ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਲਈ ਅੱਜ ਸ਼ਾਮ 5 ਵਜੇ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਲਈ ਨਵੇਂ ਨਿਰਦੇਸ਼ ਜਾਰੀ ਕਰਦਿਆਂ 3 ਅਤੇ 4 ਫਰਵਰੀ ਨੂੰ ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਕੀਤੇ ਜਾਣ ਵਾਲੇ ਪ੍ਰਚਾਰ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਆਖਰੀ ਦੋ ਦਿਨਾਂ ਦੌਰਾਨ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਲਈ ਕਮਿਸ਼ਨ ਤੋਂ ਅਗਾਊਂ ਪ੍ਰਵਾਨਗੀ ਲੈਣੀ ਪਵੇਗੀ। ਸੂਬੇ ਦੇ ਚੋਣ ਇਤਿਹਾਸ ਵਿੱਚ ਐਤਕੀਂ ਪਹਿਲੀ ਵਾਰੀ ਸਿਆਸੀ ਵਿਅਕਤੀਆਂ ਦਰਮਿਆਨ ਟਕਰਾਅ ਅਤੇ ਤਣਾਅ ਭਰਿਆ ਮਹੌਲ ਕੁਝ ਜ਼ਿਆਦਾ ਹੀ ਭਖ਼ ਗਿਆ ਹੈ। ਬਾਦਲ ਦਲ ਦੇ ਕਈ ਉਮੀਦਵਾਰਾਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਭਗਵੰਤ ਮਾਨ, ਬਿਕਰਮ ਮਜੀਠੀਆ, ਰਵਨੀਤ ਬਿੱਟੂ ਅਤੇ ਹਿੰਮਤ ਸਿੰਘ ਸ਼ੇਰਗਿੱਲ ਦਾ ਵਕਾਰ ਦਾਅ ’ਤੇ ਲੱਗਾ ਹੋਣ ਕਾਰਨ ਪਟਿਆਲਾ, ਲੰਬੀ, ਜਲਾਲਾਬਾਦ ਤੇ ਮਜੀਠਾ ਹਲਕੇ ਚੋਣ ਪ੍ਰਚਾਰ ਦੌਰਾਨ ਖਿੱਚ ਦਾ ਕੇਂਦਰ ਰਹੇ ਹਨ।

ਕਮਿਸ਼ਨ ਨੇ ਅੱਜ ਤੋਂ ਸੂਬਾ ਪੁਲਿਸ ਅਤੇ ਨੀਮ ਸੁਰੱਖਿਆ ਬਲਾਂ ਨੂੰ ਸੁਰੱਖਿਆ ਦੇ ਸਖ਼ਤ ਬੰਦੋਬਸਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਗੁਆਂਢੀ ਰਾਜਾਂ ਦੀਆਂ ਹੱਦਾਂ ਅੱਜ ਤੋਂ ਸੀਲ ਕਰ ਦਿੱਤੀਆਂ ਜਾਣਗੀਆਂ। ਚੋਣਾਂ ਦੌਰਾਨ ਨੀਮ ਸੁਰੱਖਿਆ ਦਸਤਿਆਂ ਦੀਆਂ 500 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਬਿਨਾਂ ਪੰਜਾਬ ਪੁਲਿਸ ਦੇ ਤਕਰੀਬਨ 80 ਹਜ਼ਾਰ ਮੁਲਾਜ਼ਮ ਡਿਊਟੀ ਉੱਤੇ ਹਨ। ਵਿਧਾਨ ਸਭਾ ਲਈ ਵੋਟਾਂ 4 ਫਰਵਰੀ ਨੂੰ ਸਵੇਰੇ 8 ਤੋਂ ਸ਼ਾਮੀਂ 5 ਵਜੇ ਤੱਕ ਪੈਣਗੀਆਂ ਤੇ ਨਤੀਜਾ 11 ਮਾਰਚ ਨੂੰ ਆਵੇਗਾ। ਪੰ
ਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 1145 ਉਮੀਦਵਾਰ ਮੈਦਾਨ ਵਿੱਚ ਹਨ ਤੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਬਾਦਲ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੈ। ਸਿਆਸੀ ਪਾਰਟੀਆਂ ਵੱਲੋਂ ਡੇਰਿਆਂ ਦੀ ਹਮਾਇਤ ਹਾਸਲ ਕਰਨ ਲਈ ਵੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਕਾਸ਼ ਸਿੰਘ ਬਾਦਲ ਸਮਰਾਲਾ, ਸੁਨਾਮ ਅਤੇ ਸਰਦੂਲਗੜ੍ਹ ਹਲਕਿਆਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ। ਸੁਖਬੀਰ ਬਾਦਲ ਆਪਣੇ ਪਿਤਾ ਦੇ ਹਲਕੇ ਲੰਬੀ ਵਿੱਚ ਪ੍ਰਚਾਰ ਕਰਨਗੇ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਲੁਧਿਆਣਾ ਸ਼ਹਿਰ ਵਿੱਚ ਰੋਡ ਸ਼ੋਅ ਕਰਨਗੇ। ਭਗਵੰਤ ਮਾਨ ਆਪਣੇ ਹਲਕੇ ਜਲਾਲਾਬਾਦ ਵਿੱਚ ਹੀ ਰਹਿ ਕੇ ਵੋਟਰਾਂ ਨਾਲ ਸੰਪਰਕ ਬਨਾਉਣਗੇ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕੋਟਕਪੂਰਾ ਅਤੇ ਲੰਬੀ ਵਿਧਾਨ ਸਭਾ ਹਲਕਿਆਂ ’ਚ ਅਤੇ ਨਵਜੋਤ ਸਿੱਧੂ ਜਲੰਧਰ ਛਾਉਣੀ ਅਤੇ ਬਠਿੰਡਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਆਪ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਸਮੇਤ ਆਪ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਆਪੋ-ਆਪਣੇ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Punjab Elections 2017: ECI Issues Prohibition Protocol During 48 Hour Before Polling …