ਸ੍ਰੀਨਗਰ: ਭਾਰਤੀ ਫੌਜੀ ਵੱਲੋਂ ਇੱਕ ਵਿਦਿਆਰਥਣ ਨਾਲ ਛੇੜਛਾੜ ਕਰਨ ਦੀ ਘਟਨਾਂ ਤੋਂ ਬਾਅਦ ਪਲਿਸ/ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਚਾਰ ਬੰਦਿਆਂ ਦੀ ਮੌਤ ਖਿਲਾਫ ਰੋਸ ਜ਼ਾਹਿਰ ਕਰ ਰਹੇ ਲੋਕਾਂ ‘ਤੇ ਫੌਜ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਹੋਰ ਬੰਦੇ ਦੀ ਮੌਤ ਹੋ ਗਈ ਜਦੋਂਕਿ ਤਿੰਨਾਂ ਦੇ ਹੋਰ ਜ਼ਖਮੀ ਹੋਣ ਦੀਆਂ ਖਬਰਾਂ ਹਨ।

19 ਸਾਲਾ ਕਸ਼ਮੀਰੀ ਨੌਜਵਾਨ ਆਰਿਫ ਦੀ ਜਿਲਾ ਹਸਪਤਾਲ ਵਿੱਚ ਗੋਲੀਆਂ ਦੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਮੋਤ ਹੋ ਗਈ।ਮੁਜ਼ਹਾਰਾਕਾਰੀਆਂ ‘ਤੇ 17 ਰਾਸ਼ਟਰੀ ਰਾਇਫਲ ਵੱਲੋਂ ਕੀਤੀ ਗੋਲੀਬਾਰੀ ਵਿੱਚ ਆਰਿਫ ਜਖਮੀ ਹੋ ਗਿਆ ਸੀ। ਸਰਕਾਰ ਨੇ ਕਸ਼ਮੀਰ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਹਨ।
ਜ਼ਿਲ੍ਹਾ ਕੁਪਵਾੜਾ ਦੇ ਹੰਦਵਾੜਾ ‘ਚ ਔਰਤ ਸਮੇਤ ਮਾਰੇ ਗਏ 4 ਲੋਕਾਂ ਦੇ ਰੋਸ ‘ਚ ਵੱਖਵਾਦੀਆਂ ਵੱਲੋਂ ਹੜਤਾਲ ਦੇ ਸੱਦੇ ਉਪਰੰਤ ਪੁਲਿਸ ਪ੍ਰਸ਼ਾਸਨ ਵਲੋਂ ਕੁਪਵਾੜਾ, ਹੰਦਵਾੜਾ ਸਮੇਤ ਸ੍ਰੀਨਗਰ ਦੇ 7 ਪੁਲਿਸ ਸਟੇਸ਼ਨਾਂ ‘ਤੇ ਪਾਬੰਦੀਆਂ ਕਾਰਨ ਵਾਦੀ ‘ਚ ਜਿੰਦਗੀ ਬੁਰੀ ਤਰ੍ਹਾਂ ਠੱਪ ਹੋਕੇ ਰਹਿ ਗਈ ਹੈ।
ਵੱਖਵਾਦੀ ਆਗੂ ਯਾਸੀਨ ਮਲਿਕ, ਸਈਦ ਅਲੀ ਸ਼ਾਹ ਗਿਲਾਨੀ, ਮੀਰ ਵਾਈਜ਼ ਉਮਰ ਫਰੂਕ ਆਦਿ ਆਗੂਆਂ ਨੇ ਮਾਰੇ ਗਏ ਲੋਕਾਂ ਦੇ ਰੋਸ ‘ਚ ਵੀਰਵਾਰ ਨੂੰ ਹੜਤਾਲ ਤੇ ਸ਼ੁਕਰਵਾਰ ਨੂੰ ਨਮਾਜ਼ ਦੇ ਬਾਅਦ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਦਾ ਐਲਾਨ ਕੀਤਾ ਸੀ।
ਹੰਦਵਾੜਾ, ਕੁਪਵਾੜਾ ਕਸਬਿਆਂ ਅਤੇ ਸ਼੍ਰੀ ਨਗਰ ਦੇ ਕੁੱਝ ਹਿੱਸਿਆਂ ਵਿੱਚ ਕਰਫਿਓੂ ਲਾ ਦਿੱਤਾ ਗਿਆ ਹੈ।