ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮਖਿਆਲ ਜਥੇਬੰਦੀਆਂ ਨਾਲ ਮਿਲ ਕੇ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਚੋਣ ਲੜੇਗਾ। ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਪਾਰਟੀ ਨੂੰ ‘ਗੱਡਾ’ ਚੋਣ ਨਿਸ਼ਾਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 10 ਦਸੰਬਰ ਦੇ ਇਕੱਠ ਨਾਲ ਸਬੰਧਤ ਸਾਰੀਆਂ ਜਥੇਬੰਦੀਆਂ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਹਮ ਖਿਆਲ ਪਾਰਟੀਆਂ ਨਾਲ ਮਿਲ ਕੇ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਸੰਕੇਤ ਦਿੱਤਾ।

ਸਾਰੀਆਂ ਜਥੇਬੰਦੀਆਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ‘ਗੱਡਾ’ ‘ਤੇ ਚੋਣ ਲੜਨ ਬਾਰੇ ਪੁੱਛੇ ਜਾਣ ’ਤੇ ਮਾਨ ਨੇ ਕਿਹਾ ਕਿ ਇਸ ਸਬੰਧੀ 15 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿੱਚ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਜਥੇਬੰਦੀਆਂ ਵੱਖਰੇ ਚੋਣ ਨਿਸ਼ਾਨ ‘ਤੇ ਚੋਣ ਲੜਨਗੀਆਂ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਪੰਜਾਬ ਵਿੱਚ ਵੀ ਸਰਕਾਰ ਹੈ ਤੇ ਕੇਂਦਰ ਵਿੱਚ ਵੀ ਪਰ ਅਫਸੋਸ ਕਿ ਅਕਾਲੀ ਦਲ ਸੰਸਦ ਵਿੱਚ ਜੂਨ 1984 ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਅੱਜ ਤੱਕ ਅਫਸੋਸ ਦਾ ਮਤਾ ਪਾਸ ਨਹੀਂ ਕਰਵਾ ਸਕਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਸਿੱਖ ਹਿੱਤਾਂ ਦੀ ਗੱਲ ਕਰਦਾ ਹੈ ਪਰ ਵਿਧਾਨ ਸਭਾ ਵਿੱਚ ਉਸ ਨੇ ਵੀ ਅਫਸੋਸ ਦਾ ਮਤਾ ਪਾਸ ਨਹੀਂ ਕਰਵਾਇਆ। ਮਾਨ ਨੇ ਨੋਟਬੰਦੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਵੱਡੇ ਸਨਅਤੀ ਘਰਾਣਿਆਂ ਤੇ ਅਮੀਰਾਂ ਨੂੰ ਕੋਈ ਫਰਕ ਨਹੀਂ ਪਿਆ ਸਗੋਂ ਆਮ ਆਦਮੀ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
“ਸਰਬੱਤ ਖ਼ਾਲਸਾ” ਦੀ ਸਫਲਤਾ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿੱਚ ਬਾਦਲਾਂ ਨੂੰ ਪੰਥ ਵਿੱਚੋਂ ਛੇਕਣ ਅਤੇ ਖ਼ਾਲਿਸਤਾਨ ਦੇ ਪਾਸ ਕੀਤੇ ਮਤੇ ਨਾਲ ਉਹ ਸਹਿਮਤ ਹਨ। ਉਨ੍ਹਾਂ ਕਿਹਾ ਕਿ 10 ਦਸੰਬਰ ਦੇ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿੱਖਾਂ ਕੋਲ ਵੀ ਲੀਡਰਸ਼ਿਪ ਹੈ।