ਫਤਿਹਾਬਾਦ ( 15 ਫਰਵਰੀ, 2015): ਸੌਦਾ ਸਾਧ ਦੇ ਪੁਰਾਣੇ ਸ਼ਰਧਾਲੂ ਅਤੇ ਸੌਦਾ ਸਾਧ ਵਿਰੁੱਧ ਡੇਰੇ ਦੇ 400 ਚੇਲਿਆਂ ਨੂੰ ਜਬਰੀ ਨਿਪੁੰਸਕ ਬਣਾਉਣ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਪਾਉਣ ਵਾਲੇ ਹੰਸ ਰਾਜ ਚੌਹਾਨ ਨੇ ਦੋਸ਼ ਲਾਇਆ ਹੈ, ਕਿ ਉਸਦੀ ਸੁਰੱਖਿਆ ਵਿੱਚ ਤੈਨਾਤ ਪੁਲਿਸ ਕਰਮਚਾਰੀ ਉਸਨੂੰ ਪ੍ਰੇਸ਼ਾਨ ਕਰ ਰਹੇ ਹਨ।

ਚੌਹਾਨ ਨੇ ਪ੍ਰੈਸ ਨਾਲ ਗੱਲ ਕਰਦਿਆਂ ਕਿਹਾ ਕਿ ਦੋ ਪੁਲਿਸ ਅਧਿਕਾਰੀ ਏਐੱਸਆਈ ਦਲਬੀਰ ਸਿੰਘ ਅਤੇ ਸਿਪਾਹੀ ਜਗਜੀਤ ਸਿੰਘ ਨੂੰ ਹਰਿਆਣਾ ਪੁਲਿਸ ਨੇ ਉਸਦੀ ਸੁਰੱਖਿਆ ਲਈ ਤਾਇਨਾਤ ਕੀਤਾ ਹੈ।ਉਨ੍ਹਾਂ ਕਿਹਾ ਕਿ ਦੋਵੇਂ ਕਰਮਚਾਰੀ ਖਾਸਕਰ ਸਿਪਾਹੀ ਜਗਜੀਤ ਸਿੰਘ ਜਾਨਬੁੱਝ ਕੇ ਉਸਦੇ ਕੰਮਕਾਰ ਵਿੱਚ ਰੁਕਾਵਟਾਂ ਖੜੀਆਂ ਕਰ ਰਿਹਾ ਹੈ, ਜਿਸ ਕਰਕੇ ਉਸਨੂੰ ਟੋਹਾਣਾ ਵਿੱਚ ਦੋ ਜਗਾਂ ਤੋਂ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ।ਇਸ ਸਮੇਂ ਚੌਹਾਨ ਟੋਹਾਣਾ ਵਿੱਚ ਆਪਣੀ ਸੰਗੀਤ ਅਕੈਡਮੀ ਚਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਫਤਿਹਾਬਾਦ ਦੇ ਐੱਸ. ਐੱਸ. ਪੀ ਸੰਗੀਤਾ ਕਾਲੀਆ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਜਾਂਚ ਕਰਨ ਦਾ ਭਰੋਸਾ ਦੁਆਇਆ ਹੈ।
ਜ਼ਿਕਰਯੋਗ ਹੈ ਕਿ ਸੀਬੀਆਈ ਨੇ ਹੁਣੇ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੌਦਾ ਸਾਧ ਖਿਲਾਫ ਚੇਲਿਆਂ ਨੂੰ ਜਬਰੀ ਨਿਪੰਸਕ ਬਣਾਉਣ ਦੇ ਮਾਮਲੁ ਵਿੱਚ ਪਰਚਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ।