ਰਾਮਪੁਰਾ ਫੂਲ (17 ਮਈ, 2015): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ’ਤੇ ਕੁਝ ਵਿਅਕਤੀਆਂ ਵੱਲੋਂ ਪਿੰਡ ਗੁਰੂਸਰ (ਮਹਿਰਾਜ) ਨੇੜੇ ਬੀਤੀ ਦੇਰ ਰਾਤ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਬਾਬਾ ਹਰਦੀਪ ਸਿੰਘ ਵਾਲ ਵਾਲ ਬਚ ਗਏ। ਇਸ ਮਾਮਲੇ ਵਿੱਚ ਪੁਲੀਸ ਨੇ ਸੱਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਬਾਬਾ ਹਰਦੀਪ ਸਿੰਘ ਰਾਤ ਕਰੀਬ ਦਸ ਵਜੇ ਪਿੰਡ ਲਹਿਰਾ ਤੋਂ ਆਪਣੀ ਗੱਡੀ ਵਿੱਚ ਆਪਣੇ ਘਰ ਗੁਰੂਸਰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਲਹਿਰਾ ਸੌਧਾ-ਗੁਰੂਸਰ ਰੋਡ ’ਤੇ ਪਹੁੰਚੇ ਤਾਂ ਜੀਪ ਸਵਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਗੱਡੀ ਰੋਕਣ ਦਾ ਇਸ਼ਾਰਾ ਕੀਤਾ ਪਰ ਬਾਬਾ ਹਰਦੀਪ ਸਿੰਘ ਨੇ ਗੱਡੀ ਨਹੀਂ ਰੋਕੀ।
ਇਸ ਤੇ ਇਨ੍ਹਾਂ ਵਿਅਕਤੀਆਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀਆਂ ਗੱਡੀ ਦੇ ਪਿਛਲੇ ਸ਼ੀਸ਼ੇ ਵਿੱਚ ਦੀ ਆਰ-ਪਾਰ ਲੰਘ ਗਈਆਂ। ਇਸ ਸਬੰਧੀ ਬਾਬਾ ਹਰਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਟਿੱਬਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਕੋਠੇ ਮਹਾਂ ਸਿੰਘ ਦੇ ਸਰਪੰਚ ਨੌਨਿਹਾਲ ਸਿੰਘ, ਬਲਜੀਤ ਸਿੰਘ, ਜੀਵਨ ਸਿੰਘ, ਨਿਰੰਜਨ ਸਿੰਘ ਤੇ ਪਿੰਡ ਰਾਮਪੁਰਾ ਨਿਵਾਸੀ ਬਾਬਾ ਬਲਜੀਤ ਸਿੰਘ ਨਾਲ ਝਗੜਾ ਚੱਲ ਰਿਹਾ ਹੈ।
ਉਨ੍ਹਾਂ ਦੋਸ਼ ਲਾੲਿਆ ਕਿ ਉਨ੍ਹਾਂ ਵਿਅਕਤੀਆਂ ਨੇ ੳੁਸ ਨੂੰ ਕਈ ਵਾਰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਜਾਣੂ ਕਰਵਾਇਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਆ ਰਹੇ ਸਨ ਤਾਂ ਇਨ੍ਹਾਂ ਵਿਅਕਤੀਆਂ ਵੱਲੋਂ ਗਿਣੀ-ਮਿਥੀ ਸਾਜ਼ਿਸ਼ ਤਹਿਤ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮਗਰੋਂ ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਇਸ ’ਤੇ ਡੀਐਸਪੀ ਭੁੱਚੋ ਅਤੇ ਐਸਐਚਓ ਨਥਾਣਾ ਮੌਕੇ ’ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ।
ਪੁਲੀਸ ਨੇ ਇਸ ਮਾਮਲੇ ਵਿੱਚ ਸਰਪੰਚ ਨੌਨਿਹਾਲ ਸਿੰਘ, ਬਲਜੀਤ ਸਿੰਘ, ਜੀਵਨ ਸਿੰਘ, ਨਿਰੰਜਨ ਸਿੰਘ, ਪਿੰਡ ਰਾਮਪੁਰਾ ਨਿਵਾਸੀ ਬਾਬਾ ਬਲਜੀਤ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਅਸਲਾ ਐਕਟ ਦਾ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਦੋਸ਼ੀਆਂ ਖਿਲਾਫ