ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਡਮ ਬਲਾਕ ਦੀ ਇਮਾਰਤ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਲੇਖਾ ਵਿਭਾਗ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਐਡਮ ਬਲਾਕ ਦੀ ਇਮਾਰਤ ਦੀ ਪਹਿਲੀ ਮੰਜ਼ਲ ‘ਤੇ ਦੀਵਾਨ ਅਨੰਦ ਕੁਮਾਰ ਹਾਲ ਅੱਗ ਨਾਲ ਪੂਰੀ ਤਰਾਂ ਬਰਬਾਦ ਹੋ ਗਿਆ। ਯੂਨੀਵਰਸਿਟੀ ਦੇ ਮੁੱਖ ਸੁਰੱਖਿਆ ਅਫਸਰ ਮੁਤਾਬਕ ਧੂੰਆਂ ਉੱਠਿਆ ਦੇਖ ਘਟਨਾ ਦੇ ਤਕਰੀਬਨ 3 ਮਿੰਟ ਬਾਅਦ ਹੀ ਉਸ ਸਥਾਨ ‘ਤੇ ਪਹੁੰਚ ਗਏ ਸਨ। ਤੁਰੰਤ ਫਾਇਰ ਸਰਵਿਸ ਤੇ ਪੁਲਿਸ ਨੂੰ ਬੁਲਾਇਆ ਗਿਆ, ਜਿਨ੍ਹਾਂ ਨੂੰ ਅੱਗ ਬੁਝਾਉਣ ਲਈ ਦੋ ਘੰਟਿਆਂ ਦੀ ਮੁਸ਼ੱਕਤ ਕਰਨੀ ਪਈ।
ਅੱਗ ਦੀ ਖਬਰ ਸੁਣਦਿਆਂ ਯੂਨੀਵਰਸਿਟੀ ਦੇ ਵੀਸੀ, ਰਜਿਸਟਰਾਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਵੀਸੀ ਵੱਲੋਂ ਅੱਗ ਦੇ ਕਾਰਨਾਂ ਦੀ ਜਾਂਚ ਦਾ ਤੁਰੰਤ ਆਦੇਸ਼ ਦਿੱਤਾ ਗਿਆ ਹੈ।