ਟਿਫਿਨ ਬੰਬ ਕਾਂਡ’ ਦੀਆਂ ਤਾਰਾਂ ਵੀ ਇਨ੍ਹਾਂ ਕੇਸਾਂ ਨਾਲ ਜੋੜਦਿਆਂ ਤਿੰਨੋਂ ਕੇਸ ਸੀਬੀਆਈ ਨੂੰ ਸੌਂਪਣ ਦਾ ਫ਼ੈਸਲਾ ਕਰ ਲਿਆ ਸੀ।
ਜ਼ਿਕਰਯੋਗ ਹੈ ਕਿ ਚੰਦ ਕੌਰ ਦਾ ਕਤਲ ਇਸੇ ਸਾਲ 4 ਅਪਰੈਲ ਨੂੰ ਹੋਇਆ ਸੀ ਤੇ ਪੁਲਿਸ ਨੇ ਕੂਮ ਕਲਾਂ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁਧ ਧਾਰਾ 302, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਅਵਤਾਰ ਸਿੰਘ ਤਾਰੀ ਦਾ ਕਤਲ 12 ਅਪਰੈਲ 2011 ਨੂੰ ਹੋਇਆ ਸੀ। ਪੁਲੀਸ ਨੇ ਇਸ ਸਬੰਧੀ ਧਾਰਾ 302, 34 ਆਈਪੀਸੀ, 120 ਬੀ (ਸਾਜ਼ਿਸ਼) ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਸੀ। ਜਲੰਧਰ ਦੇ ਮਕਸੂਦਾਂ ਖੇਤਰ ਵਿੱਚ ਹੋਏ ਬੰਬ ਧਮਾਕੇ ਸਬੰਧੀ ੁਪਲਿਸ ਵੱਲੋਂ 6 ਦਸੰਬਰ 2015 ਨੂੰ ਧਾਰਾ 302, 120 ਬੀ ਅਤੇ ਵਿਸਫੋਟਕ ਸਮੱਗਰੀ ਐਕਟ ਤਹਿਤ ਕੇਸ ਦਰਜ ਕੀਤਾ ਸੀ।