ਸ੍ਰੀਨਗਰ (18 ਅਪੈ੍ਰਲ, 2015): ਕਸ਼ਮੀਰੀ ਆਗੂ ਮਸਰਤ ਆਲਮ ਦੀ ਗਿ੍ਫ਼ਤਾਰੀ ਬਾਅਦ ਸਯਦ ਅਲੀ ਸ਼ਾਹ ਗਿਲਾਨੀ ਅਤੇ ਹੋਰ ਸੰਗਠਨਾਂ ਵੱਲੋਂ ਸਨਿਚਰਵਾਰ ਨੂੰ ਕਸ਼ਮੀਰ ‘ਚ ਬੁਲਾਏ ਗਏ ਬੰਦ ਦੌਰਾਨ ਬਡਗਾਮ ਦੇ ਨਰਬਲ ਪਿੰਡ ‘ਚ ਪ੍ਰਦਰਸ਼ਨਕਾਰੀਆਂ ‘ਤੇ ਸੀ. ਆਰ. ਪੀ. ਐਫ. ਵੱਲੋਂ ਕੀਤੀ ਗਈ ਫਾਇਰਿੰਗ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਹੋਰ ਜ਼ਖਮੀ ਹੋ ਗਏ।ਜ਼ਖ਼ਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਇਸ ਮਾਮਲੇ ‘ਚ ਬਾਅਦ ‘ਚ ਦੋ ਪੁਲਿਸ ਕਰਮੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।ਸ੍ਰੀਨਗਰ ਦੇ ਪੁਲਿਸ ਨਿਰੀਖਿਅਕ ਐਸ. ਐਮ. ਜਿਲਾਨੀ ਨੇ ਮਿ੍ਤਕ ਦੀ ਪਛਾਣ ਸੁਹੇਲ ਅਹਿਮਦ ਸੋਫੀ ਵਜੋਂ ਦੱਸੀ ਹੈ।ਇਸ ਤੋਂ ਇਲਾਵਾ ਅੱਜ ਵਾਦੀ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਸਾਹਮਣੇ ਆਉਣ ‘ਤੇ ਪ੍ਰਸ਼ਾਸਨ ਨੇ ਹੁਰੀਅਤ ਕਾਨਫਰੰਸ ਦੇ ਨਰਮ ਪੰਥੀ ਧੜੇ ਦੇ ਪ੍ਰਧਾਨ ਮੀਰਵਾਈਜ਼ ਉਮਰ ਫਾਰੂਕ ਸਮੇਤ ਕਈ ਕਸ਼ਮੀਰੀ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ।
ਹੁਰੀਅਤ ਦੇ ਸਈਦ ਅਲੀ ਸ਼ਾਹ ਗਿਲਾਨੀ ਵੀਰਵਾਰ ਰਾਤ ਤੋਂ ਹੀ ਨਜ਼ਰਬੰਦ ਹਨ।
ਦੂਜੇ ਪਾਸੇ ਕਸ਼ਮੀਰ ਘਾਟੀ ਵਿਚ ਬੰਦ ਦਾ ਮਿਲਿਆ-ਜੁਲਿਆ ਅਸਰ ਹੀ ਰਿਹਾ।ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵੀ ਹੋਈਆਂ।
ਦੱਸਣਯੋਗ ਹੈ ਕਿ ਗਿਲਾਨੀ ਨੇ ਤਰਾਲ ਵਿਚ ਸੈਨਾ ਨਾਲ ਮੁਕਾਬਲੇ ‘ਚ 2 ਨੌਜਵਾਨਾਂ ਦੇ ਮਾਰੇ ਜਾਣ ਦੇ ਵਿਰੋਧ ‘ਚ ਬੰਦ ਦਾ ਸੱਦਾ ਦਿੱਤਾ ਸੀ।ਗਿਲਾਨੀ ਨੇ ਇਸ ਦੇ ਨਾਲ ਹੀ ਲੋਕਾਂ ਨੂੰ ਕਿਹਾ ਸੀ ਕਿ ਉਹ ਮਸਰਤ ਆਲਮ ਸਮੇਤ ਹੁਰੀਅਤ ਨੇਤਾਵਾਂ ਦੀਆਂ ‘ਅਣਉੱਚਿਤ’ ਗਿ੍ਫਤਾਰੀਆਂ ਦਾ ਵਿਰੋਧ ਕਰਨ।
ਜੰਮੂ-ਕਸ਼ਮੀਰ ਪੁਲਿਸ ਨੇ ਸੀ. ਆਰ. ਪੀ. ਐਫ. ‘ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।ਬੰਦ ਦੌਰਾਨ ਨਰਬਲ ਵਿਚ ਸੀ. ਆਰ. ਪੀ. ਐਫ. ਦੇ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ।ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਮਾਗਮ ਦੇ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।