ਅੰਮਿ੍ਤਸਰ (12 ਫਰਵਰੀ, 2015): ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਆਏ ਨਤੀਜ਼ਿਆਂ ਵਿੱਚ ਜਿੱਥੇ ਆਮ ਆਦਮੀ ਪਾਰਟੀ ਨੂੰ ਬੇਮਿਸਾਲ ਹੁੰਝਾਫੇਰ ਜਿੱਤ ਮਿਲੀ, ਉੱਥੇ ਆਪਣੇ ਆਪ ਨੂੰ ਸਿੱਖਾਂ ਦੀ ਇੱਕੋ ਇੱਕ ਵਾਹਿਦ ਪਾਰਟੀ ਅਖਵਾਉਂਦੇ ਬਾਦਲ ਦਲ ਵੱਲੋਂ ਖੜੇ ਕੀਤੇ ਚਾਰੇ ਸਿੱਖ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਚੋਣ ਹਾਰ ਗਏ ਹਨ।

ਬਾਦਲ ਦਲ ਨੂੰ ਨਸੀਹਤ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪਾਰਟੀ ਦੇ ਮੂਲ ਸਿਧਾਤਾਂ ਨੂੰ ਤਿਆਗ ਕੇ ਚੱਲਣ ਵਾਲੀਆਂ ਪਾਰਟੀਆਂ ਆਪਣਾ ਵਜੂਦ ਤੱਕ ਗੁਆ ਬੈਠਦੀਆਂ ਹਨ।
ਉਨ੍ਹਾਂ ਦਿੱਲੀ ਚੋਣਾਂ ਦੀ ਨਤੀਜ਼ਿਆਂ ਅਤੇ ਬਾਦਲ ਦਲ ਦੇ ਉਮੀਦਵਾਰਾਂ ਦੀ ਹਾਰ ‘ਤੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਥਕ ਪਾਰਟੀਆਂ ਜੇਕਰ ਸਿੱਖ ਸਿਧਾਂਤਾਂ ਤੋਂ ਪਰ੍ਹੇ ਹੋ ਕੇ ਆਪਣੇ ਸਿਆਸੀ ਮੁਫਾਦ ਸੋਚਣਗੀਆਂ, ਤਾਂ ਉਨ੍ਹਾਂ ਨੂੰ ਸਫ਼ਲਤਾ ਮਿਲਣ ਦੀ ਸੰਭਾਵਨਾ ਨਹੀਂ ਰਹਿ ਜਾਂਦੀ।
ਸਿੰਘ ਸਾਹਿਬ ਨੇ ਦਿੱਲੀ ਚੋਣਾਂ ‘ਚ ਪ੍ਰਚਾਰ ਮੌਕੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕੇਸਰੀ ਟੋਪੀਆਂ ‘ਤੇ ਤੱਕੜੀ ਚੋਣ ਨਿਸ਼ਾਨ ਬਣਵਾ ਕੇ ਆਪਣੇ ਸਮਰਥਕਾਂ ਨੂੰ ਪਵਾਉਣ ਨੂੰ ਗੁਰੂ ਤੋਂ ਪਰ੍ਹੇ ਜਾਣ ਵਾਲੀ ਕਾਰਵਾਈ ਦੱਸਦਿਆਂ ਕਿਹਾ ਕਿ ਪੰਥ ਨੂੰ ਹਮੇਸ਼ਾਂ ਸਿਧਾਂਤਾਂ ‘ਚ ਰਹਿ ਕੇ ਹੀ ਸਿਆਸੀ ਲੜਾਈ ਲੜਨੀ ਚਾਹੀਦੀ ਹੈ, ਨਹੀਂ ਤਾਂ ਹਸ਼ਰ ਦਿੱਲੀ ਵਾਲਾ ਹੀ ਹੋਵੇਗਾ ।
ਸਿੰਘ ਸਾਹਿਬਾਨ ਦੀ ਨਿਯੁਕਤੀ ਲਈ ਨਿਸ਼ਚਿਤ ਕਮੇਟੀ ਦੀਆਂ ਗਤੀਵਿਧੀਆਂ ‘ਤੇ ਕਿਸੇ ਤਰ੍ਹਾਂ ਦੀ ਟਿੱਪਣੀ ਤੋਂ ਇਨਕਾਰ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਇਹ ਸ਼ੋ੍ਰਮਣੀ ਕਮੇਟੀ ਦਾ ਕਾਰਜ ਹੈ ਅਤੇ ਉਹ ਬਿਨ ਮੰਗਿਆਂ ਕੋਈ ਸਲਾਹ ਦੇਣਾ ਵਾਜ਼ਬ ਨਹੀਂ ਸਮਝਦੇ।