ਹੁਸ਼ਿਆਰਪੁਰ: ਸਿੱਖ ਇਤਿਹਾਸਕ ਸ਼ਖਸੀਅਤਾਂ ਨੂੰ ਆਪਣਾ ਸਤਿਕਾਰ ਭੇਂਟ ਕਰਨ ਦੀ ਪਿਰਤ ਨੂੰ ਅੱਗੇ ਤੋਰਦਿਆਂ ਦਲ ਖ਼ਾਲਸਾ ਨੇ ਸਿੱਖ ਜੁਝਾਰੂ ਜਰਨੈਲ ਬਾਬਾ ਬਘੇਲ ਸਿੰਘ ਵਲੋਂ 1783 ਵਿਚ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਉੱਤੇ ਨਿਸ਼ਾਨ ਸਾਹਿਬ ਝੁਲਾਉਣ ਦੀ ਗੌਰਵਮਈ ਘਟਨਾ ਦੀ ਯਾਦ ਨੂੰ ਮਨਾਉਦਿਆਂ ‘ਖਾਲਸਾ ਮਾਰਚ’ ਕਰਨ ਦਾ ਫੈਸਲਾ ਕੀਤਾ ਹੈ।
ਇਸ ਇਤਿਹਾਸਕ ਦਿਨ ਨੂੰ ਮਨਾਉਣ ਲਈ 15 ਮਾਰਚ ਵਾਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਕਾਨਫਰੰਸ ਕੀਤੀ ਜਾਵੇਗੀ ਅਤੇ ਬਾਅਦ ਵਿਚ ਸ਼ਹਿਰ ਅੰਦਰ ਮਾਰਚ ਕੀਤਾ ਜਾਵੇਗਾ। ਮਾਰਚ ਦੀ ਆਰੰਭਤਾ ਗੁਰਦੁਆਰਾ ਸਿੰਘ ਸਭਾ ਤੋਂ ਹੋਵੇਗੀ।
ਦਲ ਖਾਲਸਾ ਦੇ ਸਕੱਤਰ ਰਣਬੀਰ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਪਾਰਟੀ ਆਗੂਆਂ ਨਾਲ ਇਕ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਵਿਚ ਸਿੱਖ ਪ੍ਰਭੂਸੱਤਾ ਦੇ ਜਜ਼ਬੇ ਨੂੰ ਮੱਘਦਾ ਰੱਖਣਾ ਅਤੇ ਉਹਨਾਂ ਨੂੰ ਆਪਣੀਆਂ ਇਤਿਹਾਸਕ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨਾ ਹੈ।

ਉਹਨਾਂ ਕਿਹਾ ਕਿ ਬਾਬਾ ਬਘੇਲ ਸਿੰਘ ਦਾ ਇਕ ਮਾਤਰ ਮਨੋਰਥ ਸਿੱਖਾਂ ਅਤੇ ਪੰਜਾਬ ਦਾ ਭਲਾ ਸੀ, ਜਦਕਿ ਮੌਜੂਦਾ ਅਕਾਲੀ ਲੀਡਰਸ਼ਿਪ ਦਾ ਇਕ ਮਾਤਰ ਮਨੋਰਥ ਪੈਸਾ ਇਕੱਠਾ ਕਰਨਾ ਅਤੇ ਰਾਜ ਸੱਤਾ ਭੋਗਣਾ ਹੈ। ਉਨ੍ਹਾਂ ਕਿਹਾ ਕਿ ਕੌਮ ਇਕ ਅਹਿਮ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਹੁਣ ਲੋੜ ਹੈ ਕਿ ਪੰਥਕ ਨਿਸ਼ਾਨਿਆਂ ਨੂੰ ਹਾਸਿਲ ਕਰਨ ਲਈ ਆਪਣੀਆਂ ਨੀਤੀਆਂ ਨੂੰ ਨਵੇਂ ਪਰਪੇਖ ਅਤੇ ਸੰਦਰਭ ਵਿੱਚ ਦੁਬਾਰਾ ਘੜਿਆ ਜਾਵੇ।
ਮੀਟਿੰਗ ਨੇ ਸੰਘ ਪਰਿਵਾਰ ਅਤੇ ਉਸ ਦੀ ਸ਼ਾਖਾ ਏਬੀਵੀਪੀ ਵਲੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਖਿਲਾਫ ਕੀਤੀ ਜਾ ਰਹੀ ਹਿੰਸਾ ਅਤੇ ਸਮਾਜ ਅੰਦਰ ਫੈਲਾਈ ਜਾ ਰਹੀ ਅਸਹਿਣਸ਼ੀਲਤਾ ਅਤੇ ਅਫਰਾ-ਤਫਰੀ ਨੂੰ ਗੰਭੀਰਤਾ ਨਾਲ ਲਿਆ ਅਤੇ ਫੈਸਲਾ ਕੀਤਾ ਕਿ ਆਉਂਦੇ ਸਮਾਗਮ ਵਿੱਚ ਇਹਨਾਂ ਦੇ ਮਨਸੂਬਿਆਂ ਨਾਲ ਨਜਿੱਠਣ ਲਈ ਠੋਸ ਰਣਨੀਤੀ ਘੜੀ ਜਾਵੇਗੀ।
ਇਸ ਦੌਰਾਨ ਮੀਟਿੰਗ ਵਿਚ ਨੋਬਲਜੀਤ ਸਿੰਘ, ਪਰਮਜੀਤ ਸਿੰਘ ਮੰਡ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ ਸ਼ਾਮਿਲ ਸਨ।