ਚੰਡੀਗੜ੍ਹ: ਹਲਕਾ ਦਿੜ੍ਹਬਾ (ਰਾਖਵਾਂ) ਤੋਂ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਗੁਲਜ਼ਾਰ ਸਿੰਘ ਮੂਨਕ ਦੇ ਹੱਕ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਮਨ-ਸਾਂਤੀ ਅਤੇ ਭਾਈਚਾਰਕ ਸਾਂਝ “ਦੇਸ਼ ਦੀ ਤਰੱਕੀ” ਲਈ ਜ਼ਰੂਰੀ ਹੈ। ਇੱਕ ਪਾਸੇ ਵਿਕਾਸ ਪੱਖੀ ਅਕਾਲੀ ਦਲ-ਭਾਜਪਾ ਗੱਠਜੋੜ ਹੈ ਤੇ ਦੂਜੇ ਪਾਸੇ ਸੂਬੇ ਦਾ ‘ਵਿਨਾਸ਼’ ਕਰਨ ਵਾਲੀ ਕਾਂਗਰਸ ਹੈ। ਕਾਂਗਰਸ ਦੇ ਰਾਜ ਵਿੱਚ ਪੰਜਾਬ ਵਿੱਚ ਖ਼ੂਨੀ ਦੌਰ ਚੱਲਿਆ ਤੇ ਹਜ਼ਾਰਾਂ ਲੋਕ ਮਾਰੇ ਗਏ।
ਪੰਜਾਬ ਤੋਂ ਚੰਡੀਗੜ੍ਹ ਅਤੇ ਪਾਣੀ ਖੋਹਿਆ ਲਿਆ ਗਿਆ। ਇਸ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਵੀ ਕੀਤਾ ਗਿਆ। ਇਹ ਸਾਰਾ ਕੁਝ ਕਾਂਗਰਸ ਸਰਕਾਰ ਦੀ ਹੀ ‘ਦੇਣ’ ਸੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਪੰਜਾਬ ਦੇ ਹਿੱਤਾਂ ਲਈ ਲੜੇ ਹਨ ਅਤੇ ਲੜਦੇ ਰਹਿਣਗੇ, ਪਰ ਜਿਹੜੀਆਂ ਪਾਰਟੀਆਂ ਦਿੱਲੀ ਦੇ ਇਸ਼ਾਰੇ ’ਤੇ ਚੱਲਦੀਆਂ ਹਨ, ਉਹ ਕਦੇ ਵੀ ਪੰਜਾਬ ਦੇ ਹਿੱਤਾਂ ਬਾਰੇ ਸੋਚ ਨਹੀਂ ਸਕਦੀਆਂ।

ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਬਾਦਲ ਨੇ ਕਿਹਾ ਕਿ ਸੂਬੇ ਦੇ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਜਜ਼ਬਾਤਾਂ ਤੋਂ ਅਣਜਾਣ ਇਸ ਪਾਰਟੀ ਨੇ ਆਪਣੇ ਮੈਨੀਫੈਸਟੋ ਦੀ ਤੁਲਨਾ ਵੱਖ-ਵੱਖ ਧਰਮਾਂ ਦੇ ਗ੍ਰੰਥਾਂ ਨਾਲ ਕਰਨ ਤੋਂ ਇਲਾਵਾ ਮੈਨੀਫੈਸਟੋ ’ਤੇ ਦਰਬਾਰ ਸਾਹਿਬ ਦੀ ਫੋਟੋ ਅਤੇ ਨਾਲ ਹੀ ਝਾੜੂ ਲਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਆਗੂ ਹੁਣ ਅਕਾਲੀਆਂ ’ਤੇ ਇੱਟਾਂ-ਰੋੜੇ ਤੇ ਜੁੱਤੀਆਂ ਸੁੱਟਣ ਲਈ ਲੋਕਾਂ ਨੂੰ ਉਕਸਾ ਰਹੇ ਹਨ ਅਤੇ ਅੱਗੇ ‘ਗੋਲੀਆਂ ਮਾਰਨਗੇ’। ਬਾਦਲ ਨੇ ਦਿੜ੍ਹਬਾ ਹਲਕੇ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਮੂਨਕ ਵੱਲੋਂ ਕਬੱਡੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਹਲਕੇ ਦੇ ਲੋਕਾਂ ਨੂੰ ਇਸ ਸਿਆਸੀ ਖਿਡਾਰੀ ਨੂੰ ਜਿਤਾਉਣ ਦੀ ਅਪੀਲ ਕੀਤੀ।