ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਨਰਲ ਜੇ.ਜੇ. ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਚੋਣ ਲੜਨ ਦੇ ਭਖ਼ੇ ਮੁੱਦੇ ‘ਤੇ ਆਖਿਆ ਹੈ ਕਿ ਅਸਲ ‘ਚ ਕੈਪਟਨ ਉਨ੍ਹਾਂ ਤੋਂ ਡਰ ਕੇ ਹੀ ਭੱਜ ਰਹੇ ਹਨ। ਇੱਥੇ ਆਪਣੇ ਚੋਣ ਜਲਸੇ ਨੂੰ ਸੰਬੋਧਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਸਿਆਸੀ ਡਰ ਦੇ ਸਿਵਾਏ ਹੋਰ ਕੋਈ ਕਾਰਨ ਨਹੀਂ ਕਿ ਕੈਪਟਨ ਲੰਬੀ ਹਲਕੇ ਵੱਲ ਝਾਤ ਪਾਉਣ ਲੱਗੇ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਉੁਹ ਜਿਹੜੇ ਵੀ ਲੋਕਾਂ ਕੋਲ ਵੋਟ ਦੀ ਫਰਿਆਦ ਲੈ ਕੇ ਗਏ ਹਨ, ਹਰੇਕ ਨੇ ਦਿਲੋਂ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਵੀ ਵੱਡੇ ਦਿਲ ਵਾਲੇ ਹਨ ਤੇ ਉਨ੍ਹਾਂ ਪਹਿਲਾਂ ਕੈਪਟਨ ਨੂੰ ਕਈ ਵਾਰ ਵੱਡੇ ਫ਼ਰਕ ਨਾਲ ਜਿਤਾਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੈਪਟਨ ਕਦੇ ਵੀ ਪਟਿਆਲਵੀਆਂ ਕੋਲ ਵੋਟਾਂ ਮੰਗਣ ਨਹੀਂ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤੇਜ਼-ਤਰਾਰ ਆਰੰਭੀ ਚੋਣ ਮੁਹਿੰਮ ਕਾਰਨ ਹੀ ਕੈਪਟਨ ਦੇ ਮਨ ‘ਚ ਸਿਆਸੀ ਡਰ ਬੈਠਣ ਲੱਗਿਆ ਹੈ। ਕੈਪਟਨ ਨੂੰ ਲੱਗ ਰਿਹਾ ਹੈ ਕਿ ਪਟਿਆਲੇ ਤੋਂ ਚੋਣ ਜਿੱਤਣੀ ਔਖੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਕੈਪਟਨ ਹੁਣ ਭਾਵੇਂ ਜਿੱਥੇ ਮਰਜ਼ੀ ਜਾਣ, ਪਟਿਆਲਾ ਸਮੇਤ ਹਰ ਥਾਂ ਤੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਹੀ ਕਰਨਾ ਪਵੇਗਾ। ਇਸ ਦੌਰਾਨ ਜੇ.ਜੇ. ਸਿੰਘ ਨੇ ਸ਼ਹਿਰ ‘ਚ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬੇ ‘ਚ ਅਮਨ ਤੇ ਵਿਕਾਸ ਦੇ ਨਾਂ ‘ਤੇ ਵੋਟਾਂ ਮੰਗੀਆਂ।
ਇਸ ਮੌਕੇ ਸਾਬਕਾ ਫੌਜੀਆਂ ਦੀਆਂ ਜਥੇਬੰਦੀਆਂ ਐਕਸ ਸੋਲਜ਼ਰ, ਸੈਲਰਜ਼ ਅਤੇ ਏਅਰਮੈਨ ਐਸੋਸੀਏਸ਼ਨ, ਇੰਡੀਅਨ ਐਕਸ ਸਰਵਿਸਿਜ਼ ਲੀਗ, ਪੰਜਾਬ ਅਤੇ ਚੰਡੀਗੜ੍ਹ ਅਤੇ ਰੀ-ਐਂਪਲਾਇਡ ਐਕਸ ਸਰਵਿਸਜ ਵੈਲਫੇਅਰ ਐਸੋਸੀਏਸ਼ਨ ਆਧਾਰਿਤ ਤਾਲਮੇਲ ਕਮੇਟੀ ਨੇ ਜੇ.ਜੇ.ਸਿੰਘ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਹੈ।