ਨਵੀਂ ਦਿੱਲੀ (4 ਸਤੰਬਰ, 2015) : ਇਤਿਹਾਸਕ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਦਾ ਕਬਜਾ ਅੱਜ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਲੀ ਹਾਈ ਕੋਰਟ ਦੇ ਆਦੇਸ਼ਾਂ ਤੇ ਪ੍ਰਾਪਤ ਹੋ ਗਿਆ ਹੈ।
ਜੇਕਰ ਇਸਦੇ ਪਿੱਛੋਕੜ ਦੀ ਗਲ ਕਰਿਏ ਤਾਂ 1989 ’ਚ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਹਸਪਤਾਲ ਬਣਾਉਣ ਲਈ ਗੁਰਦੁਆਰਾ ਬਾਲਾ ਸਾਹਿਬ ਦੇ ਨਾਲ ਦੀ 13 ਏਕੜ ਜਮੀਨ ਲਈ ਗਈ ਸੀ।ਜਿਸ ਦੀ ਕੀਮਤ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਦੀ ਪ੍ਰਧਾਨਗੀ ਦੌਰਾਨ ਡੀਡੀਏ ਨੂੰ 31 ਲੱਖ 92 ਹਜਾਰ ਰੁਪਏ ਦਿੱਤੀ ਗਈ ਸੀ ਅਤੇ 2001 ਵਿਖੇ 400 ਬੈਡ ਦੇ ਹਸਪਤਾਲ ਅਤੇ ਮੈਡੀਕਲ ਕਾੱਲਜ ਦੀ ਉਸਾਰੀ ਦਾ ਨੀਂਹ ਪੱਥਰ ਰਖਣ ਉਪਰੰਤ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਾਨਦਾਰ ਬਿਲਡਿੰਗ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ।

ਪਰ ਹਿਤ ਦੇ ਪ੍ਰਧਾਨਗੀ ਤੋਂ ਹਟਣ ਉਪਰੰਤ ਸੇਵਾ ਵਿੱਚ ਆਏ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਵੱਲੋਂ ਉਕਤ ਹਸਪਤਾਲ ਨੂੰ ਚਲਾਉਣ ਤੋਂ ਨਾ ਕਰਦੇ ਹੋਏ ਮਨੀਪਾਲ ਹੈਲਥ ਕੇਅਰ ਨੂੰ ਹਸਪਤਾਲ ਚਲਾਉਣ ਦੇ ਅਧਿਕਾਰ ਦੇ ਦਿੱਤੇ ਸਨ। ਕਾਫੀ ਵਾਦ ਵਿਵਾਦ ਤੋਂ ਬਾਅਦ ਮਨੀਪਾਲ ਤੋਂ ਕਰਾਰ ਰੱਦ ਕਰਕੇ ਸਰਨਾ ਨੇ ਨਵਾਂ ਕਰਾਰ ਬੀ.ਐਲ. ਕਪੂਰ ਦੀ ਰੇਡੀਐਂਟ ਹੈਲਥ ਕੇਅਰ ਦੇ ਨਾਲ ਕਰ ਦਿੱਤਾ ਸੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਦੇ ਆਦੇਸ਼ ਬਾਅਦ ਰਸ਼ਮੀ ਤੌਰ ਤੇ ਬਾਲਾ ਸਾਹਿਬ ਹਸਪਤਾਲ ਵਿਖੇ ਪੁੱਜ ਕੇ ਕਬਜਾ ਲੈਣ ਉਪਰੰਤ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋਂ ਉਕਤ ਅਸਥਾਨ ਤੇ ਕਮੇਟੀ ਵੱਲੋਂ ਛੇਤੀ ਹੀ ਕੀਰਤਨ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ।ਖੁਸ਼ੀ ਵਿਚ ਭਿੱਜੇ ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਨ ਦੌਰਾਨ ਅਦਾਲਤ ਦੇ ਇਸ ਫੈਸਲੇ ਨੂੰ ਪੰਥ ਦੀ ਜਿੱਤ ਦੱਸਿਆ।
ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਗੁਰਵਿੰਦਰ ਪਾਲ ਸਿੰਘ ਅਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।