ਵਾਸ਼ਿੰਗਟਨ (3 ਅਕਤੂਬਰ, 2014): ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਸਮੇਂ ਸੰਘਰਸ਼ਸ਼ੀਲ ਸਿੱਖਾਂ ਦੀ ਆੜ ਵਿੱਚ ਅਮਰੀਕਾ ਵਿੱਚ ਰਾਜਸੀ ਸ਼ਰਨ ਲੈਣ ਵਾਲੇ ਸਿੱਖ ਮੋਦੀ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਲਈ ਕੋਈ ਹਾਮੀ ਨਾ ਭਰਨ ਕਰਕੇ ਡਾਹਡੇ ਨਿਰਾਸ਼ ਹਨ।
ਪੰਜਾਬ ’ਚ ਸਰਕਾਰੀ ਦਹਿਸ਼ਤਗਰਦੀ ਦੇ ਦੌਰ ਵੇਲੇ ਤਿੰਨ ਦਹਾਕੇ ਪਹਿਲਾਂ ਪੰਜਾਬ ਅਤੇ ਭਾਰਤ ਛੱਡ ਕੇ ਪਰਾਏ ਮੁਲਕਾਂ ’ਚ ਪਨਾਹ ਲੈਣ ਵਾਲੇ ਸਿੱਖਾਂ ਲਈ ਪੰਜਾਬ ਅਤੇ ਭਾਰਤ ਵਾਪਸੀ ਲਈ ਭਾਰਤ ਬਾਰਤ ਸਰਕਾਰ ਦੀ ਕਥਿਤ ਕਾਲੀ ਸੂਚੀ ਅੜਿੱਕਾ ਬਣੀ ਹੋਈ ਹੈ। ਭਾਰਤ ਦੀ ਕਾਲੀ ਸੂਚੀ ਵਿੱਚ ਸ਼ਾਮਲ ਸਿੱਖਾਂ ਬਾਰੇ ਮੋਦੀ ਸਰਕਾਰ ਦੇ ਰਵੱਈਏ ਦੀ ਝਲਕ ਉਦੋਂ ਮਿਲੀ. ਜਦ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਸਮੇਂ ਭਾਰਤੀ ਮੂਲ ਦੇ ਲੋਕਾਂ ਨੂੰ ਉਮਰ ਭਰ ਲਈ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਪਰ ਕਾਲੀ ਸੂਚੀ ਵਾਲੇ ਸਿੱਖਾਂ ਨੂੰ ਰਾਹਤ ਦੇਣ ਦਾ ਕੋਈ ਭਰੋਸਾ ਨਹੀਂ ਦਿੱਤਾ।

ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੇ ਸਹਿ-ਸੰਸਥਾਪਕ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਾਲੀ ਸੂਚੀ ਵਾਲੇ ਸਿੱਖਾਂ ਨੂੰ ਰਾਹਤ ਦੇਣ ਬਾਰੇ ਕੋਈ ਸੰਕੇਤ ਨਾ ਦੇਣ ਤੋਂ ਉਹ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਭਾਰਤ ਜਾਣ ਵਾਲੇ ਸਿੱਖਾਂ ਨੂੰ ਇਮੀਗਰੇਸ਼ਨ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਦੋਹਰੇ ਮਾਪਦੰਡਾਂ ਕਰਕੇ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੀ ਵਿਤਕਰੇਬਾਜ਼ੀ ਦਾ ਦੋਸ਼ ਲਾਉਂਦਿਆਂ ਸਾਊਥ ਏਸ਼ੀਅਨ ਡੈਮੋਕਰੇਟਿਕ ਗ੍ਰੌਸ ਆਫ ਮੈਰੀਲੈਂਡ ਦੇ ਚੇਅਰਮੈਨ ਜਸਦੀਪ ਸਿੰਘ ਨੇ ਕਿਹਾ ਕਿ 1980 ਦੇ ਦਹਾਕੇ ’ਚ ਸਰਕਾਰੀ ਹਿੰਸਾ ਤੋਂ ਬਚਣ ਲਈ ਸਿੱਖਾਂ ਨੇ ਅਮਰੀਕਾ ’ਚ ਸ਼ਰਣ ਲਈ ਸੀ।ਉਨ੍ਹਾਂ ਕਿਹਾ ਕਿ ਭਾਂਵੇ ਹੁਣ ਪੰਜਾਬ ਅਤੇ ਭਾਰਤ ਵਿੱਚ ਹਾਲਾਤ ਬਦਲ ਗਏ ਹਨ, ਪਰ ਬਾਹਰ ਰਹਿੰਦੇ ਸਿੱਖਾਂ ਲਈ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ ।
ਜਗਦੀਪ ਸਿੰਘ 1986 ’ਚ ਇੰਦੌਰ ਤੋਂ ਅਮਰੀਕਾ ਪੁੱਜੇ ਸਨ ਅਤੇ ਉਹ ਇਸ ਸਮੇਂ ਬਾਲਟੀਮੋਰ ’ਚ ਵਸੇ ਹੋਏ ਹਨ, ਉਹ ਨਿਊਯਾਰਕ ’ਚ ਮੋਦੀ ਨੂੰ ਮਿਲਕੇ ਕੇ ਕਾਲੀ ਸੂਚੀ ਬਾਰੇ ਗੱਲ ਕਰਨ ਵਾਲੇ ਸਿੱਖ ਡੈਲੀਗੇਟ ਵਿੱਚ ਸ਼ਾਮਲ ਸਨ ।

ਉਨ੍ਹਾਂ ਕਿਹਾ ਕਿ ਕੁਝ ਸਿੱਖ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿਣ ਲਈ ਮਜਬੂਰ ਹਨ ਕਿਉਕਿ ਭਾਰਤ ਸਰਕਾਰ ਉਨ੍ਹਾਂ ਦੇ ਪਾਸਪੋਰਟ ਨਵਿਆਉਣ ਤੋਂ ਇਨਕਾਰ ਕਰ ਰਹੀ ਹੈ।
ਵਾਸ਼ਿੰਗਟਨ ’ਚ ਭਾਰਤੀ ਸਫਾਰਤਖਾਨੇ ਦੇ ਤਰਜ਼ਮਾਨ ਤੋਂ ਜਦੋਂ ਸਿੱਖਾਂ ਦੇ ਮਸਲੇ ਬਾਰੇ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਨ੍ਹਾਂ ਕੋਈੇ ਜਵਾਬ ਨਹੀਂ ਦਿੱਤਾ।
ਬੀਤੇ ਮੰਗਲਵਾਰ ਨੂੰ ਜਦੋਂ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵ੍ਹਾਈਟ ਹਾਊਸ ’ਚ ਮੁਲਾਕਾਤ ਕਰ ਰਹੇ ਸਨ ਤਾਂ ਬਾਹਰ ਅਮਰੀਕਾ ’ਚ ਵਸੇ ਕੌਮੀ ਅਜ਼ਾਦੀ ਨੂੰ ਸਮਰਪਿਤ ਸਿੱਖਾਂ ਨੇ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਕੁਝ ਸਿੱਖਾਂ ਨੇ ਆਜ਼ਾਦੀ ਮੰਗ ਵਾਲੇ ਬੈਨਰ ਵੀ ਫੜੇ ਹੋਏ ਸਨ।