ਅੰਮ੍ਰਿਤਸਰ (1ਮਾਰਚ, 2016): ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇੱਥੇ ਟਾਡਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ਼ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪ੍ਰੋ. ਭੁੱਲਰ ਨੂੰ ਸੁਰਿੰਦਰ ਸਿੰਘ ਸਾਹਨੀ ਦੀ ਟਾਡਾ ਅਦਾਲਤ ਵਿੱਚ 1992 ਨੂੰ ਬਟਾਲਾ ਪੁਲਿਸ ਥਾਣੇ ਵਿੱਚ ਦਰਜ਼ ਹੋਏ ਕੇਸ ਵਿੱਚ ਪੇਸ਼ ਕੀਤਾ।

ਸਿੱਖ ਹਿੱਤਾਂ ਦੀ ਪੈਰਵੀ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅੱਜ ਅਦਾਲਤ ਨੇ ਹੇਠਲੀ ਅਦਾਲਤ ਵੱਲੋਂ ਪ੍ਰੋ. ਭੁੱਲਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਦੇ ਫੈਸਲੇ ‘ਤੇ ਬਹਿਸ ਸੁਣੀ।
ਉਨ੍ਹਾਂ ਕਿਹਾ ਕਿ ਜ਼ਮਾਨਤ ਦੀ ਅਰਜ਼ੀ ਗੁਰਦਾਸਪੁਰ ਦੀ ਹੇਠਲੀ ਅਦਾਲਤ ਵਿੱਚ ਦਿੱਤੀ ਗਈ ਸੀ, ਕਿਉਕਿ ਇਹ ਕੇਸ ਬਟਾਲਾ ਨਾਲ ਸਬੰਧਿਤ ਹੈ ਜੋ ਗੁਰਦਾਸਪੁਰ ਜਿਲੇ ਵਿੱਚ ਹੈ।
ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਅਦਾਲਤ ਨੇ ਬਹਿਸ ਸੁਣ ਲਈ ਹੈ ਅਤੇ ਜ਼ਮਾਨਤ ‘ਤੇ ਫੈਸਲੇ ਦੀ ਤਾਰੀਕ 3 ਮਾਰਚ ਮੁਕੱਰਰ ਕੀਤੀ ਹੈ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
Amritsar TADA court hears arguments on bail plea of Prof. Devender Pal Singh Bhullar
ਪ੍ਰੋ. ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਪ੍ਰੋ. ਭੁੱਲਰ ਨੂੰ ਪਰਚਾ ਨੂੰ 233/92 ਅਧੀਨ ਧਾਰਾ 3,4 ਅਤੇ 5, ਟਾਡਾ ਕਾਨੂੰਨ, 307 ਭਾਰਤੀ ਦੰਡ ਵਿਧਾਨ, 4 ਅਤੇ 5 ਬਾਰੂਦ ਕਾਨੂੰਨ ਤਹਿਤ ਬਟਾਲਾ ਥਾਣੇ ਵਿੱਚ ਦਰਜ਼ ਮਾਮਲੇ ਵਿੱਚ ਪੇਸ਼ ਕੀਤਾ ਗਿਆ ਸੀ।