ਬਠਿੰਡਾ: ਅਕਾਲ ਤਖ਼ਤ ਸਾਹਿਬ ਵਲੋਂ ਜਾਰੀ 2007 ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ ਕੀਤਾ ਹੈ। ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਬੁੱਧਵਾਰ ਬਠਿੰਡਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਬਠਿੰਡਾ ਅਤੇ ਮਾਨਸਾ ਦੇ ਬਾਦਲ ਦਲ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ।
ਮੀਡੀਆ ਦੀਆਂ ਖ਼ਬਰਾਂ ਮੁਤਾਬਕ ਬਾਦਲ ਦਲ ਅਤੇ ਡੇਰਾ ਸਿਰਸਾ ‘ਚ ਗੁਪਤ ਸਮਝੌਤਾ ਹੋਇਆ ਹੈ, ਜਿਸ ਤਹਿਤ ਡੇਰਾ ਸਿਰਸਾ ਦੇ ਮੁਖੀ ਦੇ ਪੰਜਾਬ ‘ਚ ਪ੍ਰੋਗਰਾਮ ਕਰਵਾਏ ਜਾਣਗੇ ਅਤੇ ਬਦਲੇ ਵਿਚ ਡੇਰੇ ਵਲੋਂ ਬਾਦਲ ਦਲ ਦੇ ਉਮੀਦਵਾਰਾਂ ਨੂੰ ਚੋਣਾਂ ‘ਚ ਹਮਾਇਤ ਦਿੱਤੀ ਜਾਵੇਗੀ। ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਜਗਜੀਤ ਸਿੰਘ ਵਿਜੇਪੁਰ, ਬਲਰਾਜ ਸਿੰਘ ਅਤੇ ਛਿੰਦਰਪਾਲ ਸਿੰਘ ਵੱਲੋਂ ਬੁੱਧਵਾਰ ਖੁੱਲ੍ਹੇ ਪੰਡਾਲ ‘ਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਬਾਦਲ ਦਲ ਦੇ ਉਮੀਦਵਾਰ ਸਿਕੰਦਰ ਮਲੂਕਾ, ਜਨਮੇਜਾ ਸਿੰਘ ਸੇਖੋਂ, ਜੀਤਮਹਿੰਦਰ ਸਿੱਧੂ, ਅਮਿਤ ਰਤਨ, ਸਰੂਪ ਚੰਦ ਸਿੰਗਲਾ, ਹਰਪ੍ਰੀਤ ਸਿੰਘ ਕੋਟਭਾਈ, ਜਗਦੀਪ ਸਿੰਘ ਨਕਈ, ਡਾ. ਨਿਸ਼ਾਨ ਸਿੰਘ ਅਤੇ ਦਿਲਰਾਜ ਸਿੰਘ ਭੂੰਦੜ ਬੁੱਧਵਾਰ ਨੂੰ ਡੇਰੇ ਦੀ ਸਿਆਸੀ ਸਟੇਜ ’ਤੇ ਪੁੱਜੇ।

ਮਾਲਵਾ ਖੇਤਰ ‘ਚ ਨਵੀਂ ਸਿਆਸੀ ਜਮਾਤ ‘ਆਪ’ ਅਤੇ ਕਾਂਗਰਸ ਵਲੋਂ ਸਖਤ ਮੁਕਾਬਲੇ ਦਾ ਸਾਹਮਣੇ ਕਰ ਰਹੇ ਤਲਵੰਡੀ ਸਾਬੋ ਤੋਂ ਬਾਦਲ ਦਲ ਦੇ ਉਮੀਦਵਾਰ ਜੀਤਮਹਿੰਦਰ ਸਿੱਧੂ ਨੇ ਸਾਰੇ ਬਾਦਲ ਦਲ ਦੇ ਉਮੀਦਵਾਰਾਂ ਵੱਲੋਂ ਸਟੇਜ ਤੋਂ ਇਹ ਵਾਅਦਾ ਕੀਤਾ ਕਿ ਉਹ ਜਲਦੀ ਹੀ ਪੰਜਾਬ ‘ਚ ਡੇਰਾ ਸਿਰਸਾ ਦੇ ਪ੍ਰੋਗਰਾਮ ਕਰਾਉਣਗੇ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਜ਼ੀਰ ਸਿਕੰਦਰ ਮਲੂਕਾ ਨੇ ਡੇਰੇ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਤੀਸਰੀ ਵਾਰ ਸਰਕਾਰ ਬਣਨ ’ਤੇ ਡੇਰਾ ਪੈਰੋਕਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਡੇਰੇ ਵੱਲੋਂ ਹਮਾਇਤ ਨੂੰ ਇਤਿਹਾਸਕ ਦੱਸਿਆ। ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਮਾਇਤ ਦੇਣ ਦਾ ਐਲਾਨ ਹੋਇਆ ਪਰ ਬਾਦਲ ਖੁਦ ਮੌਜੂਦ ਨਹੀਂ ਸਨ। ਮੌੜ ਤੋਂ ਬਾਦਲ ਦਲ ਦੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਡੇਰਾ ਪੈਰੋਕਾਰਾਂ ਦੇ ਹਰ ਦੁੱਖ-ਸੁੱਖ ਵਿਚ ਖੜ੍ਹਨ ਦਾ ਭਰੋਸਾ ਦਿੱਤਾ। ਸਿਆਸੀ ਵਿੰਗ ਦੇ ਆਖਿਆ ਕਿ ਬਾਦਲ ਦਲ ਨੇ ਨਸ਼ਿਆਂ ਦੇ ਖ਼ਾਤਮੇ ਦਾ ਭਰੋਸਾ ਦਿੱਤਾ ਹੈ, ਜਿਸ ਕਰ ਕੇ ਇਹ ਹਮਾਇਤ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਵਾਦਤ ਡੇਰਾ ਮੁਖੀ ਸੀਬੀਆਈ ਅਦਾਲਤ ਵਿਚ ਬਲਾਤਕਾਰ ਅਤੇ ਕਤਲ ਵਰਗੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। 2007 ‘ਚ ਡੇਰਾ ਮੁਖੀ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਵਾਂਗ ਪੇਸ਼ ਕਰਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ ਡੇਰੇ ‘ਚ ਪ੍ਰੋਗਰਾਮ ਕੀਤਾ ਸੀ। ਇਸ ਵਿਵਾਦਤ ਪ੍ਰੋਗਰਾਮ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਲੋਂ ਡੇਰਾ ਸਿਰਸਾ ਮੁਖੀ ਖਿਲਾਫ ‘ਹੁਕਮਨਾਮਾ’ ਵੀ ਜਾਰੀ ਕੀਤਾ ਗਿਆ ਸੀ। ਉਸ ਵੇਲੇ ਤੋਂ ਹੀ ਡੇਰਾ ਸਿਰਸਾ ਮੁਖੀ ਦਾ ਕੋਈ ਵੀ ਪ੍ਰੋਗਰਾਮ ਪੰਜਾਬ ਵਿਚ ਨਹੀਂ ਹੋਇਆ ਹੈ।
ਬਾਦਲ ਦਲ ਵਲੋਂ ਵਿਵਾਦਤ ਡੇਰੇ ਦੀ ਹਮਾਇਤ ਨੇ ਸਿੱਖ ਹਲਕਿਆਂ ਵਿਚ ਤਿੱਖੇ ਵਿਰੋਧ ਨੂੰ ਸੱਦਾ ਦਿੱਤਾ ਹੈ। ਬਾਦਲ ਦਲ ਦੇ ਇਸ ਕਦਮ ਨਾਲ ਦਲ ‘ਚ ਹਤਾਸ਼ਾ ਅਤੇ ਨਿਰਾਸ਼ਾ ਦੀ ਸਾਫ ਝਲਕ ਪੈਂਦੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: