ਲੰਦਨ (6 ਜੂਨ 2015): ਯੂ. ਕੇ. ਦੇ ਪ੍ਰਧਾਨ-ਮੰਤ੍ਰੀ ਦੇ ਗ੍ਰਿਹ ਵਿਖੇ ਪੰਥਕ ਜਥੇਬੰਦੀਆਂ, ਕੌਂਸਲ ਆਫ਼ ਖਾਲਿਸਤਾਨ, ਅਕਾਲੀ ਦਲ ਯੂ. ਕੇ. ਅਤੇ ਦਲ ਖਾਲਸਾ ਇੰਟ੍ਰਨੈਸ਼ਨਲ ਦੇ ਲੀਡਰਾਂ ਨੇ ਜੂਨ ਚੁਰਾਸੀ ਦੇ 31ਵੇਂ ਘੱਲੂਘਾਰਾ ਦਿਵਸ ਮੌਕੇ ਨਵੀਂ ਸਰਕਾਰ ਨੂੰ ਅਹਿਮ ਯਾਦ-ਪੱਤਰ ਪੇਸ਼ ਕੀਤਾ ਜਿਸ ਵਿਚ ਭਾਰਤੀ ਸਰਕਾਰ ਪ੍ਰਤੀ ਆਪਣੀ ਨੀਤੀ ਨੂੰ ਤਬਦੀਲ ਕਰਨ ਲਈ ਮੁੱਖ ਤੌਰ ‘ਤੇ ਮੰਗ ਕੀਤੀ ਗਈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਆਪਣੇ ਸੁਆਰਥੀ ਮਤਲਬਾਂ ਤੋਂ ਅੱਗੇ, ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਕਾਨੂਨ ਦੀ ਪਾਲਣਾਂ ਕਰਨ ਦੀ ਜ਼ਰੂਰਤ ਹੈ ਅਤੇ ਕਿਸੇ ਕੀਮਤ ‘ਤੇ ਵੀ ਭਾਰਤ ਨੂੰ ਸੁਯੰਕਤ ਰਾਸ਼ਟ੍ਰ ਦੀ ਸੁਰੱਖਸ਼ਾ ਕੌਂਸਲ ਵਿਚ ਸ਼ਾਮਲ ਕਰਨ ਦੀ ਹਮਾਇਤ ਨਾ ਕੀਤੀ ਜਾਵੇ । ਕਿਉਂਕਿ ਇਹ ਸਿਰਫ਼ ਵਲੈਤੀ ਸਰਕਾਰ ਦੀ ੩੧ ਸਾਲ ਪਹਿਲੇ ਹੋਇ ਘੱਲੂਘਾਰੇ ਵਿਚ ਸ਼ਾਮੂਲੀਅਤ ਦੀ ਗਲਤੀ ਦਾ ਦੁਹਰਾਉਣਾ ਹੀ ਹੋਵੇਗਾ, ਜਿਸ ਲਈ ਅਜੇ ਤੱਕ ਇਸ ਨੇ ਅੱਜ ਤਾਈਂ ਮੁਆਫ਼ੀ ਤੱਕ ਵੀ ਨਹੀਂ ਮੰਗੀ ।

ਸਰਕਾਰ ਨੂੰ ਇਹ ਵੀ ਕਬੂਲ ਕਰਨ ਲਈ ਕਿਹਾ ਗਿਆ ਕਿ ਇਸ ਘੱਲੂਘਾਰੇ ਨੇ ਸਿੱਖ ਖੁੱਦ-ਮੁਖਤਿਆਰੀ ਦੀ ਜਾਇਜ਼ ਮੰਗ, ਖਾਲਿਸਤਾਨ, ਨੂੰ ਹੀ ਅੰਜਾਮ ਦਿੱਤਾ, ਜਿਸ ਨੂੰ ਕਾਇਮ ਕਰਨ ਤੱਕ ਸਿੱਖ ਸਰਬੱਤ ਖਾਲਸੇ ਦੇ ਮਤਿਆਂ ਮੁਤਾਬਕ ਆਪਣਾ ਸੰਘਰਸ਼ ਜਾਰ੍ਹੀ ਰੱਖਣਗੇ । ਘੱਟੋ-ਘੱਟ ਭਾਰਤੀ ਸਰਕਾਰ ‘ਤੇ ਬ੍ਰਤਾਨਵੀ ਸਰਕਾਰ, ਹੋਰਾਂ ਸਰਕਾਰਾਂ ਦੀ ਰੀਸੇ ਦਬਾਉ ਪਾਵੇ, ਕਿ ਸੁਯੰਕਤ ਰਾਸ਼ਟ੍ਰ ਦੀ ਮਨੁੱਖੀ ਅਧਿਕਾਰ ਸੰਧੀ (1966) ਦੀ ਮੁਢਲੀ ਧਾਰਾ ਨੂੰ ਖਾਰਜ ਕਰਨਾ ਬੇ-ਬੁਨਿਆਦੀ ਹੈ, ਜਿਸ ਅਧੀਨ ਸਿੱਖ ਅਤੇ ਕਸਮੀਰੀ ਕੌਮਾਂ ਨੂੰ ਆਪਣੇ ਖੁੱਦ-ਮੁਖਿਤਿਆਰ ਹੱਕ ਲੈਣ ਤੋਂ ਰੋਕਿਆ ਨਹੀਂ ਜਾ ਸਕਦਾ । ਇਸ ਤੋਂ ਇਲਾਵਾ, ਇਹ ਵੀ ਦਬਾਉ ਪਾਇਆ ਜਾਵੇ ਕਿ ਬਾਪੂ ਸੁਰਤ ਸਿੰਘ ਦੇ ਸੰਘਰਸ਼ ਨੂੰ ਸਮੂਹ ਸਿਆਸੀ ਕੈਦੀਆਂ ਨੂੰ, ਜਨੇਵਾ ਸੰਧੀ ਮੁਤਾਬਿਕ, ਰਿਹਾ ਕਰਕੇ ਹੀ ਸਮਾਪਤ ਕੀਤਾ ਜਾਵੇ, ਨਾ ਕਿ ਜੱਬਰਦਸਤੀ ਨਾਲ ਜਾਂ ਉਸ ਤਰੇਂਟ ਸਾਲਾਂ ਦੇ ਬਜ਼ੁਰਗ ਅਤੇ ਉਸ ਦੇ ਪਰਿਵਾਰ ਉੱਤੇ ਜ਼ੁਲਮ ਢਾਕੇ ।
ਇਸ ਮੌਕੇ ਸ: ਅਮਰੀਕ ਸਿੰਘ ਸਹੋਤਾ (OBE) ਪ੍ਰਧਾਨ, ਕੌਂਸਲ ਆਫ਼ ਖਾਲਿਸਤਾਨ, ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਸਿਰਫ਼ ਸਿੱਖ, ਮੁਸਲਮਾਨ ਅਤੇ ਇਸਾਈ ਭਾਈਚਾਰੇ ਲਈ ਖੱਤਰਨਾਕ ਤਾਕਤ ਨਹੀਂ, ਬਲਕਿ ਚੀਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਮੁਲਕਾਂ ਨੂੰ ਵੰਗਾਰਣ ਤੋਂ ਵੀ ਸੰਕੋਚ ਨਹੀਂ ਕਰਦੀ । ਲੇਕਿੰਨ ਸਿੱਖ ਅਤੇ ਕਸ਼ਮੀਰੀ ਕੌਮਾਂ ਨੂੰ ਹੀ ਇਸ ਤੋਂ ਵਧੇਰੇ ਖਤਰਾ ਹੈ, ਜਿਸ ਦਾ ਸਾਬੂਤ ਪਿਛਲੇ ਦਿਨੀ ਹੋਈ ਘਟਨਾ ਹੀ ਬੋਲਦੀ ਹੈ, ਜਿਸ ਵਿਚ ਹਿੰਦੁਤਵਾ ਦੀ ਚੱਕ ਵਿਚ ਆਈ ਜੰਮੂ ਦੀ ਪੁਲਸ ਨੇ ਇਕ ਨੇਹੱਤੇ ਸਿੱਖ ਨੌਜਵਾਨ ਜਸਜੀਤ ਸਿੰਘ ਨੂੰ ਬੇਸ਼ਰਮੀ ਅਤੇ ਬੁੱਜ਼ਦਿਲੀ ਨਾਲ ਸ਼ਹੀਦ ਕੀਤਾ ।
ਇਕ ਵੱਖਰੇ ਬਿਆਨ ਵਿਚ ਅਵਸੋਸ ਅਤੇ ਹਮਦਰਦੀ ਪ੍ਰਗਟਾਉਦਿਆਂ, ਕਸ਼ਮੀਰੀ ਸਰਬ-ਪਾਰਟੀ ਤਾਲ-ਮੇਲ ਕਮੇਟੀ ਚੇਅਰਮੈਨ ਰਾਜਾ ਅਮਜਦ ਖ਼ਾਨ ਨੇ ਕਿਹਾ ਕਿ ਭਾਵੇਂ ਇਸ ਤਰਾਂ ਦੀ ਘਟਨਾ ਜੰਮੂ-ਕਸ਼ਮੀਰ ਦੇ ਮੁੱਸਲਮਾਨਾਂ ਲਈ ਆਮ ਹੈ, ਇਹ ਛੱਤੀ-ਸਿੰਘਪੁਰਾ ਦੇ ਦੁੱਖਦਾਈ ਕਾਂਡ ਦੀ ਯਾਦ ਨੂੰ ਵੀ ਤਾਜ਼ਾ ਕਰਦੀ ਹੈ ਜਿਸ ਵਿਚ ਭਾਰਤੀ ਫ਼ੌਜ ਨੇ ਦਰਜਨਾਂ ਸਿੱਖਾਂ ਨੂੰ ਮਾਰ ਕੇ ਮੁਸਲਮਾਨਾਂ ਦੇ ਸਿਰ ਲਾ ਕੇ ਫ਼ਿਰ ਬਹਾਨੇ ਨਾਲ ਮੁਸਲਮਾਨਾਂ ਨੂੰ ਵੀ ਮਾਰਿਆ ਸੀ । ਮੌਕੇ ਦੇ ਅਮਰੀਕੀ ਪ੍ਰਧਾਨ, ਬਿੱਲ ਕਲਿੰਟਨ ਨੇ ਵੀ ਉਸ ਵੇਲੇ ਦੀ ਭਾਜਪਾ ਸਰਕਾਰ ਨੂੰ ਇਸ ਲਈ ਪੂਰੀ ਤਰਾਂ ਜ਼ਿੰਮਦਾਰ ਠਹਿਰਾਇਆ ਸੀ । ਪਰ ਅੱਜ ਦੇ ਸਮੇ ਦੀ ਲੋੜ ਇਹ ਹੈ ਕਿ ਭਾਈਵਾਲ ਸਿੱਖ ਅਤੇ ਕਸ਼ਮੀਰੀ ਕੌਮਾਂ ਵਧੇਰੇ ਨੇੜਤਾ ਨਾਲ ਅਜ਼ਾਦੀ ਦਾ ਸੰਘਰਸ਼ ਲੜਕੇ ਜਲਦ ਆਪਣੇ ਲੋਕ-ਤਾਂਤਰੀ ਰਾਜਾਂ ਨੂੰ ਕਾਇਮ ਕਰਨ ।