ਬਰਗਾੜੀ (31 ਅਕਤੂਬਰ, 2015): ਬਰਗਾੜੀ ਬੇਅਦਬੀ ਕੇਸ ਤੋਂ ਬਾਅਦ ਸ਼ਾਇਦ ਹੁਣ ਪੰਜਾਬ ਪੁਲਿਸ ਦੀ ਨੀਂਦ ਖੁੱਲ ਗਈ ਹੈ ਅਤੇ ਉਸਨੂੰ ਹੁਣ ਇਹ ਸੂਝ ਆਈ ਹੈ ਕਿ ਕਿਉਂ ਨਾ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਧਮਕੀ ਦੇਣ ਵਾਲੇ ਲੱਗੇ ਹੱਥ ਲਿਖਤ ਇਸ਼ਤਿਹਾਰ ਦੀ ਜਾਂਚ ਲਈ ਲੋਕਾਂ ਦੀ ਹੱਥ ਲਿਖਤ ਦੇ ਨਮੂਨੇ ਲਏ ਜਾਣ।
ਹੁਣ ਪੁਲਿਸ ਨੇ ਕਸਬਾ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਤੇ ਹੋਰਨਾਂ ਲਾਗਲੇ ਪਿੰਡਾਂ ਦੇ ਲੋਕਾਂ ਦੇ ਹੱਥ ਲਿਖਤ ਨਮੂਨੇ ਲੈਣ ਲਈ ਮੁਹਿੰਮ ਵਿੱਢ ਦਿੱਤੀ ਹੈ । ਪੁਲਿਸ ਮੁਲਾਜ਼ਮਾਂ ਤੇ ਪੰਚਾਇਤ ਮੈਂਬਰਾਂ ਦੀ ਹਾਜ਼ਰੀ ‘ਚ ਘਰ-ਘਰ ਜਾ ਕੇ ਹਰ ਵਸਨੀਕ ਦੇ ਹੱਥ ਲਿਖਤ ਨਮੂਨੇ ਲਏ ਜਾ ਰਹੇ ਹਨ ।
ਜ਼ਿਕਰਯੋਗ ਹੈ ਕਿ ਘਟਨਾ ਤੋਂ ਪਹਿਲਾਂ ਲਾਏ ਗਏ ਪੋਸਟਰਾਂ ‘ਚ ਲਿਖਿਆ ਹੋਇਆ ਸੀ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਬਰਗਾੜੀ ‘ਚ ਹੀ ਹੈ ਅਤੇ ਧਰਨਿਆਂ ਦੌਰਾਨ ਕੁਝ ਬੁਲਾਰਿਆਂ ਨੇ ਪੰਜਾਬ ਪੁਲਿਸ ‘ਤੇ ਉਂਗਲ ਉਠਾਉਂਦਿਆਂ ਕਿਹਾ ਸੀ ਕਿ ਜਦੋਂ ਦੋਸ਼ੀ ਖ਼ੁਦ ਆਪਣੇ ਹੱਥੀਂ ਲਿਖ ਕੇ ਕਹਿ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਰਗਾੜੀ ‘ਚ ਹੀ ਹੈ ਤਾਂ ਪੁਲਿਸ ਪਿੰਡ ਬਰਗਾੜੀ ਦੀ ਜਾਂਚ ਕਿਉਂ ਨਹੀਂ ਕਰ ਰਹੀ ।
ਇਸ ਕਾਰਨ ਪੁਲਿਸ ਨੇ ਇਸ ਪੂਰੇ ਇਲਾਕੇ ਦੀ ਕਈ ਪੱਖਾਂ ਤੋਂ ਜਾਂਚ ਆਰੰਭੀ ਹੋਈ ਹੈ । ਇਸ ਤੋਂ ਪਹਿਲਾਂ ਪੁਲਿਸ ਇਸ ਜਾਂਚ ਦੇ ਨਾਲ ਧਰਨਿਆਂ ‘ਤੇ ਬੈਠੇ ਲੋਕਾਂ ਵੱਲ ਵੀ ਉਲਝੀ ਹੋਈ ਸੀ ਤੇ ਹੁਣ ਪੁਲਿਸ ਖੁੱਲ੍ਹ ਕੇ ਜਾਂਚ ਕਰ ਰਹੀ ਹੈ । ਸੀਨੀਅਰ ਤੇ ਜੂਨੀਅਰ ਪੁਲਿਸ ਅਧਿਕਾਰੀ ਦਿਨ ਰਾਤ ਇਸ ਜਾਂਚ ‘ਚ ਜੁਟੇ ਹੋਏ ਹਨ ।