ਚੰਡੀਗੜ੍ਹ: “ਜਗਬਾਣੀ ਦੇ ਲੁਧਿਆਣੇ ਐਡੀਸ਼ਨ ਵਿਚ “ਮਾਨ ਵੱਲੋਂ ਆਪ ਦੇ ਗੁਣਗਾਨ, ਲੋਕ ਹੈਰਾਨ” ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਾਡੇ ਕਿਰਦਾਰ ਨੂੰ ਸ਼ੱਕੀ ਬਣਾਉਣ ਦੀ ਮੰਦਭਾਵਨਾ ਅਧੀਨ ਪੇਡ ਨਿਊਜ਼ ਲਗਵਾਈ ਗਈ ਹੈ, ਉਹ ਬਿਲਕੁਲ “ਝੂਠ ਦਾ ਪਲੰਦਾ” ਹੈ। ਅਜਿਹੀਆ ਸਟੋਰੀਆ ਲਗਵਾਕੇ ਕੋਈ ਵੀ ਸਿਆਸੀ ਪਾਰਟੀ ਜਾਂ ਆਗੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮਾਂਤਰੀ ਪੱਧਰ ‘ਤੇ ਬਣੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਿਚ ਨਾ ਤਾਂ ਕਾਮਯਾਬ ਹੋ ਸਕੇਗਾ ਅਤੇ ਨਾ ਹੀ ਆਪ ਪਾਰਟੀ ਵਰਗੀ ਨੂੰ ਕੋਈ ਸਿਆਸੀ ਫਾਇਦਾ ਹੋ ਸਕੇਗਾ।”

ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲੁਧਿਆਣੇ ਦੇ ਜਗਬਾਣੀ ਦੇ ਐਡੀਸ਼ਨ ਵਿਚ (ਮੁੱਲਾਂਪੁਰੀ) ਨਾਮਾਨਿਗਾਰ ਦੇ ਨਾਮ ਹੇਠ ਲੱਗੀ ਸਟੋਰੀ ਨੂੰ ਪੰਜਾਬੀਆਂ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਅਤੇ ਸ਼਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸ਼ੱਕੀ ਬਣਾਉਣ ਦੀ ਅਸਫ਼ਲ ਕੋਸ਼ਿਸ਼ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ।
ਮਾਨ ਨੇ ਜਗਬਾਣੀ ਵਿਚ ਮੰਦਭਾਵਨਾ ਅਧੀਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੌਮਾਂਤਰੀ ਸਤਿਕਾਰ ਨੂੰ ਠੇਸ ਪਹੁੰਚਾਉਣ ਹਿੱਤ ਕੀਤੀ ਗਈ ਉਪਰੋਕਤ ਬਿਆਨਬਾਜ਼ੀ ਜਾਂ ਸਟੋਰੀ ਨੂੰ ਪ੍ਰਕਾਸ਼ਿਤ ਕਰਨ ਵਾਲਿਆਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਪਾਰਟੀ ਇਸ ਗੈਰ-ਇਖ਼ਲਾਕੀ ਅਮਲ ਵਿਰੁੱਧ ਸੰਬੰਧਤ ਜਿੰਮੇਵਾਰਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖਟੀਸਣ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਤੋ ਬਿਲਕੁਲ ਨਹੀਂ ਝਿਜਕੇਗੀ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਕੇਜਰੀਵਾਲ ਵਲੋਂ ਸਿੱਖ ਧਰਮ ਵਿਰੋਧੀ ਟਿੱਪਣੀ ਕਰਨ ਦੀ ਵੀ ਨਿਖੇਧੀ ਕੀਤੀ।