Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ – ਦਸੂਹਾ

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ – ਦਸੂਹਾ

– ਹਰਭਜਨ ਸਿੰਘ

ਦਸੂਹਾ ਸ਼ਹਿਰ, ਜੋ ਕਦੇ ਰਾਜਿਆਂ ਦੀ ਰਾਜਧਾਨੀ ਹੋਇਆ ਕਰਦਾ ਸੀ ਤੇ ਜਿਸ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ, ਬਾਰੇ ਲੋਕ ਬਹੁਤ ਘੱਟ ਜਾਣਦੇ ਹਨ। ਇਸ ਸ਼ਹਿਰ ’ਤੇ ਕਦੇ ਰਾਜੇ ਵਿਰਾਟ ਦਾ ਰਾਜ ਸੀ, ਜਿਸ ਕੋਲ ਪਾਂਡਵਾਂ ਨੇ ਆਪਣੇ ਬਨਵਾਸ ਦਾ ਆਖ਼ਰੀ ਵਰ੍ਹਾ ਅਗਿਆਤਵਾਸ ਰਹਿ ਕੇ ਗੁਜ਼ਾਰਿਆ ਸੀ। ਜਦੋਂ ਇਸ ਸ਼ਹਿਰ ਨੂੰ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਹੋਈ ਤਾਂ ਉਸ ਸਮੇਂ ਇੱਥੇ ਰਾਜਾ ਸੁਧਰ ਸੈਣ ਦਾ ਰਾਜ ਸੀ, ਜੋ ਕਲਸੀ ਗੋਤ ਨਾਲ ਸਬੰਧਿਤ ਸੀ, ਜਿਸ ਦਾ ਰਾਜ ਇੱਥੇ ਸੱਤ ਪੁਸ਼ਤਾਂ ਤੋਂ ਚੱਲਦਾ ਆ ਰਿਹਾ ਸੀ।

ਇੱਥੇ ਇਕ ਪੱਕਾ ਕਿਲ੍ਹਾ ਤੇ ਛੋਟੀਆਂ ਇੱਟਾਂ ਨਾਲ ਬਣਿਆ ਹੋਇਆ ਤਲਾਬ ਅੱਜ ਵੀ ਹੈ। ਇਨ੍ਹਾਂ ਸਮਾਰਕਾਂ ਦਾ ਸਬੰਧ ਲੋਕ ਪਾਂਡਵਾਂ ਨਾਲ ਜੋੜਦੇ ਹਨ ਪਰ ਇਨ੍ਹਾਂ ਵਿੱਚ ਵਰਤੀਆਂ ਗਈਆਂ ਨਾਨਕਸ਼ਾਹੀ ਇੱਟਾਂ ਦੀ ਉਮਰ ਰਸਾਇਣਕ ਵਿਸ਼ਲੇਸ਼ਣ ਮੁਤਾਬਿਕ 600 ਤੋਂ 700 ਸਾਲ ਦੀ ਹੈ। ਮੁਗ਼ਲਾਂ ਸਮੇਂ ਇਸ ਕਿਲ੍ਹੇ ਨੂੰ ਸ਼ਿਵਾਲਿਕ ਦੀ ਕੂੰਜੀ ਕਿਹਾ ਜਾਂਦਾ ਸੀ, ਜੋ ਲਾਹੌਰ ਸੂਬੇ ਨਾਲ ਜੁੜਿਆ ਹੋਇਆ ਸੀ। ਇਸ ਦਾ ਜ਼ਿਕਰ ‘ਆਈਨ-ਏ-ਅਕਬਰੀ’ ਵਿੱਚ ਵੀ ਆਉਂਦਾ ਹੈ। ਰਾਜਾ ਸੁਧਰ ਸੈਣ ਨੇ ਗੁਰੂ ਨਾਨਕ ਜੀ ਦੇ ਕਹੇ ਰਾਜ-ਭਾਗ ਤਿਆਗ ਦਿੱਤਾ ਸੀ। ਉਸ ਦੇ ਦਸੂਹਾ ਛੱਡਣ ਤੋਂ ਬਾਅਦ ਉਸ ਦੇ ਪਰਿਵਾਰ ਦਾ ਰਾਜ ਹੀ ਇੱਥੇ ਚੱਲਦਾ ਰਿਹਾ ਸੀ। ਕਦੇ ਕਲਸੀਆਂ ਤੇ ਕਦੇ ਰਾਮਗੜ੍ਹੀਆਂ ਦਾ। ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਤੋਂ ਬਾਅਦ, ਇਹ ਸ਼ਹਿਰ ਉਸ ਦੇ ਬੇਟੇ ਜੋਧ ਸਿੰਘ ਰਾਮਗੜ੍ਹੀਆ ਕੋਲ ਆ ਗਿਆ, ਜਿਸ ਦੀ ਮਹਾਰਾਜਾ ਰਣਜੀਤ ਸਿੰਘ ਬਹੁਤ ਇੱਜ਼ਤ ਕਰਦੇ ਸਨ। 1815 ਵਿੱਚ ਸਰਦਾਰ ਜੋਧ ਸਿੰਘ ਦੀ ਮੌਤ ਪਿੱਛੋਂ ਦਸੂਹੇ ਦਾ ਪਰਗਨਾ ਸਰਦਾਰ ਜੋਧ ਸਿੰਘ ਕਲਸੀਆਂ (ਜੋ ਮਹਾਰਾਜਾ ਰਣਜੀਤ ਸਿੰਘ ਵੱਲੋਂ ਮੁਲਤਾਨ ਨੂੰ ਸਿੱਖ ਰਾਜ ਵਿੱਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ 1818 ਨੂੰ ਉੱਥੋਂ ਦਾ ਪਹਿਲਾ ਗਵਰਨਰ ਥਾਪਿਆ ਗਿਆ ਸੀ) ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਸੀ। ਪਰ 1817 ਵਿੱਚ ਮਹਾਰਾਜਾ ਨੇ ਦਸੂਹੇ ਦਾ ਪਰਗਨਾ ਸਿੱਧਾ ਆਪਣੇ ਅਧਿਕਾਰ ਹੇਠ ਲੈ ਲਿਆ, ਜੋ 1826 ਤਕ ਉਸ ਦੇ ਰਾਜ ਪ੍ਰਬੰਧ ਹੇਠ ਹੀ ਰਿਹਾ।

ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਗਰਨਾ ਸਾਹਿਬ ਜੋ ਦਸੂਹਾ ਤੋਂ ਕੁਝ ਵਿੱਥ ਉੱਤੇ ਸਥਿਤ ਹੈ | ਤਸਵੀਰ: ਸਿੱਖ ਸਿਆਸਤ
ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਜੀ ਦੀ ਚਰਨ-ਛੋਹ ਪ੍ਰਾਪਤ ਗੁਰਦੁਆਰਾ ਗਰਨਾ ਸਾਹਿਬ ਜੋ ਦਸੂਹਾ ਤੋਂ ਕੁਝ ਵਿੱਥ ਉੱਤੇ ਸਥਿਤ ਹੈ | ਤਸਵੀਰ: ਸਿੱਖ ਸਿਆਸਤ

ਦਸੂਹੇ ਦੇ ਕੋਲ ਮੁਕੇਰੀਆਂ ਦਾ ਪਰਗਨਾ ਕਨ੍ਹੱਈਆ ਮਿਸਲ ਦੀ ਮਾਲਿਕ ਸਰਦਾਰਨੀ ਸਦਾ ਕੌਰ (ਸੱਸ ਮਹਾਰਾਜਾ ਰਣਜੀਤ ਸਿੰਘ) ਦਾ ਸੀ, ਜੋ ਬਾਅਦ ਵਿੱਚ ਮਹਾਰਾਜੇ ਨੇ ਆਪਣੇ ਪੁੱਤਰ ਰਾਜਾ ਸ਼ੇਰ ਸਿੰਘ ਦੀ ਜਾਗੀਰ ਵਿੱਚ ਬਦਲ ਦਿੱਤਾ ਸੀ। ਸਰਦਾਰਨੀ ਸਦਾ ਕੌਰ ਵੱਲੋਂ ਸ਼ੇਰ ਸਿੰਘ ਦੇ ਭਾਈ ਸ਼ਹਿਜ਼ਾਦਾ ਤਾਰਾ ਸਿੰਘ ਲਈ ਵੀ ਮਹਾਰਾਜਾ ਕੋਲ ਜਾਗੀਰ ਲਈ ਮੰਗ ਰੱਖੀ ਜਾ ਰਹੀ ਸੀ, ਜਿਸ ’ਤੇ ਮਹਾਰਾਜਾ ਰਣਜੀਤ ਸਿੰਘ ਨੇ ਦਸੂਹੇ ਦਾ ਇਹ ਤਲੁੱਅਕਾ (ਸ਼ਹਿਰ ਤੇ ਆਲੇ-ਦੁਆਲੇ ਦੇ 26 ਪਿੰਡਾਂ ਸਮੇਤ) ਜਾਗੀਰ ਵਜੋਂ 1826 ਵਿੱਚ ਸ਼ਹਿਜ਼ਾਦਾ ਤਾਰਾ ਸਿੰਘ ਦੇ ਹਵਾਲੇ ਕਰ ਦਿੱਤਾ ਸੀ, ਜੋ ਲਾਹੌਰ ਦਰਬਾਰ ਦੀ ਇੱਕ ਰਿਪੋਰਟ ਮੁਤਾਬਿਕ 1844 ਤਕ ਉਸੇ ਦੇ ਕੰਟਰੋਲ ਹੇਠ ਰਿਹਾ। ਪਹਿਲੇ ਅੰਗਰੇਜ਼ਾਂ ਤੇ ਸਿੱਖਾਂ ਦੇ ਯੁੱਧ ਤੋਂ ਬਾਅਦ ਜਦੋਂ ਲੜਾਈ ਦੇ ਹਰਜਾਨੇ ਵਜੋਂ ਜਲੰਧਰ ਦੁਆਬ ਅੰਗਰੇਜ਼ਾਂ ਨੂੰ ਸੌਂਪਿਆ ਗਿਆ ਤਾਂ ਉਨ੍ਹਾਂ ਦਸੂਹੇ ਦੇ ਕਿਲ੍ਹੇ ਨੂੰ ਤੋਪਾਂ ਨਾਲ ਢਹਿ-ਢੇਰੀ ਕਰ ਦਿੱਤਾ, ਜਿਸ ਦਾ ਇੱਕੋ ਇੱਕ ਬਚਿਆ ਬੁਰਜ ਹੁਣ ਵੀ ਇਸ ਬਰਬਾਦੀ ਦੀ ਗਵਾਹੀ ਭਰਦਾ ਹੈ।
ਇਨ੍ਹਾਂ ਤੱਥਾਂ ਦੀ ਪੁਸ਼ਟੀ ਇਤਿਹਾਸ ਦੇ ਪੰਨਿਆਂ ਤੋਂ ਵੀ ਮਿਲਦੀ ਹੈ। ਡਾ. ਕੁਲਤਾਰ ਦੇਵ ਕਲਸੀ ਮੌਜੂਦਾ ਗੱਦੀਨਸ਼ੀਨ ਡੇਰਾ ਮੇਘੋਵਾਲ, ਨਜ਼ਦੀਕ ਹੁਸ਼ਿਆਰਪੁਰ ਅਨੁਸਾਰ, 370 ਸਾਲ ਪੁਰਾਣੇ ਇੱਕ ਹੱਥ ਲਿਖਤ ਖਰੜੇ ਮੁਤਾਬਿਕ, ਜੋ ਪ੍ਰਕਾਸ਼ ਦੇਵ ਪੋਤਰਾ ਬਾਬਾ ਰੂਪ ਦੇਵ (ਪਹਿਲਾ ਨਾਂ ਰਾਜਾ ਸੁਧਰ ਸੈਣ) ਦਾ ਲਿਖਿਆ ਹੋਇਆ ਹੈ ਅਨੁਸਾਰ, ਗੁਰੂ ਨਾਨਕ ਸਾਹਿਬ ਦਸੂਹੇ ਆਏ ਤੇ ਰਾਜਾ ਸੁਧਰ ਸੈਣ ਨੂੰ ਮਿਲੇ, ਜਿਨ੍ਹਾਂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਰਾਜ-ਭਾਗ ਤਿਆਗ ਦਿੱਤਾ ਤੇ ਉਦਾਸੀ ਵੇਸ ਧਾਰਨ ਕਰ ਲਿਆ। ਇਸ ਤੱਥ ਦੀ ਪੁਸ਼ਟੀ ਭਾਈ ਬਾਬੇ ਵਾਲੀ ਜਨਮ ਸਾਖੀ ਤੋਂ ਵੀ ਹੁੰਦੀ ਹੈ, ਜਿਸ ਮੁਤਾਬਿਕ ਬਾਬਾ ਰੂਪ ਦੇਵ ਦਾ ਪਹਿਲਾ ਨਾਂ ਰਾਜਾ ਸੁਧਰ ਸੈਣ ਸੀ। ਗੁਰੂ ਨਾਨਕ ਜੀ ਦੇ ਦਸੂਹੇ ਆਉਣ ਦੀ ਪੁਸ਼ਟੀ ਗੁਰਮਤਿ ਪ੍ਰਕਾਸ਼ (ਜੁਲਾਈ ਅੰਕ 2008), ਤਵਾਰੀਖ਼ ਗੁਰੂ ਖ਼ਾਲਸਾ ਭਾਗ ਪਹਿਲਾ (ਰਚਿਤ ਗਿਆਨੀ ਗਿਆਨ ਸਿੰਘ), ਹਿਸਟਰੀ ਆਫ਼ ਦਿ ਸਿੱਖ, ਲਿਖਤ ਖ਼ਜ਼ਾਨ ਸਿੰਘ ਤੇ ਗੁਰੂ ਨਾਨਕ ਪ੍ਰਕਾਸ਼ (ਰਚਿਤ ਭਾਈ ਸੰਤੋਖ ਸਿੰਘ) ਆਦਿ ਪੁਸਤਕਾਂ ਤੋਂ ਵੀ ਹੁੰਦੀ ਹੈ।

ਭਾਈ ਸੰਤੋਖ ਸਿੰਘ ਰਚਿਤ ਗੁਰੂ ਨਾਨਕ ਪ੍ਰਕਾਸ਼ ਅਨੁਸਾਰ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ 1514 ਨੂੰ ਕਰਤਾਰਪੁਰ ਤੋਂ ਦਰਿਆ ਬਿਆਸ ਪਾਰ ਕਰ ਕੇ ਦਸੂਹੇ ਹੁੰਦੇ ਹੋਏ ਮੁਕੇਰੀਆਂ-ਹਾਜੀਪੁਰ ਤੋਂ ਉੱਪਰ ਪਹਾੜਾਂ ਨੂੰ ਚੜ੍ਹ ਗਏ ਤੇ ਕੋਟਲਾ ਤ੍ਰਿਲੋਕ ਨਾਥ, ਪਾਲਮਪੁਰ-ਕਾਂਗੜਾ ਰਾਹੀਂ ਜਵਾਲਾਮੁਖੀ ਪੁੱਜੇ ਸਨ। ਆਪਣੀ ਦਸੂਹਾ ਫੇਰੀ ਸਮੇਂ ਗੁਰੂ ਜੀ ਨੇ ਤਲਾਬ ਦੇ ਕੰਢੇ ਡੇਰਾ ਲਾ ਲਿਆ। ਰਾਜਾ ਸੁਧਰ ਸੈਣ ਆਪਣੇ ਭਤੀਜੇ ਇੰਦਰ ਸੈਣ ਨਾਲ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਆਏ ਤਾਂ ਗੁਰੂ ਸਾਹਿਬ ਨੇ ਰਾਜਾ ਸੁਧਰ ਸੈਣ ਨੂੰ ਰਾਜਭਾਗ ਤਿਆਗ ਕੇ ਜੀਵਨ ਪ੍ਰਭੂ ਭਗਤੀ ਵਿੱਚ ਬਿਤਾਉਣ ਦਾ ਹੁਕਮ ਦਿੱਤਾ। ਰਾਜਾ ਸੁਧਰ ਸੈਣ ਨੇ ਸਤਿ ਬਚਨ ਕਹਿ ਕੇ ਰਾਜਭਾਗ ਤਿਆਗ ਦਿੱਤਾ ਤੇ ਦਸੂਹਾ ਛੱਡ ਦਿੱਤਾ। ਗੁਰੂ ਜੀ ਦਾ ਹੁਕਮ ਮੰਨ ਕੇ ਸੁਧਰ ਸੈਣ ਸ਼ਾਮ ਸਮੇਂ ਪਰਿਵਾਰ ਸਮੇਤ ਕਿਲ੍ਹੇ ’ਚੋਂ ਨਿਕਲ ਪਏ ਤੇ ਸਾਰੀ ਰਾਤ ਚੱਲਦੇ ਹੋਏ। ਦਿਨ ਚੜ੍ਹੇ ਹੁਸ਼ਿਆਰਪੁਰ ਨਜ਼ਦੀਕ ਆਜਮਗੜ੍ਹ ਕੋਲ ਰੁਕੇ, ਜੋ ਹੁਣ ਦਰਬਾਰ ਮੇਘੋਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਇਲਾਕੇ ਵਿੱਚ ਰਾਜਾ ਸੁਧਰ ਸੈਣ ਨੇ ਤਪੱਸਿਆ ਕੀਤੀ। ਸਮਾਂ ਬੀਤਣ ਨਾਲ ਜਦੋਂ ਗੁਰੂ ਨਾਨਕ ਦੇਵ ਜੀ ਦੀਆਂ ਚਾਰੇ ਉਦਾਸੀਆਂ ਸੰਪੂਰਨ ਹੋ ਗਈਆਂ ਤਾਂ ਉਹ ਕਰਤਾਰਪੁਰ ਵੱਸ ਗਏ। ਇੱਕ ਦਿਨ ਉਨ੍ਹਾਂ ਦੀ ਸੁਧਰ ਸੈਣ ਨੂੰ ਮਿਲਣ ਦੀ ਇੱਛਾ ਜਾਗੀ ਤਾਂ ਉਹ ਬਾਬਾ ਬੁੱਢਾ ਨੂੰ ਨਾਲ ਲੈ ਕੇ ਚੱਲ ਪਏ। ਮੇਘੋਵਾਲ ਪੁੱਜ ਕੇ ਗੁਰੂ ਜੀ ਨੇ ਸੁਧਰ ਸੈਣ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਆਸ਼ੀਰਵਾਦ ਦਿੱਤਾ। ਗੁਰੂ ਜੀ ਨੇ ਕਿਹਾ, ‘‘ਤੂੰ ਧੰਨ ਹੈਂ, ਜਿਸ ਨੇ ਸਾਡੇ ਵਚਨਾਂ ’ਤੇ ਰਾਜਭਾਗ ਤਿਆਗ ਦਿੱਤਾ, ਜਾ ਤੂੰ ਅੱਜ ਤੋਂ ਸਾਡਾ ਹੀ ਰੂਪ ਹੋਇਆ।’’ ਇਸ ਤਰ੍ਹਾਂ ਉਸ ਦਿਨ ਤੋਂ ਸੁਧਰ ਸੈਣ ਦਾ ਨਾਂ ਰੂਪ ਦੇਵ ਹੋ ਗਿਆ।
ਸਮੇਂ ਨਾਲ ਸ਼ੇਰ ਸਿੰਘ ਪੰਜਾਬ ਦਾ ਮਹਾਰਾਜਾ ਬਣ ਗਿਆ ਤੇ ਸ਼ਹਿਜ਼ਾਦਾ ਤਾਰਾ ਸਿੰਘ ਦਾ ਜ਼ਿਕਰ ਇਤਿਹਾਸ ਦੇ ਸਫ਼ਿਆਂ ’ਚ ਗੁੰਮ ਹੁੰਦਾ ਗਿਆ। ਉਹ ਆਪਣੇ ਆਪ ਵਿੱਚ ਮਸਤ ਰਹਿਣ ਦਾ ਆਦੀ ਸੀ ਤੇ ਰਾਜਨੀਤੀ ਤੇ ਖ਼ਾਨਾਜੰਗੀ ਤੋਂ ਦੂਰ ਰਿਹਾ। ਦਸੂਹੇ ਵਿੱਚ ਹੀ 1854 ਨੂੰ ਉਸ ਦੀ ਮੌਤ ਹੋ ਗਈ। ਉਸ ਦਾ ਸਸਕਾਰ ਤਲਾਬ ਕੰਢੇ ਕੀਤਾ ਗਿਆ ਤੇ ਇੱਕ ਛੋਟੀ ਜਿਹੀ ਸਮਾਧ ਤੇ ਉਸ ਉੱਪਰ ਗੁੰਬਦ ਵੀ ਉਸਾਰਿਆ ਗਿਆ, ਜੋ ਦੇਸ਼ ਦੀ ਆਜ਼ਾਦੀ ਤਕ ਕਾਇਮ ਸੀ। ਹੁਣ ਉਸ ਦਾ ਕੋਈ ਨਿਸ਼ਾਨ ਬਾਕੀ ਨਹੀਂ ਰਿਹਾ।

ਦਸੂਹੇ ਦਾ ਕਿਲ੍ਹਾ ਉੱਚੀ ਪਹਾੜੀ ਧਰਾਤਲ ਨੂੰ ਪੱਧਰਾ ਕਰ ਕੇ ਉਸਾਰਿਆ ਗਿਆ ਸੀ, ਜਿਸ ਦੇ ਬਿਲਕੁਲ ਬਾਹਰ ਉੱਤਰ-ਪੱਛਮ ਵਾਲੇ ਪਾਸੇ ਪਾਣੀ ਦੀ ਇੱਕ ਡੂੰਘੀ ਖੱਡ ਸੀ, ਜੋ ਕਿਸੇ ਸਮੇਂ ਨਦੀ ਦਾ ਵਹਿਣ ਰਿਹਾ ਹੋਵੇਗਾ। ਦੂਜੇ ਚੜ੍ਹਦੇ ਪਾਸੇ ਪੂਰਬ ਵੱਲ ਖੁੱਲ੍ਹਾ ਮੈਦਾਨ ਸੀ, ਜਿੱਥੇ ਫ਼ੌਜਾਂ ਅਭਿਆਨ ਕਰਦੀਆਂ ਸਨ। ਇਸ ਜਗ੍ਹਾ ਅੱਜ-ਕੱਲ੍ਹ ਲੜਕੀਆਂ ਦਾ ਸਰਕਾਰੀ ਸਕੂਲ ਤੇ ਦਸੂਹੇ ਦਾ ਪੁਰਾਣਾ ਸਿਵਲ ਹਸਪਤਾਲ ਹੈ। ਸਦੀਆਂ ਪਹਿਲਾਂ ਇਹ ਇਲਾਕਾ ਸ਼ਿਵਾਲਿਕ ਦੀਆਂ ਪਹਾੜੀਆਂ ਵਾਲਾ ਹੋਵੇਗਾ, ਜੋ ਹੁਣ ਸਮੇਂ ਨਾਲ ਦਸੂਹੇ ਤੋਂ ਕਈ ਮੀਲਾਂ ਤਕ ਲੋਪ ਹੋ ਚੁੱਕੀਆਂ ਹਨ। ਦਰਬਾਰ ਮੇਘੋਵਾਲ ਵਿੱਚ ਮੌਜੂਦ ਹੱਥ ਲਿਖਤ ਖਰੜਾ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਦਸੂਹੇ ਤੋਂ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਸ਼ੁਰੂ ਹੁੰਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹ ਕਿਲ੍ਹਾ ਪੂਰੇ ਜੋਬਨ ’ਤੇ ਸੀ, ਜਿੱਥੋਂ ਪਹਾੜੀ ਇਲਾਕਿਆਂ ਲਈ ਫ਼ੌਜੀ ਮੁਹਿੰਮਾਂ ਕੂਚ ਕਰਦੀਆਂ ਸਨ। ਦਸੂਹੇ ਬਾਰੇ ਜਾਣਕਾਰੀ ਤੇ ਕਿਲ੍ਹੇ ਦੀ ਬਰਬਾਦੀ ਦਾ ਜ਼ਿਕਰ ਅੰਗਰੇਜ਼ਾਂ ਦੇ ਸਰਕਾਰੀ ਦਸਤਾਵੇਜ਼ ‘ਗਜ਼ਟੀਆਰ ਆਫ਼ ਹੁਸ਼ਿਆਰਪੁਰ’ ਸੰਨ 1904 ਵਿੱਚ ਵੀ ਮਿਲਦਾ ਹੈ। 1846 ਵਿੱਚ ਜਦੋਂ ਅੰਗਰੇਜ਼ਾਂ ਦਾ ਜਲੰਧਰ ਦੁਆਬ ਉੱਪਰ ਕਬਜ਼ਾ ਹੋਇਆ ਤਾਂ ਦਸੂਹਾ, ਮੁਕੇਰੀਆਂ ਦੀ ਥਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੇਠ ਤਹਿਸੀਲ ਮੁਕਾਮ ਬਣ ਗਿਆ।

ਅੰਗਰੇਜ਼ਾਂ ਦੀ ਫ਼ੌਜ ਵਿੱਚ ਦਸੂਹੇ ਦੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਰੇ ਸਿੱਖ ਭਰਤੀ ਹੁੰਦੇ ਰਹੇ ਅਤੇ ਪਹਿਲੇ ਤੇ ਦੂਜੇ ਸੰਸਾਰ ਯੁੱਧਾਂ ਸਮੇਂ ਸ਼ਹੀਦੀਆਂ ਪਾਉਂਦੇ ਰਹੇ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਉੱਪਰ ਸਾਰਾ ਯੂਰਪ ਉਨ੍ਹਾਂ ਦਾ ਰਿਣੀ ਰਹੇਗਾ। ਯੂਰਪ ਦੇ ਦੇਸ਼ਾਂ ਵਿੱਚ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਉੱਸਰੇ ਸਮਾਰਕਾਂ ਤੇ ਕਬਰਗਾਹਾਂ ਵਿੱਚ ਦਸੂਹੇ ਦੇ ਆਸ-ਪਾਸ ਦੇ ਪਿੰਡਾਂ ਦੇ ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਨਾਂ ਅੱਜ ਵੀ ਉੱਕਰੇ ਹੋਏ ਮਿਲਦੇ ਹਨ।

ਅੱਜ ਲੋੜ ਇਸ ਸ਼ਹਿਰ ਦੇ ਪੁਰਾਤਨ ਵਿਰਸੇ ਨੂੰ ਸਾਂਭਣ ਦੀ ਹੈ, ਤਾਂ ਕਿ ਕੀਮਤੀ ਧਾਰਮਿਕ ਤੇ ਇਤਿਹਾਸਕ ਵਿਰਸਾ ਸਮੋਈ ਬੈਠਾ ਇਹ ਸ਼ਹਿਰ ਭੁੱਲਿਆ ਵਿਸਰਿਆ ਨਾ ਰਹੇ।

ਸੰਪਰਕ: 98728-10820


ਉਕਤ ਲੇਖ ਪਹਿਲਾਂ ਪੰਜਾਬੀ ਟ੍ਰਿਿਬਊਨ (20 ਅਪ੍ਰੈਲ, 2016 ਅੰਕ; ਪੰਨਾ 7) ਵਿਚ ਛਪਿਆ ਸੀ। ਇਸ ਨੂੰ ਇਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਮੁੜ ਛਾਪਿਆ ਗਿਆ ਹੈ। ਅਸੀਂ ਲੇਖਕ ਅਤੇ ਮੂਲ ਪ੍ਰਕਾਸ਼ਕ ਦੇ ਧੰਨਵਾਦੀ ਹਾਂ – ਸੰਪਾਦਕ।

***

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: