ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਵਲੋਂ ਟਾਡਾ, ਪੋਟਾ, ਪਕੋਕਾ ਵਰਗੇ ਕਾਨੂੰਨ ਬਣਾਉਣ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਲੋਕ ਵਿਰੋਧੀ ਕਰਾਰ ਦਿੱਤਾ ਹੈ। ਸ. ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇਸ ਕਾਲੇ ਕਾਨੂੰਨ ਦੀ ਹਰ ਪੱਧਰ ‘ਤੇ ਵਿਰੋਧਤਾ ਕਰਨ ਦੀ ਅਪੀਲ ਕੀਤੀ। ਮਾਨ ਨੇ ਗਵਰਨਰ ਪੰਜਾਬ ਨੂੰ ਅਜਿਹੇ ਕਾਲੇ ਕਾਨੂੰਨ ਨੂੰ ਬਿਲਕੁਲ ਵੀ ਪ੍ਰਵਾਨਗੀ ਨਾ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜਦੋਂ 2002-2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮੇਰੇ ‘ਤੇ 5 ਦੇਸ਼ਧ੍ਰੋਹ ਦੇ ਕੇਸ ਦਰਜ ਕਰ ਦਿੱਤੇ ਗਏ ਸਨ। ਜਿਸ ਅਨੁਸਾਰ ਮੈਨੂੰ ਉਮਰ ਕੈਦ ਜਾਂ ਫ਼ਾਂਸੀ ਵੀ ਹੋ ਸਕਦੀ ਸੀ। ਸ. ਮਾਨ ਨੇ ਕਿਹਾ ਕਿ ਮੈਨੂੰ ਮੋਰਿੰਡੇ ਦੇ ਇਕ ਥਾਣੇਦਾਰ ਤੋਂ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਥਾਣੇਦਾਰ ਨੇ ਡੰਡੇ ਨਾਲ ਮੇਰੀ ਰੀੜ੍ਹ ਦੀ ਹੱਡੀ ਵਿਚ ਹੁਝ ਮਾਰੀ। ਜਿਸ ਨਾਲ ਮੈਨੂੰ ਲੰਮਾਂ ਸਮਾਂ ਪੀ.ਜੀ.ਆਈ. ਵਿਚ ਇਲਾਜ ਕਰਵਾਉਣਾ ਪਿਆ ਅਤੇ ਮੈਨੂੰ ਜ਼ਮਾਨਤ ਵੀ ਲੈਣ ਦਾ ਅਧਿਕਾਰ ਨਹੀਂ ਸੀ। ਉਨ੍ਹਾਂ ਕਿਹਾ ਕਿ ਅਸੀਂ ਅਪਰਾਧਿਕ ਕਾਰਵਾਈਆਂ ਕਰਨ ਵਾਲਿਆਂ ਗੈਂਗਸਟਰਾਂ ਦੇ ਵਿਰੁੱਧ ਹਾਂ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਦੇ ਹੋਏ ਕਾਨੂੰਨੀ ਪ੍ਰਕਿਰਿਆ ਰਾਹੀਂ ਸਜ਼ਾਵਾਂ ਦਿਵਾਈਆਂ ਜਾਣ। ਸ. ਮਾਨ ਨੇ ਚਿਤਾਵਨੀ ਦਿੱਤੀ ਕਿ ਜੇ ਅਮਰਿੰਦਰ ਦੀ ਹਕੂਮਤ ਨੇ ਗੈਂਗਸਟਰਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਕਰਨ ਦਾ ਦੌਰ ਸ਼ੁਰੂ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਨੂੰ ਬਿਲਕੁਲ ਸਹਿਣ ਨਹੀਂ ਕਰੇਗਾ ਅਤੇ ਇਸ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਨੂੰ ਪਹੁੰਚ ਕਰਨ ਤੋਂ ਬਿਲਕੁਲ ਨਹੀਂ ਝਿਜਕੇਗਾ।

ਉਨ੍ਹਾਂ ਕਿਹਾ ਕਿ ਅਜੇ ਸਰਕਾਰ ਬਣਿਆਂ ਨੂੰ 1 ਮਹੀਨਾ ਵੀ ਨਹੀਂ ਹੋਇਆ। ਜੇਕਰ ਇਕ ਮਹੀਨੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਦੀ ਇਹ ਹਾਲਤ ਹੋ ਗਈ ਹੈ ਤਾਂ ਫਿਰ ਅਜਿਹੇ ਅਮਲ ਤਾਂ ਜਮਹੂਰੀਅਤ ਅਤੇ ਅਮਨਚੈਨ ਨੂੰ ਢਾਹ ਲਗਾਉਣ ਵਾਲੇ ਹਨ। ਕੈਪਟਨ ਅਮਰਿੰਦਰ ਸਿੰਘ ਸਿੱਖ ਕੌਮ ਦੀ ਨਸ਼ਲਕੁਸੀ ਕਰਨ ਵਾਲੇ ਕੇ.ਪੀ.ਐਸ. ਗਿੱਲ ਨੂੰ ਗੁਲਦਸਤੇ ਭੇਟ ਕਰਕੇ ਸਿੱਖ ਕੌਮ ਅਤੇ ਮਨੁੱਖਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਜਦੋਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾ ਸਿੱਖ ਕੌਮ ਨਾਲ ਵਾਅਦਾ ਕੀਤਾ ਸੀ ਕਿ ਬਹਿਬਲ ਕਲਾਂ ਅਤੇ ਹੋਰ ਅਨੇਕਾਂ ਸਥਾਨਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਅਤੇ ਬਰਗਾੜੀ ਵਿਖੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ। ਕਾਲੇ ਕਾਨੂੰਨ ਲਿਆਉਣ ਦੇ ਜੋ ਅਮਲ ਹੋ ਰਹੇ ਹਨ, ਇਨ੍ਹਾਂ ਕਾਨੂੰਨਾਂ ਨੂੰ ਘੱਟਗਿਣਤੀ ਕੌਮਾਂ ਸਿੱਖਾਂ ਅਤੇ ਮੁਸਲਮਾਨਾਂ ਉਤੇ ਹੀ ਵਰਤਿਆ ਜਾਏਗਾ। ਇਸ ਕਾਨੂੰਨ ਅਧੀਨ ਪੁਲਿਸ ਅਧਿਕਾਰੀ ਕੋਲ ਦਿੱਤਾ ਬਿਆਨ ਅਦਾਲਤ ‘ਚ ਸਬੂਤ ਮੰਨਿਆ ਜਾਏਗਾ। ਸਿੱਖ ਜਥੇਬੰਦੀਆਂ, ਪੰਥਕ ਸੋਚ ਵਾਲੀਆਂ ਸ਼ਖਸੀਅਤਾਂ ਨੂੰ ਅਜਿਹੇ ਟਾਡਾ, ਪੋਟਾ, ਪਕੋਕਾ ਜਾਂ ਹੁਣ ਨਵੇਂ ਬਣਨ ਜਾ ਰਹੇ ਮਨੁੱਖਤਾ ਮਾਰੂ ਕਾਲੇ ਕਾਨੂੰਨਾਂ ਦਾ ਜਨਤਕ ਤੌਰ ‘ਤੇ ਵਿਰੋਧ ਕਰਨਾ ਚਾਹੀਦਾ ਹੈ।
ਸ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ ਜਾਂ ਬਾਦਲ ਦਲ ਵਾਲੇ ਇਹ ਜਵਾਬ ਦੇਣ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਹੋਂਦ ਵਿਚ ਲਿਆਂਦੇ ਜਾ ਰਹੇ ਮਨੁੱਖਤਾ ਮਾਰੂ ਕਾਲੇ ਕਾਨੂੰਨਾਂ ਸੰਬੰਧੀ ਉਹ ਚੁੱਪ ਕਿਉਂ ਹਨ?