ਲੰਡਨ ( 18 ਅਪ੍ਰੈਲ, 2015): ਇੰਗਲੈਂਡ ਵਿੱਚ ਚੋਣਾਂ ਦੇ ਦਿਨ ਹੋਣ ਕਰਕੇ ਸਾਰੇ ਸਿਆਸਤਦਾਨ ਸਿੱਖਾਂ ਦੀਆਂ ਵੋਟਾਂ ਲੈਣ ਲਈ ਗੁਰੂ ਘਰਾਂ ਵਿੱਚ ਆ ਰਹੇ ਹਨ ਚਾਹੇ ਕਿ ਉਹ ਇਸ ਦੀ ਵਜ੍ਹਾ ਕੁਝ ਵੀ ਦਸਦੇ ਹੋਣ । ਇਸੇ ਤਰਾਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿੱਚ ਵਿਸਾਖੀ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਆਇਆ ਸੀ ।

ਅੱਜ ਜਦੋਂ ਉਹ ਗੁਰੂ ਘਰ ਆਇਆ ਤਾਂ ਉੱਥੇ ਸ੍ਰੀ ਅਖੰਡ ਪਾਠ ਚੱਲ ਰਹੇ ਸਨ । ਪਰ ਗੁਰਦੁਆਰਾ ਕਮੇਟੀ ਨੇ ਸਿਆਸਤਦਾਨਾਂ ਅੱਗੇ ਚਾਪਲੂਸੀ ਦਿਖਾਉਂਦਿਆਂ ਸ੍ਰੀ ਅਖੰਡ ਪਾਠ ਸਾਹਿਬ ਨੂੰ ਰੁਕਵਾ ਕੇ ਡੇਵਿਡ ਕੈਮਰੂਨ ਨੂੰ ਬੁਲਵਾਉਣਾ ਚਾਹਿਆ ਜੋ ਕਿ ਗੁਰੂ ਮਰਿਆਦਾ ਦੀ ਸਰਾਸਰ ਉਲੰਘਣਾ ਸੀ ।
ਉਸ ਵਕਤ ਉੱਥੇ ਮੌਜੂਦ ਖਾਲਿਸਤਾਨ ਜਲਾਵਤਨ ਸਰਕਾਰ ਦੇ ਰਾਸ਼ਟਰਪਤੀ ਭਾਈ ਸੇਵਾ ਸਿੰਘ ਲੱਲ੍ਹੀ ਨੇ ਸਿੱਖੀ ਸਿਧਾਂਤਾਂ ਦੇ ਖਿਲਾਫ ਹੋ ਰਹੀ ਇਸ ਗੱਲ ਨੂੰ ਬਰਦਾਸ਼ਤ ਨਾ ਕੀਤਾ ਤੇ ਉਹਨਾਂ ਨੇ ਗੁਰਦੁਆਰਾ ਕਮੇਟੀ ਵਾਲਿਆਂ ਨੂੰ ਗੁਰੂ ਮਹਾਰਾਜ ਦੀ ਬੇਅਦਬੀ ਕਰਨੋਂ ਰੋਕ ਦਿੱਤਾ ।
ਸਿੱਖ ਲਈ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਸਿੱਖ ਸਿਧਾਂਤ ਪ੍ਰਮੁੱਖ ਹਨ ਕਿਸੇ ਵੀ ਦੇਸ਼ ਦਾ ਕੋਈ ਵੀ ਵੱਡਾ ਸਿਆਸਤਦਾਨ ਜਾ ਵਿਅਕਤੀ ਵਿਸ਼ੇਸ਼ ਗੁਰੂ ਘਰ ਵਿੱਚ ਆ ਕੇ ਸੰਗਤ ਸਮਾਨ ਹੀ ਹੈ ।
ਭਾਈ ਸੇਵਾ ਸਿੰਘ ਲੱਲ੍ਹੀ ਵੱਲੋਂ ਸਿਧਾਂਤਾਂ ਨੂੰ ਪ੍ਰਮੁਖਤਾ ਦੇਣਾ ਅੱਜ ਕਲ ਦੇ ਗੁਰੂ ਘਰਾਂ ਲਈ ਮਿਸਾਲ ਹੈ । ਯਕੀਨਨ ਹੀ ਭਾਈ ਸੇਵਾ ਸਿੰਘ ਲੱਲ੍ਹੀ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਨਹੀਂ ਹਨ ਪਰ ਜਦੋਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਗੁਰੂ ਸਿਧਾਂਤਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੂੰ ਰੋਕਣਾ ਹਰ ਸੱਚੇ ਸਿੱਖ ਦਾ ਫਰਜ਼ ਹੈ।