ਤਰਨਤਾਰਨ: ਜੰਗਲ ਰਾਜ ਦੇ ਖਾਤਮੇ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ 3 ਨਵੰਬਰ ਦਿਨ ਵੀਰਵਾਰ ਨੂੰ ਕੀਤੀ ਜਾਵੇਗੀ। ਅੱਜ ਇੱਥੇ ਖਾਲੜਾ ਮਿਸ਼ਨ ਆਗੇਨਾਈਜੇਸਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਪ੍ਰਚਾਰ ਸਕੱਤਰ ਕਾਬਲ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਅਤੇ ਬਾਕੀ ਭਾਰਤ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ। ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫੌਜੀ ਹਮਲਾ ਹੁੰਦਾ ਹੈ, ਝੂਠੇ ਮੁਕਾਬਲੇ ਹੁੰਦੇ ਹਨ, ਨਵੰਬਰ 84 ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੁੰਦਾ ਹੈ। ਜਵਾਨੀ ਦਾ ਨਸ਼ਿਆਂ ਵਿੱਚ ਅਤੇ ਕਿਸਾਨੀ ਦਾ ਖੁਦਕੁਸ਼ੀਆਂ ਰਾਹੀਂ ਘਾਣ ਕੀਤਾ ਜਾਂਦਾ ਹੈ।

ਜੇਲ੍ਹਾਂ ਵਿੱਚ ਸਿੱਖਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਬੰਦੀ ਬਣਾਇਆ ਜਾਂਦਾ ਹੈ। ਖਾਲੜਾ ਮਿਸ਼ਨ ਦੇ ਆਗੂਆਂ ਨੇ ਮੱਧ ਪ੍ਰਦੇਸ਼ ਅੰਦਰ 8 ਮੁਸਲਮਾਨ ਨੌਜਵਾਨਾਂ ਨੂੰ ਅੱਤਵਾਦੀ ਕਰਾਰ ਦੇ ਕੇ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿੱਚ ਉੱਚ ਪੱਧਰੀ ਪੜਤਾਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਖਾੜਕੂਵਾਦ ਦੌਰਾਨ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਕੱਢ ਕੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਜਾਂਦਾ ਰਿਹਾ।
ਧੀਆਂ-ਭੈਣਾਂ ਦੀਆਂ ਇੱਜਤਾਂ ਸੱਥਾਂ ਵਿੱਚ ਰੋਲ ਕੇ ਝੂਠੇ ਮੁਕਾਬਲਿਆਂ ਵਿੱਚ ਕਤਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੰਗਲ ਰਾਜ ਦੀਆਂ ਹਾਮੀ ਧਿਰਾਂ ਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਲੁਕਾਈ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦੀਆਂ ਹਨ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਸੇਧ ਹੀ ਇਸ ਧਰਤੀ ਤੋਂ ਜਬਰ-ਜ਼ੁਲਮ ਦਾ ਰਾਜ ਖਤਮ ਕਰਕੇ ਮਨੁੱਖਤਾ ਅੰਦਰ ਬਰਾਬਰਤਾ ਲਿਆ ਸਕਦੀ ਹੈ।