ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਦੀ ਸੋਮਵਾਰ (24 ਜੁਲਾਈ) ਸ਼ਾਮ ਤਕਰੀਬਨ ਸਾਢੇ ਸੱਤ ਵਜੇ ਉਨ੍ਹਾਂ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਪਟਿਆਲਾ ਵਿਖੇ ਮੌਤ ਹੋ ਗਈ। ਉਹ 95 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਬੁਢਾਪੇ ਕਾਰਨ ਉਹ ਸਿਹਤ ਪੱਖੋਂ ਵੀ ਕਮਜ਼ੋਰ ਸਨ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਲਿਜਾਣਾ ਪਿਆ ਸੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਤਾਂ ਚੰਡੀਗੜ੍ਹ ਹੀ ਸਨ ਪਰ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਮਹਿਲ ਵਿਚ ਹੀ ਸਨ। ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦਾ ਦੂਜਾ ਪੁੱਤਰ ਮਾਲਵਿੰਦਰ ਸਿੰਘ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਹੋਰ ਪਰਿਵਾਰਕ ਮੈਂਬਰ ਵੀ ਪੁੱਜੇ ਗਏ। ਚਲਾਣੇ ਦੀ ਖ਼ਬਰ ਮਿਲਣ ’ਤੇ ਅਫ਼ਸਰਾਂ ਤੋਂ ਇਲਾਵਾ ਸਥਾਨਕ ਕਾਂਗਰਸੀਆਂ ਆਗੂਆਂ ਸਮੇਤ ਕਈ ਗੈਰ ਕਾਂਗਰਸੀ ਵੀ ਉਨ੍ਹਾਂ ਦੀ ਰਿਹਾਇਸ਼ ’ਤੇ ਪੁੱਜੇ।

ਉਨ੍ਹਾਂ ਦਾ ਜਨਮ 14 ਸਤੰਬਰ, 1922 ਨੂੰ ਪਿਤਾ ਹਰਚੰਦ ਸਿੰਘ ਜੇਜੀ ਦੇ ਘਰ ਹੋਇਆ ਤੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਉਨ੍ਹਾਂ ਦਾ ਵਿਆਹ 1938 ਵਿੱਚ ਹੋਇਆ। ਉਹ 1964 ਤੋਂ 1967 ਤੱਕ ਰਾਜ ਸਭਾ ਮੈਂਬਰ ਰਹੇ ਤੇ ਫਿਰ 1967 ਵਿਚ ਹੀ ਚੌਥੀ ਲੋਕ ਸਭਾ ਲਈ ਪਟਿਆਲਾ ਤੋਂ ਮੈਂਬਰ ਚੁਣੇ ਗਏ। ਉਨ੍ਹਾਂ ਦੀ ਮੌਤ ’ਤੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਜਪਾਲ ਵੀ.ਪੀ. ਸਿੰਘ ਬਦਨੌਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਸਮੇਤ ਟੀ.ਐਸ. ਸ਼ੇਰਗਿੱਲ, ਭਰਤਇੰਦਰ ਸਿੰਘ ਚਹਿਲ, ਰਵੀਨ ਠੁਕਰਾਲ, ਅਸ਼ੋਕ ਸਿੰਘ ਬਾਗੜੀਆਂ, ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬਾਦਲ ਦਲ ਦੇ ਆਗੂ ਸੁਰਜੀਤ ਸਿੰਘ ਰੱਖੜਾ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ ਆਦਿ ਅਤੇ ਪੰਜਾਬ ਸਟੇਟ ਆਈਏਐਸ ਆਫੀਸਰਜ਼ ਐਸੋਸੀਏਸ਼ਨ ਤੇ ਪੰਜਾਬ ਸਿਵਲ ਸਰਵਿਸਿਜ਼ ਆਫੀਸਰਜ਼ ਐਸੋਸੀਏਸ਼ਨ ਨੇ ਦੁੱਖ ਪ੍ਰ੍ਰਗਟ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੰਗਲਵਾਰ ਨੂੰ ਪਟਿਆਲਾ ਸਥਿਤ ਸ਼ਾਹ ਸਮਾਧਾਂ ਵਿਖੇ ਕੀਤਾ ਜਾਵੇਗਾ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Punjab CM Amarinder Singh Bereaved as Mother Passes Away in Patiala …