ਚੰਡੀਗੜ੍ਹ: ਪੰਜਾਬ ਪੁਲਿਸ ਵਲੋਂ ਪੰਜਾਬ ਦੇ ਵੱਡੇ ਸ਼ਹਿਰਾਂ ‘ਚ ‘ਬੀਟ ਫੁੱਟ ਪੈਟਰੋਲਿੰਗ ਪ੍ਰਣਾਲੀ’ ਸ਼ੁਰੂ ਕੀਤੀ ਹੈ। ਜਿਸਦੇ ਤਹਿਤ ਅੰਮ੍ਰਿਤਸਰ, ਜਲੰਧਰ, ਮੋਹਾਲੀ ਆਦਿ ਸ਼ਹਿਰਾਂ ‘ਚ ਪੈਦਲ ਗਸ਼ਤ ਕੀਤੀ ਗਈ।

ਇਸ ਨਵੀਂ ਪ੍ਰਣਾਲੀ ਦਾ ਉਦਘਾਟਨ ਬਾਰਡਰ ਰੇਂਜ ਦੇ ਆਈਜੀ ਅਤੇ ਕਾਰਜਕਾਰੀ ਪੁਲਿਸ ਕਮਿਸ਼ਨਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਬੀਤੇ ਕੱਲ੍ਹ 16 ਅਕਤੂਬਰ, 2017 (ਸੋਮਵਾਰ ਨੂੰ) ਕੀਤਾ। ਦਰਬਾਰ ਸਾਹਿਬ ਨੇੜੇ ਇਲਾਕੇ ਵਿਚ ਇਸ ਪ੍ਰਣਾਲੀ ਦੀ ਸ਼ੁਰੂਆਤ ਵੇਲੇ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਬੀਟ ਫੁੱਟ ਪੈਟਰੋਲਿੰਗ ਪ੍ਰਣਾਲੀ ਤਹਿਤ ਸ਼ਹਿਰ ਨੂੰ ਦੋ ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿਥੇ ਮੁਢਲੇ ਤੌਰ ‘ਤੇ ਪੰਜ ਬੀਟਾਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚ ਲਗਭਗ 30 ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ, ਜਿਨ੍ਹਾਂ ਵਿਚ ਦਸ ਔਰਤ ਮੁਲਾਜ਼ਮ ਵੀ ਸ਼ਾਮਲ ਹਨ।
ਪੁਲਿਸ ਦੇ ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ ਨੇ ਦਾਅਵਾ ਕੀਤਾ ਕਿ ਇਸ ਨਵੀਂ ਪ੍ਰਣਾਲੀ ਦੇ ਲਾਗੂ ਹੋਣ ਨਾਲ ਸ਼ਹਿਰਾਂ ਵਿਚ ਅਪਰਾਧ ਦਰ ‘ਚ ਕਮੀ ਆਏਗੀ।

ਇਸੇ ਦੌਰਾਨ ਜਲੰਧਰ ਸ਼ਹਿਰ ਵਿਚ ਵੀ ਕਮਿਸ਼ਨਰੇਟ ਪੁਲਿਸ ਨੇ ਸਿਟੀ ਪੈਟਰੋਲਿੰਗ ਸ਼ੁਰੂ ਕੀਤੀ ਹੈ। ਇਸ ਦੀ ਸ਼ੁਰੂਆਤ ਮਾਡਲ ਟਾਊਨ ਤੋਂ ਕਰਦਿਆਂ ਪੁਲਿਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਦਾਅਵਾ ਕੀਤਾ ਕਿ ਇਸ ਨਾਲ ਅਪਰਾਧ ਰੋਕਣ ‘ਚ ਕਾਮਯਾਬੀ ਮਿਲੇਗੀ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਮਰਦ ਅਤੇ ਔਰਤ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ 12 ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਇਹ ਟੀਮਾਂ ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ, ਬਜ਼ਾਰਾਂ ਆਦਿ ਵਿੱਚ ਤੁਰ ਕੇ ਗਸ਼ਤ ਕਰਨਗੀਆਂ। ਉਨਾਂ ਦੱਸਿਆ ਕਿ ਸੰਕਟ ਦੀ ਸਥਿਤੀਆਂ ਨਾਲ ਤੁਰੰਤ ਨਿਪਟਣ ਲਈ ਇਨ੍ਹਾਂ ਟੀਮਾਂ ਨੂੰ ਆਧੁਨਿਕ ਸੰਚਾਰ ਯੰਤਰ ਅਤੇ ਹਥਿਆਰ ਮੁਹੱਈਆ ਕਰਵਾਏ ਗਏ ਹਨ। ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਦੱਸਿਆ ਕਿ ‘ਸਿਟੀ ਪੈਟਰੋਲਿੰਗ ਅਤੇ ਬੀਟ ਪੈਟਰੋਲਿੰਗ’ ਪੁਰਾਣੀ ਪੁਲਿਸ ਵਿਵਸਥਾ ਦਾ ਅਹਿਮ ਹਿੱਸਾ ਸੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦੀ ਨਿਗਰਾਨੀ ਵਿੱਚ ਵੱਡਾ ਵਾਧਾ ਹੋਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਡੀ ਸੁਡਰਵਿਜ਼ੀ, ਸਹਾਇਕ ਕਮਿਸ਼ਨਰ ਪੁਲਿਸ ਦੀਪਿਕਾ ਸਿੰਘ, ਹਰਵਿੰਦਰ ਸਿੰਘ, ਸਮੀਰ ਵਰਮਾ, ਪਰਮਿੰਦਰ ਸਿੰਘ, ਕੈਲਾਸ਼ ਚੰਦਰ ਹਾਜ਼ਰ ਸੀ।
ਮੋਹਾਲੀ ਵਿਖੇ ਪੀਸੀਏ ਸਟੇਡੀਅਮ ਵਿੱਚ ਰੂਪਨਗਰ ਰੇਂਜ ਦੇ ਡੀਆਈਜੀ ਬਾਬੂ ਲਾਲ ਮੀਨਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੋਹਾਲੀ ਸ਼ਹਿਰ ਲਈ 5 ਟੀਮਾਂ ਬਣਾਈਆਂ ਗਈਆਂ ਹਨ। ਹਰੇਕ ਥਾਣੇ ’ਚੋਂ 1-1 ਟੀਮ ਬਣਾਈ ਗਈ ਹੈ। ਇੱਕ ਟੀਮ ਵਿੱਚ 5 ਪੁਲਿਸ ਕਰਮਚਾਰੀ ਸ਼ਾਮਲ ਕੀਤੇ ਗਏ ਹਨ ਅਤੇ ਟੀਮ ਦਾ ਇੰਚਾਰਜ ਏ.ਐਸ.ਆਈ ਰੈਂਕ ਦਾ ਅਫ਼ਸਰ ਹੋਵੇਗਾ। ਡੀਆਈਜੀ ਮੀਣਾ ਨੇ ਦੱਸਿਆ ਕਿ ਮੋਹਾਲੀ ਵਿੱਚ ਟੀਮਾਂ ਬਜ਼ਾਰਾਂ ਵਿੱਚ ਸਵੇਰੇ 9 ਤੋਂ 11 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਰੋਜ਼ਾਨਾ ਪੈਦਲ ਪੈਟਰੋਲਿੰਗ ਕਰਨਗੀਆਂ।
ਇਸ ਮੌਕੇ ਐਸਪੀ (ਸਿਟੀ) ਜਗਜੀਤ ਸਿੰਘ, ਡੀਐਸਪੀ (ਸਿਟੀ-1) ਆਲਮ ਵਿਜੇ ਸਿੰਘ, ਡੀਐਸਪੀ (ਸਿਟੀ-2) ਰਮਨਦੀਪ ਸਿੰਘ ਅਤੇ ਡੀਐਸਪੀ ਅਮਰੋਜ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।