ਚੰਡੀਗੜ੍ਹ: ਜਿਵੇਂ ਹੀ ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਉਵੇਂ ਹੀ ਕੱਲ੍ਹ ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਸੀਨੀਅਰ ਕਾਂਗਰਸੀ ਮੰਤਰੀ ਸੱਜਣ ਕੁਮਾਰ ਕੋਲੋਂ ਦੁਬਾਰਾ ਪੁੱਛਗਿੱਛ ਕਰਨ ਦਾ ‘ਨਾਟਕ’ ਸ਼ੁਰੂ ਕਰ ਦਿੱਤਾ।
‘ਵਿਸ਼ੇਸ਼ ਜਾਂਚ ਟੀਮ’ (SIT) ਨੇ ਬੁੱਧਵਾਰ 4 ਜਨਵਰੀ ਨੂੰ ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ‘ਪੁੱਛਗਿੱਛ’ ਕੀਤੀ।
ਲੋਕ ਨਾਇਕ ਭਵਨ ‘ਚ ‘ਪੁੱਛਗਿਛ’ ਤੋਂ ਬਾਅਦ ਜਦੋਂ ਮੀਡੀਆ ਨੇ ਜਾਂਚ ਅਧਿਕਾਰੀ ਤੋਂ ਜਾਂਚ ਬਾਰੇ ਪੁੱਛਿਆ ਤਾਂ ਅਧਿਕਾਰੀ ਬਿਨਾਂ ਕੁਝ ਕਹੇ ਚਲੇ ਗਏ। ਜ਼ਿਕਰਯੋਗ ਹੈ ਕਿ ਕਤਲੇਆਮ ਨਾਲ ਸਬੰਧਤ 300 ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ 59 ਕੇਸਾਂ ਨੂੰ ਮੁੜ ਜਾਂਚ ਲਈ ਚੁਣਿਆ ਸੀ।

ਸੱਜਣ ਕੁਮਾਰ ਦੇ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਵਿਸ਼ੇਸ਼ ਜਾਂਚ ਟੀਮ ਵਲੋਂ ਸੱਜਣ ਕੁਮਾਰ ਦੀ 2 ਘੰਟੇ ਹੋਈ ਪੁੱਛਗਿੱਛ ਦੀ ਤਸਦੀਕ ਕੀਤੀ ਹੈ।
ਦ ਹਿੰਦੂ ਅਖ਼ਬਾਰ ਮੁਤਾਬਕ ਸੱਜਣ ਕੁਮਾਰ ਦੇ ਵਕੀਲ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਕਤਲੇਆਮ ਲਈ ਵਰਤੇ ਗਈ ਗੱਡੀ ਬਾਰੇ ਪੁੱਛਗਿੱਛ ਕੀਤੀ ਗਈ। ਸੱਜਣ ਕੁਮਾਰ ਨੇ ਕਿਹਾ ਕਿ ਅਜਿਹੀ ਕੋਈ ਗੱਡੀ ਉਸਨੇ ਕਦੇ ਖਰੀਦੀ ਹੀ ਨਹੀਂ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2015 ‘ਚ ਵਿਸ਼ੇਸ਼ ਜਾਂਚ ਟੀਮ ਬਣਾਈ ਸੀ। ਸੱਜਣ ਕੁਮਾਰ ‘ਤੇ ਚੱਲ ਰਹੇ ਇਸ ਕੇਸ ‘ਚ ਕਤਲੇਆਮ ਪੀੜਤਾਂ ਵਿਚੋਂ ਇਕ ਹਰਵਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਸਬੰਧਤ ਖ਼ਬਰ:
ਜ਼ਿਕਰਯੋਗ ਹੈ ਕਿ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਸਕੀਆਂ। ਸਗੋਂ ਆਪਣੀ ਪਹੁੰਚ ਸਦਕਾ ਦੋਸ਼ੀ ਸੱਤਾ ਦੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ।